ਪੰਜਾਬਪਟਿਆਲਾ

ਪ੍ਰੋ. ਚੰਦੂਮਾਜਰਾ ਬੇਹਤਰੀਨ ਕਾਰਗੁਜ਼ਾਰੀ ਵਾਲੇ ਪਹਿਲੇ ੩੦ ਲੋਕ ਸਭਾ ਮੈਂਬਰਾਂ ਵਿਚ ਸ਼ੁਮਾਰ

ਚੰਡੀਗੜ੍ਹ, ੨ ਅਗਸਤ: ਪੰਜਾਬ ਦੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਪਾਰਲੀਮੈਂਟ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸੂਬੇ ਦੇ ਇੱਕੋ ਇੱਕ ਲੋਕ ਸਭਾ ਮੈਂਬਰ ਹਨ ਜਿਹੜੇ ਆਪਣੀ ਬਿਹਤਰੀਨ ਕਾਰਗੁਜ਼ਾਰੀ ਕਰ ਕੇ ਮੁਲਕ ਦੇ ਉਹਨਾਂ ੩੦ ਲੋਕ ਸਭਾ ਮੈਂਬਰਾਂ ਵਿਚ ਸ਼ੁਮਾਰ ਹਨ ਜਿਨ੍ਹਾਂ ਦੀ ਪਿਛਲੇ ਵਰ੍ਹੇ ਦੌਰਾਨ ਕਾਰਗੁਜ਼ਾਰੀ ਬਹੁਤ ਚੰਗੀ ਰਹੀ ਹੈ।

