ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਨੇ ਮਨਾਇਆ ਬੋਟਾਨੀਕਲ ਪਾਰਥੀਨੀਅਮ ਜਾਗਰੂਕਤਾ ਹਫ਼ਤਾ-2017

ਪਟਿਆਲਾ 11 ਸਤੰਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੀ.ਜੀ. ਖੇਤੀਬਾੜੀ ਵਿਭਾਗ ਦੀ ਬੋਟਾਨੀਕਲ ਸੁਸਾਇਟੀ ਨੇ ”ਪਾਰਥੀਨੀਅਮ (ਗਾਜਰ ਬੂਟੀ) ਜਾਗਰੂਕਤਾ ਹਫ਼ਤਾ-2017”, ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ ਅਧੀਨ ਚੱਲ ਰਹੇ ਡਾਇਰੈਕਟੋਰੇਟ ਆਫ ਵੀਡ ਰਿਸਰਚ, ਜ਼ਬਲਪੁਰ, ਮੱਧ-ਪ੍ਰਦੇਸ਼ ਦੇ ਸਹਿਯੋਗ ਨਾਲ ਮਨਾਇਆ। ਇਸ ਅਧੀਨ ਸਥਾਨਕ ਕਾਲਜ ਵੱਲੋਂ ਆਪਣੇ ਕੈਂਪਸ ਫਾਰ ਰਿਸਰਚ ਐਂਡ ਐਡਵਾਂਸਡ ਸਟੱਡੀਜ਼ ਧਬਲਾਨ ਵਿਖੇ ਮੈਕਸੀਕਨ ਬੀਟਲ (ਜਾਇਗੋਗਰਾਮਾ ਬਾਈਕਲੋਰੇਟਾ) ਦੇ ਜਿਊਂਦੇ 500 ਕੀੜੇ ਪਾਰਥੀਨੀਅਮ ਦੇ ਬਾਇਓ ਕੰਟਰੋਲ ਲਈ ਨੈੱਟ ਅਧੀਨ ਛੱਡੇ ਗਏ।

ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਖ਼ਾਲਸਾ ਕਾਲਜ, ਪਟਿਆਲਾ ਨੇ ਖੇਤੀਬਾੜੀ ਵਿਭਾਗ ਦੀ ਬੋਟਾਨੀਕਲ ਸੁਸਾਇਟੀ ਦੇ ਇਸ ਉੱਦਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਗਾਜਰ ਬੂਟੀ (ਪਾਰਥੀਨੀਅਮ) ਜੋ ਕਿ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਅਤੇ ਖੇਤੀ ਦੀ ਪੈਦਾਵਾਰ ਵੀ ਘਟਾਉਂਦੀ ਹੈ, ਨੂੰ ਕੰਟਰੋਲ ਕਰਨ ਲਈ ਵਿਦਿਆਰਥੀਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਬਹੁਤ ਲੋੜ ਹੈ ਤਾਂ ਜੋ ਗਾਜਰ ਬੂਟੀ ਨੂੰ ਖ਼ਤਮ ਕੀਤਾ ਜਾ ਸਕੇ।
ਇਸੇ ਲੜੀ ਵਿੱਚ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਜਾਗਰੂਕ ਕਰਵਾਉਣ ਲਈ ਸਥਾਨਕ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਐਗਰੋਨੋਮੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਜਸ਼ਨਜੋਤ ਕੌਰ ਨੇ ”ਪਾਰਥੀਨੀਅਮ ਦੀ ਰੋਕਥਾਮ ਦੇ ਤਰੀਕੇ” ਅਤੇ ਕੀਟ ਵਿਗਿਆਨ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮਨੀਸ਼ ਸ਼ਰਮਾ ਨੇ ”ਗਾਜਰ ਬੂਟੀ ਦਾ ਜੈਵਿਕ ਕੰਟਰੋਲ ਅਤੇ ਮਨੁੱਖੀ ਸਿਹਤ ਤੇ ਪ੍ਰਭਾਵ” ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਿੱਤੇ।
ਇਸ ਮੌਕੇ ਵਿਭਾਗ ਦੇ ਮੁਖੀ, ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਨੇ ਡਾਇਰੈਕਟੋਰੇਟ ਆਫ ਵੀਡ ਰਿਸਰਚ ਜ਼ਬਲਪੁਰ ਦੇ ਵਿਗਿਆਨੀ ਡਾ. ਸ਼ੁਸ਼ੀਲ ਕੁਮਾਰ ਦਾ ਉਨ੍ਹਾਂ ਨੂੰ ਜਿਊਂਦੇ ਕੀੜੇ ਅਤੇ ਯੋਗ ਅਗਵਾਈ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡਾ ਇਹ ਹਫ਼ਤਾ ਮਨਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਅੰਦਰ ਗਾਜਰ ਬੂਟੀ ਦੇ ਨੁਕਸਾਨ ਪ੍ਰਤੀ ਚੇਤਨਤਾ ਪੈਦਾ ਕਰਨਾ ਅਤੇ ਉਹਨਾਂ ਨੂੰ ਖ਼ਤਮ ਕਰਨ ਲਈ ਪ੍ਰੈਕਟੀਕਲ ਤੌਰ ‘ਤੇ ਜਾਣਕਾਰੀ ਦੇਣਾ ਹੈ, ਇਸੇ ਲਈ ਹੀ ਵਿਭਾਗ ਵੱਲੋਂ ਵਿਦਿਆਰਥੀਆਂ ਕੋਲੋਂ 500 ਕੀੜੇ ਗਾਜਰ ਬੂਟੀ ਨੂੰ ਖ਼ਤਮ ਕਰਨ ਵਾਸਤੇ ਛੱਡਵਾਏ ਗਏ ਹਨ।
ਇਸ ਜਾਗਰੂਕਤਾ ਮੁਹਿੰਮ ਤਹਿਤ ਵਿਭਾਗ ਦੇ ਵਿਦਿਆਰਥੀਆਂ ਦਾ ਇਸੇ ਵਿਸ਼ੇ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ 40 ਵਿਦਿਆਰਥੀਆਂ ਨੇ ਭਾਗ ਲਿਆ ਤੇ ਮੁਕਾਬਲੇ ਦੀ ਜੱਜਮੈਂਟ ਡਾ. ਅਕਸ਼ਿਤਾ ਧਾਲੀਵਾਲ, ਕਨਵੀਨਰ ਬੋਟਾਨੀਕਲ ਸੁਸਾਇਟੀ, ਡਾ. ਸੁਖਵੀਰ ਕੌਰ ਅਤੇ ਡਾ. ਮਨੀਸ਼ ਸ਼ਰਮਾ ਨੇ ਕੀਤੀ। ਇਸ ਜਾਗਰੂਕਤਾ ਮੁਹਿੰਮ ਵਿੱਚ ਵਿਭਾਗ ਦੇ ਸਾਰੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਲ ਹੋਏ।

Leave a Reply

Your email address will not be published. Required fields are marked *