ਸਿੱਖਿਆ ਸੰਸਥਾਵਾਂ ‘ਚ ਕੰਮਕਾਜ ਨੂੰ ਬੇਹਤਰ ਤੇ ਪਾਰਦਰਸ਼ਤਾ ਨਾਲ ਕਰਾਂਗੇ : ਡਾ. ਸਿੱਧੂ
ਡਾਇਰੈਕਟਰ ਐਜੂਕੇਸ਼ਨ ਨੇ ਕਾਲਜ ਪ੍ਰਿੰਸੀਪਲਾਂ ਨਾਲ ਕੀਤੀ ਪਲੇਠੀ ਮੀਟਿੰਗ
ਪਟਿਆਲਾ 22 ਅਗਸਤ (ਕੰਵਰ ਬੇਦੀ) ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵ-ਨਿਯੁਕਤ ਡਾਇਰੈਕਟਰ ਐਜੂਕੇਸ਼ਨ ਡਾ. ਜਤਿੰਦਰ ਸਿੰਘ ਸਿੱਧੂ ਵਲੋਂ ਆਪਣੇ ਅਹੁਦਾ ਸੰਭਾਲਣ ਉਪਰੰਤ ਕਾਲਜ ਪ੍ਰਿੰਸੀਪਲ ਸਾਹਿਬਾਨ ਨਾਲ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ) ਵਿਖੇ ਪਲੇਠੀ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਡਾ. ਤਜਿੰਦਰ ਕੌਰ ਧਾਲੀਵਾਲ, ਪ੍ਰਿੰਸੀਪਲ ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ ਨੇ ਸਮੂਹ ਪ੍ਰਿੰਸੀਪਲ ਸਾਹਿਬਾਨ ਵਲੋਂ ਡਾ. ਜਤਿੰਦਰ ਸਿੰਘ ਸਿੱਧੂ ਦਾ ਸਵਾਗਤ ਕਰਦਿਆਂ ਪੂਰਨ ਸਹਿਯੋਗ ਦੀ ਵਚਨਬੱਧਤਾ ਦੁਹਰਾਈ। ਡਾ. ਜਤਿੰਦਰ ਸਿੰਘ ਸਿੱਧੂ ਨੇ ਹਾਜ਼ਰ ਪ੍ਰਿੰਸੀਪਲ ਸਾਹਿਬਾਨ ਨਾਲ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਵਿਦਿਆ ਪ੍ਰਤੀ ਸੋਚ ਸਬੰਧੀ ਵਿਸਤਾਰ-ਪੂਰਵਕ ਚਾਨਣਾ ਪਇਆ। ਉਨ੍ਹਾਂ ਤਕਨਾਲੌਜੀ ਦੀ ਵਰਤੋਂ ਕਰਦਿਆਂ ਸੰਸਥਾਵਾਂ ਨੂੰ ਆਪਣੀ ਰੋਜ਼ਾਨਾ ਦੇ ਕੰਮਕਾਜ ਵਿੱਚ ਬੇਹਤਰੀ ਲਿਆਉਣ ਅਤੇ ਪਾਰਦਰਸ਼ਿਤਾ ਨਾਲ ਕੰਮ ਕਰਨ ਦੀ ਗੱਲ ਕੀਤੀ।
ਉਨ੍ਹਾਂ ਪ੍ਰਿੰਸੀਪਲ ਸਾਹਿਬਾਨ ਨੂੰ ਸਵੈ-ਨਿਰਭਰ ਬਣਾਉਣ ਲਈ ਹਰ ਸੰਭਵ ਯਤਨ ਕਰਨ ਲਈ ਪ੍ਰੇਰਿਆ। ਪ੍ਰਿਸੀਪਲ ਸਾਹਿਬਾਨ ਵੱਲੋਂ ਵਿਦਿਅਕ ਸੰਸਥਾਵਾਂ ਨਾਲ ਜੁੜੇ ਵੱਖੋ-ਵੱਖਰੇ ਮਸਲਿਆਂ ਸਬੰਧੀ ਆਪਣੇ ਵਿਚਾਰ ਅਤੇ ਸੁਝਾਅ ਦਿੱਤੇ ਗਏ ਜਿਨ੍ਹਾਂ ਉੱਪਰ ਡਾਇਰੈਕਟਰ ਸਾਹਿਬ ਨੇ ਬਣਦੀ ਕਾਰਵਾਈ ਹਰ ਹਾਲਤ ਵਿੱਚ ਕਰਨ ਸਬੰਧੀ ਕਿਹਾ ਹੈ। ਉਨਾਂ ਪ੍ਰਧਾਨ ਸਾਹਿਬ ਵੱਲੋਂ ਯਕੀਨ ਦਵਾਉਂਦਿਆਂ ਵਿਦਿਅਕ ਸੰਸਥਾਵਾਂ ਨਾਲ ਜੁੜੇ ਹਰ ਕੰਮ ਨੂੰ ਸਮਾਂ ਬੱਧ ਅਤੇ ਨਿਯਮਾਂ ਅਨੁਸਾਰ ਕਰਨ ਦਾ ਯਕੀਨ ਦੁਆਇਆ। ਉਨਾਂ ਕਿਹਾ ਕਿ ਨਿਕਟ ਭਵਿੱਖ ਵਿੱਚ ਉਹ ਵਿਅਕਤੀਗਤ ਤੌਰ ਤੇ ਹਰ ਕਾਲਜ ਦਾ ਅਚਨਚੇਤੀ ਦੌਰਾ ਕਰਨਗੇ ਤਾਂ ਜੋ ਸੰਸਥਾ ਨਾਲ ਜੁੜੇ ਹਰ ਮਸਲੇ ਨੂੰ ਮੌਕੇ ਤੇ ਜਾ ਕੇ ਸਮਝਿਆ ਜਾ ਸਕੇ। ਇਸ ਮੌਕੇ ਤੇ ਪਹਿਲਾਂ ਰਹੇ ਡਾਇਰੈਕਟਰ, ਡਾ. ਧਰਮਿੰਦਰ ਸਿੰਘ ਉੱਭਾ ਨੂੰ ਡਾ. ਜਤਿੰਦਰ ਸਿੰਘ ਸਿੱਧੂ, ਡਾ. ਕੁਲਦੀਪ ਸਿੰਘ ਬੱਲ ਅਤੇ ਸਮੂਹ ਪ੍ਰਿੰਸੀਪਲ ਸਾਹਿਬਾਨ ਵੱਲੋਂ ਉਨਾਂ ਵੱਲੋਂ ਨਿਭਾਈ ਗਈ ਸੇਵਾ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿੱਚ ਡਾ. ਪ੍ਰੀਤਮਹਿੰਦਰ ਪਾਲ ਸਿੰਘ, ਡਾ. ਸਤਵਿੰਦਰ ਸਿੰਘ ਢਿਲੋਂ, ਡਾ. ਜਤਿੰਦਰ ਕੌਰ, ਡਾ. ਕਸ਼ਮੀਰ ਸਿੰਘ, ਸ. ਸਿਮਰਜੀਤ ਸਿੰਘ, ਮੀਤ ਸਕੱਤਰ ਅਤੇ ਸਮੂਹ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਹਾਜ਼ਿਰ ਸਨ।