ਪ੍ਰਸਿੱਧ ਨਿਊਜ਼ ਮੈਗਜ਼ੀਨ ਏਸ਼ੀਆ ਪੋਸਟ ਵਲੋਂ ਕੀਤੇ ਗਏ ਸਰਵੇਖਣ ਵਿੱਚ ਆਪਣੇ ਹਲਕੇ ਦੇ ਲੋਕਾਂ ਨਾਲ ਰਾਬਤਾ ਰੱਖਣ, ਕੰਮ ਕਰਨ ਦਾ ਢੰਗ, ਸ਼ਖ਼ਸੀਅਤ, ਅਸਰ, ਪ੍ਰਭਾਵ, ਅਕਸ, ਪਛਾਣ, ਲੋਕ ਸਭਾ ਵਿਚ ਹਾਜ਼ਰੀ, ਸਦਨ ਦੀ ਕਾਰਵਾਈ ਵਿਚ ਹਿੱਸਾ, ਨਿੱਜੀ ਬਿਲ ਪੇਸ਼ ਕਰਨ, ਸਵਾਲ ਪੁੱਛਣ ਅਤੇ ਐਮ.ਪੀ. ਲੈਡ. ਸਕੀਮ ਅਧੀਨ ਮਿਲੇਨ ਫੰਡਾਂ ਦੀ ਵਰਤੋਂ ਨੂੰ ਅਧਾਰ ਬਣਾਇਆ ਗਿਆ ਸੀ।
ਜ਼ਿਕਰ ਕਰਨਾ ਬਣਦਾ ਹੈ ਕਿ ਪ੍ਰੋ. ਚੰਦੂਮਾਜਰਾ ਨੇ ਇਹ ਵਿਲੱਖਣ ਪ੍ਰਾਪਤੀ ਲਗਾਤਾਰ ਦੂਜੀ ਵਾਰ ਪ੍ਰਾਪਤ ਕੀਤੀ ਹੈ। ਪਿਛਲੇ ਵਰ੍ਹੇ ਵੀ ਉਹ ਕਾਰਗੁਜ਼ਾਰੀ ਪੱਖੋਂ ਪੰਜਾਬ ਵਿਚ ਪਹਿਲੇ ਅਤੇ ਉੱਤਰੀ ਭਾਰਤ ਵਿਚ ਪਹਿਲੇ ਤਿੰਨ ਲੋਕ ਸਭਾ ਮੈਂਬਰਾਂ ਵਿਚ ਸ਼ੁਮਾਰ ਸਨ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸੂਬੇ ਦੇ ਇੱਕੋ ਇੱਕ ਅਜਿਹੇ ਲੋਕ ਸਭਾ ਮੇਂਬਰ ਹਨ ਜਿਹੜੇ ਸਦਨ ਵਿਚ ਕੌਮੀ ਮਸਲਿਆਂ ਉੱਤੇ ਹੁੰਦੀ ਹਰ ਬਹਿਸ ਵਿਚ ਸਰਗਰਮ ਸ਼ਮੂਲੀਅਤ ਕਰਦੇ ਹਨ ਅਤੇ ਉਹਨਾਂ ਦੀ ਇਹ ਕਾਰਗੁਜ਼ਾਰੀ ਸਿਰਫ਼ ਇਸ ਸਾਲ ਜਾਂ ਇਸ ਮਿਆਦ ਦੌਰਾਨ ਹੀ ਨਹੀਂ ਬਲਕਿ ਉਹਨਾਂ ਦੀ ਹਰ ਮਿਆਦ ਵਿਚ ਵੇਖਣ ਨੂੰ ਮਿਲਦੀ ਰਹੀ ਹੈ।
ਲੋਕ ਸਭਾ ਵਿਚ ਉਹਨਾਂ ਵਲੋਂ ਪੰਜਾਬ ਨਾਲ ਸਬੰਧਤ ਜਿਹੜੇ ਮੁੱਦੇ ਬਹੁਤ ਜ਼ੋਰ ਨਾਲ ਉਠਾਏ ਗਏ ਹਨ ਉਹਨਾਂ ਵਿਚ ਕਿਸਾਨੀ, ਖੇਤੀ, ਧਾਰਮਿਕ, ਸਿਆਸੀ, ਸਮਾਜਿਕ ਅਤੇ ਆਪਣੇ ਹਲਕੇ ਅਨੰਦਪੁਰ ਸਾਹਿਬ ਨਾਲ ਸਬੰਧਤ ਮਸਲੇ ਸ਼ਾਮਲ ਹਨ। ਸੂਬੇ ਦੇ ਕੰਢੀ ਖੇਤਰ ਦੇ ਕਿਸਾਨਾਂ ਨੂੰ ਜੰਗਲੀ ਜਾਨਵਰਾਂ ਵਲੋਂ ਕੀਤੇ ਜਾਂਦੇ ਫਸਲਾਂ ਦਾ ਨੁਕਸਾਨ ਹਰ ਵਰ੍ਹੇ ਸਹਿਣਾ ਪੈਂਦਾ ਹੈ। ਉਹ ਲੋਕ ਸਭਾ ਵਿਚ ਕਈ ਵਾਰ ਇਹ ਮਾਮਲਾ ਉਠਾ ਕੇ ਕੇਂਦਰ ਸਰਕਾਰ ਉੱਤੇ ਜ਼ੋਰ ਪਾ ਚੁੱਕੇ ਹਨ ਕਿ ਇਸ ਮਸਲੇ ਦੇ ਹੱਲ ਲਈ ਕਿਸਾਨਾਂ ਨੂੰ ਵਿਸ਼ੇਸ ਆਰਥਿਕ ਸਹਾਇਤਾ ਦਿੱਤੀ ਜਾਵੇ ਜਿਸ ਨਾਲ ਉਹ ਆਪਣੇ ਖੇਤਾਂ ਦੁਆਲੇ ਕੰਢਿਆਲੀ ਤਾਰ ਲਾ ਸਕਣ। ਅਨੰਦਪੁਰ ਸਾਹਿਬ ਨੂੰ ਮੁਲਕ ਦੀ ਧਾਰਮਿਕ ਸੈਰ ਸਪਾਟੇ ਦੀ ਹੱਬ ਵਜੋਂ ਵਿਕਸਤ ਕਰਨ ਲਈ ਵੀ ਕੇਂਦਰ ਸਰਕਾਰ ਊੱਤੇ ਜ਼ੋਰ ਪਾ ਚੁੱਕੇ ਹਨ।
ਸਰਵੇਖਣ ਵਿਚ ਸਾਹਮਣੇ ਆਏ ਅੰਕੜਿਆਂ ਅਨੁਸਾਰ ਪ੍ਰੋ. ਚੰਦੂਮਾਜਰਾ ਐਮ.ਪੀ. ਲੋਕਲ ਏਰੀਆ ਡਿਵੈਲਪਮੈਂਟ ਸਕੀਮ ਤਹਿਤ ਫੰਡਾਂ ਦੀ ਵਰਤੋਂ ਕਰਨ ਵਿਚ ਸੂਬੇ ਵਿਚ ਪਹਿਲੇ ਸਥਾਨ ਉੱਤੇ ਰਹੇ ਹਨ।

Leave a Reply

Your email address will not be published. Required fields are marked *