ਪਟਿਆਲਾ

ਸਖ਼ਤ ਮਿਹਨਤ ਕਰਨ ਤੇ ਵਿਹਲੇ ਸਮੇਂ ਨੂੰ ਸਹੀ ਥਾਂ ‘ਤੇ ਲਗਾਉਣ ਦੀ ਲੋੜ : ਡਾ: ਸੰਗੀਤਾ ਹਾਂਡਾ

ਪਟਿਆਲਾ, 5 ਸਤੰਬਰ (ਮਧੂਸਾਰ ਬਿਊਰੋ) ਅਧਿਆਪਕ ਦਿਵਸ ਮੌਕੇ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ: ਸੰਗੀਤਾ ਹਾਂਡਾ ਵੱਲੋਂ ਕਾਲਜ ਵਿਖੇ ਆਪਣਾ ਆਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਵਿਦਿਆਰਥੀਆਂ ਨਾਲ ਰੂਬਰੂ ਹੁੰਦੇ ਹੋਏ ਪ੍ਰੇਰਣਾਦਾਇਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਡਾ: ਰਾਧਾਕ੍ਰਿਸ਼ਨਨ ਜੀ ਦੀ ਤਸਵੀਰ ਅੱਗੇ ਫੁੱਲ ਚੜਾਉਂਦੇ ਹੋਏ ਸਰਧਾਂਜਲੀ ਭੇਂਟ ਕੀਤੀ ਗਈ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਿੰਸੀਪਲ ਡਾ: ਸੰਗੀਤਾ ਹਾਂਡਾ ਨੇ ਕਿਹਾ ਕਿ ਅੱਜ ਤਕਨਾਲੌਜੀ ਦਾ ਯੁੱਗ ਹੋਣ ਕਾਰਨ ਨੌਜਵਾਨ ਪੀੜ੍ਹੀ ਇਸ ਨਾਲ ਜ਼ਿਆਦਾ ਜੁੜ ਚੁੱਕੀ ਹੈ ਤੇ ਸਾਹਿਤਕ ਗਿਆਨ ਜਾਂ ਨੌਜਵਾਨਾਂ ਨੂੰ ਸਮਝਦਾਰ ਅਤੇ ਸਿਆਣਾ ਬਣਾਉਣ ਵਾਲਾ ਗਿਆਨ ਉਨ੍ਹਾਂ ਤੋਂ ਦੂਰ ਜਾ ਚੁੱਕਾ ਹੈ। ਅੱਜ ਨੌਜਵਾਨ ਆਪਣਾ ਕੀਮਤੀ ਸਮਾਂ ਮੋਬਾਇਲ ਫੋਨ, ਵਟਸਅੱਪ ਜਾਂ ਹੋਰ ਸਾਇਟਾਂ ‘ਤੇ ਖਰਚ ਕਰ ਰਹੇ ਹਨ। ਜਿਸ ਕਾਰਨ ਨੌਜਵਾਨਾਂ ਦਾ ਦਿਮਾਗੀ ਪੱਧਰ ਬਹੁਤ ਹੀ ਹੇਠਲੇ ਪੱਧਰ ‘ਤੇ ਆ ਪਹੁੰਚਿਆ ਹੈ। ਜਿਸ ਸਮੇਂ ਨੂੰ ਪੜ੍ਹਾਈ ਕਰਨ, ਮਿਹਨਤ ਕਰਨ ਜਾਂ ਗਿਆਨ ਹਾਸਲ ਕਰਨ ਵਿੱਚ ਲਗਾਉਣਾ ਚਾਹੀਦਾ ਸੀ, ਉਹ ਸਮਾਂ ਅਜਾਂਈ ਜਾ ਰਿਹਾ ਹੈ। ਅੱਜ ਮੁਕਾਬਲੇ ਦੇ ਯੁੱਗ ਵਿੱਚ ਸਮਝ ਅਤੇ ਗਿਆਨ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਦੀ ਘਾਟ ਕਾਰਨ ਹੀ ਨੌਜਵਾਨ ਨੌਕਰੀ ਲੈਣ ਲਈ ਦਿੱਤੇ ਜਾਣ ਵਾਲੇ ਟੈਸਟਾਂ ਜਾਂ ਹੋਰ ਮੁਕਾਬਲਿਆਂ ਵਿੱਚ ਫੇਲ੍ਹ ਸਾਬਿਤ ਹੋ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਪੜ੍ਹੀ ਲਿਖੀ ਤੇ ਸੂਝਵਾਨ ਨੌਜਵਾਨ ਪੀੜ੍ਹੀ ਜ਼ਰੂਰਤ ਹੁੰਦੀ ਹੈ, ਜਿਸ ਕੌਮ ਦੀ ਨੌਜਵਾਨ ਪੀੜ੍ਹੀ ਕੁਰਾਹੇ ਪੈ ਜਾਵੇ। ਉਸ ਦੇਸ਼ ਅੰਦਰ ਤਰੱਕੀ ਦਾ ਪੱਧਰ ਬਹੁਤ ਘੱਟ ਜਾਂਦਾ ਹੈ। ਨੌਜਵਾਨ ਪੀੜ੍ਹੀ ਅੱਜ ਨਸ਼ਿਆਂ, ਲੜਾਈਆਂ ਝਗੜਿਆਂ, ਲੁੱਟ ਖੋਹਾਂ ਆਦਿ ਵਿੱਚ ਫਸ ਚੁੱਕੀ ਹੈ। ਜਿਸ ਦੀਆਂ ਉਦਾਹਰਣਾਂ ਹਰ ਰੋਜ਼ ਸਾਨੂੰ ਦੇਖਣ ਨੂੰ ਮਿਲਦੀਆਂ ਹਨ। ਘਰ ਤੋਂ ਸ਼ੁਰੂ ਹੋ ਕੇ ਸਕੂਲ, ਕਾਲਜ ਤੇ ਫਿਰ ਯੂਨੀਵਰਸਟੀ ਤੱਕ ਇੱਕ ਬੱਚਾ ਆਪਣੀ ਪੜ੍ਹਾਈ ਜਿਵੇਂ ਕਿਵੇਂ ਪੂਰੀ ਕਰ ਲੈਂਦਾ ਹੈ ਪਰ ਜਿੰਦਗੀ ਦੀਆਂ ਕਦਰਾਂ ਕੀਮਤਾਂ, ਸਸਕਾਰ, ਫੈਸਲੇ ਲੈਣ ਦੀ ਸਮੱਰਥਾ, ਰਹਿਣ ਸਹਿਣ, ਵੱਡਿਆਂ ਦਾ ਆਦਰ ਸਤਿਕਾਰ ਆਦਿ ਗੁਰ ਅੱਜ ਹਵਾ ਹੋ ਰਹੇ ਹਨ। ਜਿਨ੍ਹਾਂ ਨੂੰ ਅਪਣਾਉਣ ਦੇ ਅਹਿਮ ਲੋੜ ਹੈ ਤੇ ਭਟਕੀ ਹੋਈ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ ‘ਤੇ ਲਿਆਉਣ ਦੀ ਜ਼ਰੂਰਤ ਹੈ। ਕਿਉਂਕਿ ਮਾਂ ਬਾਪ ਭਾਰੀਆਂ ਫੀਸਾਂ ਭਰ ਕੇ ਆਪਣੇ ਬੱਚਿਆਂ ਨੂੰ ਪੜ੍ਹਨ ਕਿਸੇ ਸੰਸਥਾ ਵਿੱਚ ਭੇਜਦੇ ਹਨ। ਪਰ ਉਸ ਪੈਸੇ ਦਾ ਸਹੀ ਰੂਪ ਵਿੱਚ ਉਪਯੋਗ ਨਹੀਂ ਹੋ ਰਿਹਾ। ਡਾ: ਹਾਂਡਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਮੇਸ਼ਾਂ ਵਧੀਆ ਸੋਚੋ ਤੇ ਦੂਜਿਆਂ ਦੀ ਬਜਾਏ ਸਿਰਫ ਆਪਣੇ ਉਪਰ ਧਿਆਨ ਕੇਂਦਰਤ ਕਰਕੇ ਆਪਣੇ ਆਪ ਦਾ ਵਿਕਾਸ ਕਰਨ ਦੀ ਲੋੜ ਹੈ। ਇਸੇ ਦੇ ਨਾਲ ਹੀ ਸਖ਼ਤ ਮਿਹਨਤ ਕਰਨ ਤੇ ਵਿਹਲੇ ਸਮੇਂ ਨੂੰ ਸਹੀ ਥਾਂ ‘ਤੇ ਲਗਾਉਣ ਦੀ ਲੋੜ ਹੈ ਤਾਂ ਜੋ ਆਪਣੀ ਜਿੰਦਗੀ ਵਿੱਚ ਕਾਮਯਾਬੀ ਹਾਸਲ ਕੀਤੀ ਜਾ ਸਕੇ। ਪ੍ਰੋਗਰਾਮ ਦੇ ਆਖੀਰ ਵਿੱਚ ਪ੍ਰਿੰਸੀਪਲ ਡਾ: ਹਾਂਡਾ ਨੇ ਵਿਦਿਆਰਥੀਆਂ ਨੂੰ ਆਪਣਾ ਮੋਬਾਇਲ ਨੰਬਰ ਦਿੱਤਾ ਤਾਂ ਜੋ ਉਹ ਪ੍ਰਿੰਸੀਪਲ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦੇ ਸਕਣ। ਵਿਦਿਆਰਥੀਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਪ੍ਰਿੰਸੀਪਲ ਜੀ ਨੂੰ ਦੱਸਿਆ ਜਿਨ੍ਹਾਂ ਨੂੰ ਹੱਲ ਕਰਨ ਦਾ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਅਤੇ ਅਗਾਂਹ ਵੀ ਇਸੇ ਤਰ੍ਹਾਂ ਦੇ ਪ੍ਰੇਰਣਾਦਾਇਕ ਪ੍ਰ੍ਰੋਗਰਾਮ ਕਰਵਾਉਂਦੇ ਰਹਿਣ ਦਾ ਵਿਦਿਆਰਥੀਆਂ ਨਾ ਵਾਅਦਾ ਕੀਤਾ ਗਿਆ।

Leave a Reply

Your email address will not be published. Required fields are marked *