ਡੇਰਾ ਮੁਖੀ ਮਾਮਲੇ ਨੂੰ ਅੰਤ੍ਰਿੰਗ ਕਮੇਟੀ ‘ਚ ਵਿਚਾਰਨ ਮਗਰੋਂ ਜਨਰਲ ਹਾਊਸ ‘ਚ ਪੇਸ਼ ਕਰਾਂਗੇ : ਪ੍ਰੋ. ਬਡੂੰਗਰ
ਐਸ.ਵਾਈ.ਐਲ. ਮੁੱਦੇ ‘ਤੇ ਸੁਪਰੀਮ ਕੋਰਟ ਤੱਥਾਂ ਦੇ ਆਧਾਰ ‘ਤੇ ਫੈਸਲਾ ਲਵੇ
ਧਾਰਮਿਕ ਚਿੰਨ੍ਹ ਮਾਮਲੇ ‘ਤੇ ਜਾਂਚ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇਗੀ
ਪਟਿਆਲਾ 7 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਡੇਰਾ ਮੁਖੀ ਰਾਮ ਰਹੀਮ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅਗਾਮੀ ਹੋਣ ਵਾਲੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ‘ਚ ਇਸ ਮਾਮਲੇ ਨੂੰ ਲਿਆਂਦਾ ਜਾਵੇਗਾ ਅਤੇ ਵਿਚਾਰਨ ਉਪਰੰਤ ਇਸ ਨੂੰ ਜਨਰਲ ਹਾਊਸ ‘ਚ ਪੇਸ਼ ਕੀਤਾ ਜਾਵੇਗਾ।
ਪ੍ਰੋ. ਬਡੂੰਗਰ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਜਾਂ ਪ੍ਰਧਾਨ ਇਸ ਮਤੇ ਨੂੰ ਰੱਦ ਨਹੀਂ ਕਰ ਸਕਦੇ ਇਸ ਕਰਕੇ ਨਵੰਬਰ ‘ਚ ਸੱਦੇ ਜਾਣ ਵਾਲੇ ਜਨਰਲ ਹਾਊਸ ‘ਚ ਇਸ ਮਾਮਲੇ ਨੂੰ ਲਿਆ ਕੇ ਅਗਲੇਰੀ ਰੂਪ ਰੇਖਾ ਉਲੀਕੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਕ ਸਵਾਲ ਦੇ ਜਵਾਬ ‘ਚ ਐਸ.ਵਾਈ.ਐਲ. ਮਾਮਲੇ ਨੂੰ ਸੰਜੀਦਾ ਕਰਾਰ ਦਿੰਦਿਆਂ ਕਿਹਾ ਕਿ ਪਾਣੀਆਂ ਦਾ ਮਾਮਲਾ ਕੇਂਦਰ ਸਰਕਾਰ ਦੀ ਨੀਤੀ ਤੇ ਨੀਤ ‘ਤੇ ਨਿਰਭਰ ਹੈ, ਜਦਕਿ ਪੰਜਾਬ ਕੋਲ ਪਾਣੀ ਦੀ ਪਹਿਲਾਂ ਹੀ ਬਹੁਤ ਘਾਟ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਪਾਣੀ ਮਾਮਲੇ ‘ਤੇ ਤੱਥਾਂ ਦੇ ਆਧਾਰ ‘ਤੇ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਮਾਮਲੇ ‘ਤੇ ਸਾਡੀਆਂ ਸਰਕਾਰਾਂ ਅਤੇ ਸ਼੍ਰੋਮਣੀ ਕਮੇਟੀ ਆਪਣਾ ਪਹਿਲਾਂ ਹੀ ਸਟੈਂਡ ਸਪੱਸ਼ਟ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪ੍ਰੰਤੂ ਅੱਜ ਕਿਸਾਨ ਮੰਦਹਾਲੀ ਦੇ ਦੌਰ ‘ਚੋਂ ਲੰਘ ਰਿਹਾ ਹੈ, ਜਿਸ ਕਾਰਨ ਦੇਸ਼ ‘ਚ ਭੁੱਖਮਰੀ ਵਰਗੇ ਹਾਲਾਤ ਵੀ ਉਤਪੰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਨਦਾਤਾ ਹੈ, ਜਿਸ ਨੂੰ ਖੁਦਕਸ਼ੀਆਂ ਵਾਲਾ ਰਾਹ ਛੱਡਕੇ ਆਪਣੀਆਂ ਹੱਕੀ ਮੰਗਾਂ ਲਈ ਮਿਹਨਤ ਤੇ ਸੰਘਰਸ਼ ਵਾਲਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ।
ਇਕ ਹੋਰ ਸਵਾਲ ਦੇ ਜਵਾਬ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਧਾਰਮਿਕ ਚਿੰਨ੍ਹ ਵਾਲੇ ਮਾਮਲਾ ਸਾਹਮਣੇ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਸ ਸਬੰਧੀ ‘ਚ ਸ਼੍ਰੋਮਣੀ ਕਮੇਟੀ ਵੱਲੋਂ ਟੀਮ ਗਠਿਤ ਕਰ ਦਿੱਤੀ ਗਈ ਹੈ, ਜੋ ਲੁਧਿਆਣਾ ‘ਚ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗਠਿਤ ਕਮੇਟੀ ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਭੇਜਿਆ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਨਿਰਮਲ ਸਿੰਘ ਹਰਿਆਉ, ਰਣਧੀਰ ਸਿੰਘ ਰੱਖੜਾ, ਗਿਆਨੀ ਪ੍ਰਣਾਮ ਸਿੰਘ, ਡਾ. ਚਮਕੌਰ ਸਿੰਘ, ਮੀਤ ਸਕੱਤਰ ਸਿਮਰਜੀਤ ਸਿੰਘ, ਨਿੱਜੀ ਸਹਾਇਕ ਭਗਵੰਤ ਸਿੰਘ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਮੈਨੇਜਰ ਕਰਨੈਲ ਸਿੰਘ ਆਦਿ ਹਾਜ਼ਰ ਸਨ।

