ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਤ੍ਰਿਪੜੀ ‘ਚ ਵਿਕਾਸ ਕਾਰਜ ਸ਼ੁਰੂ
ਪਟਿਆਲਾ, 30 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵਿਧਾਨ ਸਭਾ ਹਲਕਾ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਵਿਕਾਸ ਕਾਰਜ ਹੋਣੇ ਸ਼ੁਰੂ ਹੋ ਗਏ ਹਨ।
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਯਤਨਾਂ ਸਦਕਾ ਬੁੱਧਵਾਰ ਨੂੰ ਤ੍ਰਿਪੜੀ ਇਲਾਕੇ ਦੀ ਥਾਣੇ ਵਾਲੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪੰਜਾਬ ਕਾਂਗਰਸ ਦੇ ਸਕੱਤਰ ਸੰਤ ਬਾਂਗਾ ਨੇ ਪਹੁੰਚ ਕੇ ਨਿਰਮਾਣ ਕਾਰਜ ਸ਼ੁਰੂ ਕਰਵਾਏ। ਇੰਟਰਲਾਕਿੰਗ ਟਾਇਲਾਂ ਨਾਲ ਬਣਨ ਵਾਲੀ ਇਸ ਸੜਕ ‘ਤੇ 14 ਲੱਖ 13 ਹਜ਼ਾਰ ਰੁਪਏ ਖਰਚ ਹੋਣਗੇ। ਕੰਮ ਸ਼ੁਰੂ ਕਰਵਾਉਣ ਮੌਕੇ ਬਲਾਕ ਕਾਂਗਰਸ ਪ੍ਰਧਾਨ ਨੰਦ ਲਾਲ ਗੁਰਾਬਾ, ਮਦਨ ਭਾਰਦਵਾਜ, ਰਾਕੇਸ਼ ਨਾਸਰਾ, ਅਸ਼ੋਕ ਚਾਵਲਾ, ਰਜਿੰਦਰ ਰਾਜੂ, ਭਗਵਾਨ ਦਾਸ ਚਾਵਲਾ, ਸੰਜੀਵ ਸ਼ਰਮਾ, ਸਤਪਾਲ ਨਾਸਰਾ, ਨਗਰ ਨਿਗਮ ਦੇ ਇਸ ਇਲਾਕੇ ਦੇ ਐਸ. ਡੀ. ਓ. ਨਰਾਇਣ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਮੌਕੇ ਸੰਤ ਬਾਂਗਾ ਨੇ ਕਿਹਾ ਕਿ ਅਕਾਲੀ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਪਟਿਆਲਾ ਸ਼ਹਿਰ ਅਤੇ ਖਾਸ ਕਰਕੇ ਪਟਿਆਲਾ ਦਿਹਾਤੀ ਹਲਕੇ ਨੂੰ ਅਣਗੋਲਿਆਂ ਰੱਖਿਆ ਗਿਆ। ਪਟਿਆਲਾ ਦੇ ਲੋਕਾਂ ਨੇ 10 ਸਾਲ ਨਰਕ ਭੋਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਪਟਿਆਲਾ ਵਿਚ ਵਿਕਾਸ ਦੀ ਗੰਗਾ ਸ਼ੁਰੂ ਕਰਵਾਈ ਜਾਵੇ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਹਲਕਿਆਂ ਦੀ ਕਾਇਆ ਕਲਪ ਹੋਵੇਗੀ। ਉਨ੍ਹਾਂ ਕਿਹਾ ਕਿ ਤ੍ਰਿਪੜੀ ਦੇ ਸਮੁੱਚੇ ਪਾਰਕਾਂ ਦੀ ਡਿਵੈਲਪਮੈਂਟ ਲਈ ਸ਼੍ਰੀ ਬ੍ਰਹਮ ਮਹਿੰਦਰਾ ਨੇ ਸਪੈਸ਼ਲ ਪ੍ਰੋਜੈਕਟ ਬਣਾਉਣ ਲਈ ਨਗਰ ਨਿਗਮ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਤ੍ਰਿਪੜੀ ਟੈਂਕੀ ਤੋਂ ਸ਼ੰਕਰ ਕਰਿਆਨਾ ਤੱਕ ਜਾਂਦੀ ਸੜਕ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸੜਕ ਦੇ ਨਿਰਮਾਣ ‘ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਬਾਂਗਾ ਨੇ ਕਿਹਾ ਕਿ ਤ੍ਰਿਪੜੀ ਟੈਂਕੀ ਤੋਂ ਡਿਸਪੈਂਸਰੀ ਵਾਲੀ ਸੜਕ ਲਈ ਵੀ 8 ਲੱਖ ਰੁਪਏ ਕੈਬਨਿਟ ਮੰਤਰੀ ਨੇ ਮਨਜ਼ੂਰ ਕਰਵਾ ਦਿੱਤੇ ਹਨ। ਇਨ੍ਹਾਂ ਦੋਨੋ ਸੜਕਾਂ ਦਾ ਕੰਮ ਜਲਦੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜੇ 6 ਮਹੀਨੇ ਵੀ ਪੂਰੇ ਨਹੀਂ ਹੋਏ, ਇਸ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਅਕਾਲੀ ਭਾਜਪਾ ਸਰਕਾਰ ਪੰਜਾਬ ਨੂੰ ਆਰਥਿਕ ਤੌਰ ‘ਤੇ ਕੰਗਾਲ ਕਰ ਗਈ ਸੀ। ਕਾਂਗਰਸ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਰਾਜ ਦੇ ਆਰਥਿਕ ਹਾਲਾਤਾਂ ਨੂੰ ਠੀਕ ਕਰਦੇ ਹੋਏ ਹੁਣ ਵਿਕਾਸ ਦੀ ਗੱਡੀ ਤੋਰ ਦਿੱਤੀ ਹੈ। ਆਉਣ ਵਾਲੇ ਦੋ ਸਾਲਾਂ ਵਿਚ ਵੱਡੀ ਗਿਣਤੀ ਵਿਚ ਵਿਕਾਸ ਕਾਰਜ ਹੋਣਗੇ। ਕਾਂਗਰਸ ਸਰਕਾਰ ਦਾ ਸਭ ਤੋਂ ਵੱਡਾ ਲਾਭ ਪਟਿਆਲਾ ਸ਼ਹਿਰੀ ਅਤੇ ਪਟਿਆਲਾ ਦਿਹਾਤੀ ਹਲਕੇ ਨੂੰ ਮਿਲੇਗਾ ਕਿਉਂਕਿ ਇਨ੍ਹਾਂ ਦੋ ਹਲਕਿਆਂ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਮਦਦ ਕੀਤੀ ਹੈ ਅਤੇ ਲਗਾਤਾਰ ਕਾਂਗਰਸ ਦੇ ਵਿਧਾਇਕ ਇਥੋਂ ਬਣਦੇ ਰਹੇ ਹਨ।

