1947 ਵਿੱਚ ਉਜੜੇ ਬਜੁਰਗਾਂ ਨੂੰ ਆਪਣੀ ਜਨਮ ਭੂਮੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ : ਡਾ: ਗਾਂਧੀ
ਪਟਿਆਲਾ 19 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸ਼੍ਰੀਮਤੀ ਸ਼ੁਸ਼ਮਾ ਸਰਾਜ ਨੂੰ ਇੱਕ ਪੱਤਰ ਲਿਖਕੇ ਮੰਗ ਕੀਤੀ ਹੈ ਕਿ 1947 ਵਿੱਚ ਭਾਰਤ –ਪਾਕਿ ਵੰਡ ਦੌਰਾਨ ਉੱਜੜੇ ਲੱਖਾਂ ਲੋਕਾਂ ਵਿੱਚੋਂ ਬਚੇ ਹਜਾਰਾਂ ਲੋਕਾਂ ਨੂੰ ਅੱਜ ਵੀ ਆਪਣੀ ਜਨਮ ਭੂਮੀ ਅਤੇ ਆਪਣੇ ਯਾਰਾਂ ਬੇਲੀਆਂ ਤੋਂ ਵੱਖ ਹੋਣ, ਆਪਣੇ ਸਕੇ ਸਬੰਧੀ ਨੂੰ ਉਸ ਭਿਆਨਕ ਵੱਢ-ਟੁੱਕ ਤੇ ਕਤਲੇਆਮ ਵਿੱਚ ਖੋ ਜਾਣ ਦਾ ਦੁੱਖ ਅਤੇ ਪੀੜਾ ਭੁੱਲੀ ਨਹੀਂ।
ਉਹਨਾਂ ਲਿਖਿਆ ਹੈ ਕਿ ਬਾਰਡਰ ਦੇ ਦੋਹੇਂ ਪਾਸੇ ਅੱਜ ਵੀ ਉਹਨਾਂ ਲੋਕਾ ਦੇ ਜਖਮ ਰਿਸਦੇ ਹਨ ਅਤੇ ਆਪਣੀ ਜਨਮ ਭੁਮੀ ਦੇ ਦਰਸ਼ਨ ਕਰਨ ਦੀ ਡੂੰਘੀ ਤਾਂਘ ਮਨਾ ਵਿੱਚ ਸਮੋਈ ਹੋਈ ਹੈ। ਉਹਨਾਂ ਅਜਿਹੇ ਲੋਕਾਂ ਦੀ ਮਨਾਂ ਵਿੱਚ ਸਮੋਈ ਇਸ ਤਾਂਘ ਦੀ ਪੂਰਤੀ ਲਈ ਵਿਦੇਸ਼ ਮੰਤਰੀ ਤੋਂ ਅਜਿਹੇ ਲੋਕਾਂ ਨੂੰ ਦੋਹਾਂ ਦੇਸ਼ਾਂ ਦੀਆ ਸਰਕਾਰਾਂ ਵਲੋਂ ਘੱਟੋ ਘੱਟ ਉਮਰ ਦੇ ਇਸ ਆਖਰੀ ਪੜਾ ਵਿੱਚ ਪੁੱਜ ਚੁੱਕੇ ਅਜਿਹੇ ਬਜੁਰਗਾਂ ਇੱਕ ਸਹਾਇਕ ਸਮੇਤ ਆਪਣੀ ਜਨਮ ਭੂਮੀ ਦੇ ਦਰਸ਼ਨਾਂ ਦਾ ਇੱਕ ਮੌਕਾ ਜਰੂਰ ਦਿੱਤਾ ਜਾਵੇ। ਇਹ ਗੱਲ ਬਜੁਰਗਾਂ ਨੂੰ ਮਾਨਸਿਕ ਸਕੂਨ ਦੇਣ ਵਾਲੀ ਹੋਵੇਗੀ।
