ਪਟਿਆਲਾ

ਖ਼ਾਲਸਾ ਕਾਲਜ ਵਿਖੇ ਕਾਨੂੰਨੀ ਜਾਗਰੂਕਤਾ ਵਿਸ਼ੇ ‘ਤੇ ਸੈਮੀਨਾਰ

ਪਟਿਆਲਾ 6 ਸਤੰਬਰ (ਮਧੂਸਾਰ ਬਿਊਰੋ) ਕਾਲਜ ਵਿਖੇ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਖ਼ਾਲਸਾ ਕਾਲਜ ਦੇ ਸਾਂਝੇ ਯਤਨਾਂ ਸਦਕਾ ਕਾਨੂੰਨੀ ਜਾਗਰੂਕਤਾ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਅਸ਼ੀਸ਼ ਕੁਮਾਰ ਬਾਂਸਲ, ਸੀ.ਜੇ.ਐਮ./ ਸੈਕਟਰੀ ਅਤੇ ਸ੍ਰੀ ਸ਼ਿਵਨ ਸ਼ਰਮਾ ਵਕੀਲ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੇ ਸ਼ਿਰਕਤ ਕੀਤੀ।

ਸ੍ਰੀ ਅਸ਼ੀਸ਼ ਕੁਮਾਰ ਬਾਂਸਲ ਨੇ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਉਨ੍ਹਾਂ ਸਾਰੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਜੋ ਕਿ ਸਮਾਜ ਵਿੱਚ ਆਰਥਿਕ ਤੌਰ ਤੇ ਕਮਜੋਰ, ਦੱਬੇ ਕੁਚਲੇ ਵਰਗ, ਬੱਚੇ ਅਤੇ ਇਸਤਰੀਆਂ ਵਜੋਂ ਕਿਸੇ ਨਾ ਕਿਸੇ ਅਪਰਾਧ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਨੇ ੨੦੦੭ ਵਿੱਚ ਬਣੇ ਇਸ ਐਕਟ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਲੋਕ ਜਾਗਰੂਕ ਨਾ ਹੋਣ ਕਾਰਨ ਬਹੁਤ ਸਾਰੇ ਗੈਰ ਸਮਾਜਕ ਤੱਤਾਂ ਦੇ ਹੱਥਾਂ ਵਿੱਚ ਆ ਕੇ ਅਪਰਾਧ ਕਰ ਲੈਂਦੇ ਹਨ ਜਿਸ ਦੀ ਸਜ਼ਾ ਉਨ੍ਹਾਂ ਲੋਕਾਂ ਨੂੰ ਭੁਗਤਣੀ ਪੈਂਦੀ ਹੈ। ਇਸ ਤੋਂ ਇਲਾਵਾ ਮੁੱਖ ਮਹਿਮਾਨ ਨੇ ਸਾਈਬਰ ਕ੍ਰਾਈਮ, ਸੀਨੀਅਰ ਸਿਟੀਜ਼ਨ, ਬੱਚਿਆਂ ਅਤੇ ਔਰਤਾਂ ਸਬੰਧੀ, ਮਜਦੂਰ ਭਲਾਈ ਬੋਰਡ ਅਤੇ ਹੋਰ ਕਾਨੂੰਨਾਂ ਬਾਰੇ ਖੁੱਲ ਕੇ ਚਰਚਾ ਕੀਤੀ ਅਤੇ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਇਨ੍ਹਾਂ ਸਭ ਪਹਿਲੂਆਂ ਤੇ ਬੜੀ ਸ਼ਿੱਦਤ ਨਾਲ ਕੰਮ ਕਰ ਰਹੀ ਹੈ।
ਇਸ ਸੈਮੀਨਾਰ ਵਿੱਚ ਸ੍ਰੀ ਸ਼ਿਵਨ ਸ਼ਰਮਾ ਨੇ ਕਿਹਾ ਕਿ ਇਸ ਸੰਸਥਾ ਵਿੱਚ ਸਮਝੌਤਾ ਸਦਨ ਵੀ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਦੋਨੋ ਧਿਰਾਂ ਬੈਠ ਕੇ ਵਿਚੋਲਿਆਂ ਦੀ ਸਹਾਇਤਾ ਨਾਲ ਰਾਜੀਨਾਮਾ ਕਰ ਸਕਦੇ ਹਨ ਜੋ ਕਿ ਕਾਨੂੰਨੀ ਤੌਰ ਤੇ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਅਥਾਰਟੀ ਵਿੱਚ ਜਰੂਰਤਮੰਦ ਲੋਕਾਂ ਲਈ ਸਰਕਾਰੀ ਵਕੀਲਾਂ ਦੀ ਵਿਵਸਥਾ ਮੁਫ਼ਤ ਵਿੱਚ ਕੀਤੀ ਜਾਂਦੀ ਹੈ।
ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ, ਖ਼ਾਲਸਾ ਕਾਲਜ, ਪਟਿਆਲਾ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਸਾਨੂੰ ਕਾਨੂੰਨ ਦੀ ਸਹੀ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਕਾਨੂੰਨੀ ਤੌਰ ‘ਤੇ ਜਾਗਰੂਕ ਹੋਵਾਂਗੇ ਤਾਂ ਅਸੀਂ ਅਪਰਾਧਾਂ ਤੋਂ ਬਚ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਕ ਨਰੋਏ ਸਮਾਜ ਦੀ ਸਿਰਜਣਾ ਵਿੱਚ ਅਪਰਾਧ ਮੁਕਤ ਸਮਾਜ ਦਾ ਹੋਣਾ ਜ਼ਰੂਰੀ ਹੈ।
ਸੈਮੀਨਾਰ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਪ੍ਰੋ. ਜਤਿੰਦਰ ਸਿੰਘ ਭੁਟਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਪਣੇ ਅਧਿਕਾਰਾਂ ਲਈ ਜਾਗਰੂਕ ਹੋਣਾ ਸਮੇਂ ਦੀ ਵੱਡੀ ਲੋੜ ਹੈ ਅਤੇ ਸਾਨੂੰ ਸਵਿਧਾਨ ਵਿੱਚ ਦਿੱਤੇ ਹੋਏ ਕਾਨੂੰਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਸਮੇਂ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *