ਪੰਜਾਬ ਸਰਕਾਰ ਦੇ ਅਣਗੋਲੇ ਰਵੱਈਏ ਤੋਂ ਪ੍ਰੇਸ਼ਾਨ ਅੰਗਹੀਣ ਸੰਘਰਸ਼ ਦੇ ਰੌਂਅ ‘ਚ
ਅੰਗਹੀਣ ਕੋਟੇ ਦੀਆਂ ਅਸਾਮੀਆਂ ਭਰਨ ਤੇ ਤੇਜ਼ਾਬ ਪੀੜਤਾਂ ਵਾਂਗ ਅੰਗਹੀਣਾਂ ਨੂੰ 8000/- ਰੁਪਏ ਪੈਨਸ਼ਨ ਦੇਣ ਦੀ ਮੰਗ, ਪਟਿਆਲਾ ‘ਚ ਮੀਟਿੰਗ 13 ਸਤੰਬਰ ਨੂੰ
ਪਟਿਆਲਾ 11 ਸਤੰਬਰ (ਮਧੂਸਾਰ ਬਿਊਰੋ) ਅੰਗਹੀਣ ਵਰਗ ਦੇ ਲੋਕਾਂ ਨੂੰ ਰੋਜਗਾਰ ਦੇਣ ਲਈ ਰਾਖਵੇਂ ਕੋਟੇ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ, ਤੇਜਾਬ ਪੀੜਤਾਂ ਵਾਂਗ ਅੰਗਹੀਣਾ ਨੂੰ ਵੀ 8000 ਪ੍ਰਤੀ ਮਹੀਨਾ ਪੈਨਸ਼ਨ ਦਿੱਤੇ ਜਾਣ ਸਮੇਤ ਉਨ੍ਹਾਂ ਦੇ ਜੀਵਨ ਦੀਆਂ ਮੁਢਲੀਆਂ ਜਰੂਰਤਾਂ ਨੂੰ ਪੰਜਾਬ ਸਰਕਾਰ ਪਾਸੋਂ ਪੂਰੀਆਂ ਕਰਵਾਉਣ ਸੰਬੰਧੀ ਵਿਚਾਰ ਵਿਟਾਂਦਰਾ ਕਰਨ ਲਈ ਬੱਸ ਅੱਡੇ ਦੇ ਲਾਗੇ, ਨਹਿਰੂ ਪਾਰਕ ਪਟਿਆਲਾ ਜਿਲ੍ਹਾ ਪਟਿਆਲਾ ਵਿਖੇ ਸਮੁੱਚੇ ਅੰਗਹੀਣਾਂ ਦੀ ਇੱਕ ਵਿਸ਼ੇਸ਼ ਮੀਟਿੰਗ 13 ਸਤੰਬਰ 2017 ਨੂੰ 10:30 ਵਜੇ ਸੱਦੀ ਗਈ ਹੈ।
ਫਿਜੀਕਲ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਜਿਲ੍ਹਾ ਪਟਿਆਲਾ ਇਕਾਈ ਦੇ ਸਕੱਤਰ ਇੰਦਰਜੀਤ ਸਿੰਘ ਰੋੜਗੜ੍ਹ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਐਸੋਸੀਏਸ਼ਨ ਅੰਗਹੀਣਾ ਦੇ ਹਿੱਤਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਾਹੀਂ ਹੈ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਹਮੇਸ਼ਾਂ ਹੀ ਅਣਗੌਲਿਆਂ ਕਰਕੇ ਸਮਾਜ ਵਿੱਚ ਉਨ੍ਹਾਂ ਨੂੰ ਤਰਸ ਦੇ ਪਾਤਰ ਬਣਾ ਕੇ ਰੱਖਿਆ ਗਿਆ ਹੈ ਅਤੇ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਸਿਆਸੀ ਧਿਰ ਦੀ ਸਰਕਾਰ ਨੇ ਉਨ੍ਹਾਂ ਪ੍ਰਤੀ ਕੋਈ ਠੋਸ ਕੀਤੀ ਨਹੀਂ ਬਣਾਈ। ਜਿਸਦੇ ਸਿੱਟੇ ਵਜੋਂ ਉਹ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਸੂਬਾਈ ਜੁਆਇੰਟ ਸਕੱਤਰ ਅਵਿਨਾਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕੇ ਅੰਗਹੀਣ ਵਿਅਕਤੀਆਂ ਨੂੰ ਐਸੋਸੀਏਸ਼ਨ ਦੀਆਂ ਸੰਵਿਧਾਨਿਕ ਅਧਿਕਾਰਾਂ ਅਤੇ ਹੱਕਾਂ ਪ੍ਰਤੀ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਪਿਛਲੀ ਸਰਕਾਰ ਸਮੇਂ ਵੀ ਉਨ੍ਹਾਂ ਨੇ ਅੰਗਹੀਣਾਂ ਦੇ ਹਿੱਤਾਂ ਪ੍ਰਤੀ ਲਗਾਤਾਰ ਅੱਠ ਮਹੀਨੇ ਪੱਕਾ ਮੋਰਚਾ ਲਗਾ ਕੇ ਲੰਬਾ ਸੰਘਰਸ਼ ਕੀਤਾ ਜਿਸਦੇ ਕਾਰਨ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਵਿਧਾਨ ਸਭਾ ਚੌਣਾਂ ਦੌਰਾਨ ਆਪੋ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਪਹਿਲੀ ਵਾਰ ਅੰਗਹੀਣਾਂ ਨਾਲ ਵੀ ਉਨ੍ਹਾਂ ਦੇ ਬਣਦੇ ਹੱਕ ਦੇਣ ਦਾ ਵਾਅਦਾ ਕੀਤਾ ਗਿਆ ਪਰ ਕਾਂਗਰਸ ਸਰਕਾਰ ਵੱਲੋਂ ਕੀਤੇ ਚੋਣ ਵਾਅਦੇ ਆਪਣੇ ਛੇ ਮਹੀਨਿਆਂ ਦੇ ਕਾਰਜਕਾਲ ‘ਚ ਪੂਰੇ ਨਾ ਕੀਤੇ ਜਾਣ ਕਾਰਨ ਸਮੁੱਚਾ ਅੰਗਹੀਣ ਵਰਗ ਚਿੰਤਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਅੰਗਹੀਣਾਂ ਨੂੰ ਰੋਜ਼ਗਾਰ ਦੇਣ ਸਮੇਂ ਉਨ੍ਹਾਂ ਦੇ ਜੀਵਨ ਦੀਆਂ ਸਾਰੀਆਂ ਮੁੱਢਲੀਆਂ ਜਰੂਰਤਾਂ ਪੂਰੀਆਂ ਕਰਨ ਤੋਂ ਆਨਾ ਕਾਨੀ ਕੀਤੀ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਗੇ।