ਡਾ: ਗਾਂਧੀ ਨੇ ਵਿਦੇਸ਼ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਅਜਿਹੇ ਪ੍ਰਮਾਣਤ ਸ਼ਰਨਾਰਥੀਆਂ ਦੀ ਇਸ ਪ੍ਰਬਲ ਇੱਛਾਪੂਰਤੀ ਬਾਰੇ, ਜੋ ਸੰਸਾਰ ਨੂੰ ਅਲਵਿਦਾ ਕਹਿਣ ‘ਤੋਂ ਪਹਿਲਾਂ ਆਪਣੀ ਜਨਮ ਭੂਮੀ ਦੇ ਦਰਸ਼ਨ ਕਰਨ ਦੇ ਇਛੁਕ ਹਨ, ਕਿਸੇ ਇਕ ਮਦਦਗਾਰ ਸਾਥੀ ਸਮੇਤ, ਵੀਜ਼ਾ ਲਗਾਓਣ ਲਈ ਆਪਣੇ ਪਾਕਿਸਤਾਨੀ ਹਮ-ਰੁਤਬਾ ਨਾਲ ਜਰੂਰ ਚਰਚਾ ਕਰਨ, ਅਤੇ ਮਨੁੱਖੀ ਹਮਦਰਦੀ ਦੇ ਅਧਾਰ ‘ਤੇ ਅਜੇਹੇ ਸਾਰੇ ਲੋਕ ਲਈ ਵੀਜ਼ੇ ਦਾ ਪ੍ਰਬੰਧ ਕਰਵਾਕੇ ਦੇਣ ।
ੳਹਨਾਂ ਕਿਹਾ ਮੈਂ ਦੋਹਾਂ ਦੇਸ਼ਾਂ ਦੀਆਂ ਉਘੀਆਂ ਪੰਜਾਬੀ ਸ਼ਖ਼ਸ਼ੀਅਤਾਂ ਨਾਲ ਮਿਲਕੇ ਉਪ੍ਰੋਕਤ ਦਰਸਾਏ ਆਧਾਰ ‘ਤੇ, ਅਜਿਹੀ ਬੇਨਤੀ ਪਾਕਿਸਤਾਨ ਵਿਦੇਸ਼ ਮੰਤਰਾਲੇ ਨੂੰ ਕਰਨ ਲਈ ਵੀ ਤਿਆਰ ਹਾਂ, ਤਾਂਕਿ ਸਰਹੱਦ ਦੇ ਆਰ – ਪਾਰ ਹਜਾਰਾਂ ਆਸਵੰਦਾਂ ਦੀ ਇੱਛਾ ਪੂਰੀ ਹੋ ਸਕੇ, ਅਤੇ ਅਜੇਹੇ ਕਦਮਾਂ ਨਾਲ ਨਾ ਕੇਵਲ ਦੋਹਾਂ ਪੰਜਾਬਾਂ, ਬਲਕਿ ਭਾਰਤ ਅਤੇ ਪਾਕਿਸਤਾਨ ਵਿਚ ਵੀ ਦੁਵੱਲੇ ਸਬੰਧ ਅਤੇ ਦੋਸਤੀ ਮਜ਼ਬੂਤ ਹੋ ਸਕੇ ਅਤੇ ਸ਼ਾਂਤੀ ਦਾ ਮਹੌਲ ਬਣ ਸਕੇ। ਉਹਨਾਂ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਅਜਿਹਾ ਕਦਮ ਭਾਰਤੀ ਉਪ – ਮਹਾਂਦੀਪ ਦੇ ਦੇਸ਼ਾਂ ਦੇ ਲੋਕਾਂ ਅਤੇ ਹਕੂਮਤਾਂ ਵਿਚਕਾਰ ਪੁਲ ਉਸਾਰਨ ਦੇ ਕਾਰਜ ਨੂੰ ਵੀ ਅੱਗੇ ਵਧਾਏਗਾ

