ਪਲਾਸਟਿਕ ਦੀ ਵਰਤੋਂ ਖਿਲਾਫ ਪ੍ਰਤੀਯੋਗਤਾ ਰਾਹੀਂ ਜਾਗਰੂਕ ਕਰਨਾ ਸ਼ਲਾਘਾਯੋਗ : ਜਯੋਤੀ ਸਿੰਘ
ਪਟਿਆਲਾ, 1 ਸਤੰਬਰ (ਮਧੂਸਾਰ ਬਿਊਰੋ) ਪਲਾਸਟਿਕ ਦੀ ਵਰਤੋਂ ਨਾਲ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਇਹ ਪਲਾਸਟਿਕ ਹੜ੍ਹਾਂ ਦਾ ਕਾਰਨ ਵੀ ਬਣ ਰਹੇ ਹਨ, ਜਦਕਿ ਅਸੀਂ ਪਲਾਸਟਿਕ ਦੀਆਂ ਜਿਨ੍ਹਾਂ ਥੈਲੀਆਂ ‘ਚ ਆਪਣੇ ਘਰਾਂ ਦਾ ਕੂੜਾ ਕਰਕਟ ਬਾਹਰ ਸੁੱਟਦੇ ਹਾਂ। ਉਨ੍ਹਾਂ ਨੂੰ ਪਸ਼ੂ ਵਗੈਰਾ ਖਾ ਕੇ ਬਿਮਾਰ ਹੁੰਦੇ ਹਨ।
ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਇਥੇ ਡੀ.ਏ.ਵੀ. ਸਕੂਲ ਵਿਚ ਪਲਾਸਟਿਕ ਦੀ ਵਰਤੋਂ ਦੇ ਖਿਲਾਫ ਜਿਹੜੀ ਪੇਂਟਿੰਗ ਪ੍ਰਤੀਯੋਗਤਾ ਕਰਵਾਈ ਹੈ, ਉਹ ਅਤਿਅੰਤ ਹੀ ਸ਼ਲਾਘਾਯੋਗ ਕਦਮ ਹੈ। ਇਹ ਵਿਚਾਰ ਸ੍ਰੀਮਤੀ ਜਯੋਤੀ ਸਿੰਘ ਪ੍ਰਧਾਨ ਹਸਪਤਾਲ ਭਲਾਈ ਸ਼ਾਖਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਸਮੇਂ ਪ੍ਰਗਟਾਏ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਐਸ.ਆਰ. ਪ੍ਰਭਾਕਰ ਨੇ ਕਿਹਾ ਕਿ ਸੁਸਾਇਟੀ ਸਮਾਜ ਵਿਚ, ਖੂਨਦਾਨ ਕੈਂਪ, ਮੈਡੀਕਲ ਕੈਂਪ, ਅੱਖਾਂ ਦੀ ਜਾਂਚ ਲਈ ਕੈਂਪ, ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਨੂੰ ਮੱਦੇਨਜ਼ਰ ਰੱਖਦੇ ਹੋਏ ਵਧੀਆ ਕੰਮ ਕਰ ਰਹੀ ਹੈ। ਇਸ ਦੇ ਲਈ ਸ੍ਰੀ ਵਿਜੈ ਕੁਮਾਰ ਗੋਇਲ ਪ੍ਰਸੰਸਾ ਦੇ ਪਾਤਰ ਹਨ। ਪਲਾਸਟਿਕ ਦੀ ਵਰਤੋਂ ਦੇ ਖਿਲਾਫ ਬੱਚਿਆਂ ਰਾਹੀਂ ਜਨਤਾ ਵਿਚ ਉਤਮ ਸੰਦੇਸ਼ ਪਹੁੰਚਾਉਂਦਾ ਹੈ।
ਇਸੇ ਲਈ ਇਹ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ ਹੈ। ਸ੍ਰੀ ਵਿਜੈ ਕੁਮਾਰ ਗੋਇਲ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮਦਦ ਨਾਲ ਕਰਵਾਏ ਗਏ ਇਸ ਮੁਕਾਬਲੇ ਵਿਚ ਤਾਨੀਆ, ਜਸਲੀਨ ਪਹਿਲੇ, ਨਿਤਿਕਾ ਸੈਣੀ ਦੂਜੇ ਅਤੇ ਚਹਿਕ ਧੀਮਾਨ ਤੀਜੇ ਸਥਾਨ ‘ਤੇ ਰਹੇ, ਜਦਕਿ ਤਮੰਨਾ ਅਤੇ ਖੁਸ਼ਲੀਨ ਕੌਰ ਨੂੰ ਕੰਸੋਲੇਸ਼ਨ ਅਵਾਰਡ ਦਿੱਤੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪਲਾਸਟਿਕ ਦੇ ਬੰਦਲੇ ਜੂਟ ਦੇ ਥੈਲੇ ਇਸਤੇਮਾਲ ਕਰਨੇ ਚਾਹੀਦੇ ਹਨ। ਇਸ ਮੌਕੇ ‘ਤੇ ਰਣਜੀਤ ਕੌਰ ਅਧਿਆਪਕਾ ਡੀ.ਏ.ਵੀ. ਸਕੂਲ, ਸ੍ਰੀ ਦੇਵੀ ਦਿਆਲ ਗੋਇਲ, ਸ੍ਰੀ ਹਰਬੰਸ ਬਾਂਸਲ ਵਾਇਸ ਪ੍ਰਧਾਨ, ਸ੍ਰੀ ਰਮੇਸ਼ ਸ਼ਰਮਾ, ਸ੍ਰੀ ਰਾਕੇਸ਼ ਜਿੰਦਲ, ਸ੍ਰੀ ਸੁਖਦੇਵ ਕੋਸ਼ਲ, ਉਨ੍ਹਾਂ ਦੀ ਪਤਨੀ ਅਤੇ ਸਕੂਲ ਸਟਾਫ ਵੀ ਮੌਜੂਦ ਸਨ।

