ਪੰਜਾਬਪਟਿਆਲਾ

ਬੀਬਾ ਅਮਰਜੀਤ ਕੌਰ ਦੇ ਸੁਖਬੀਰ ਬਾਦਲ ਨੂੰ ਤਿੱਖੇ ਸਵਾਲ, ਕੈਪਟਨ ਦੇ ਸੋਹਲੇ

ਪਟਿਆਲਾ, 9 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਸਤਰੀ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬਾ ਅਮਰਜੀਤ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਿਸਾਨੀ ਸੰਘਰਸ਼ ਨੂੰ ਦਿੱਤਾ ਸਮਰਥਨ ਨਾ-ਪੱਖੀ ਰਿਹਾ ਹੈ।

ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਦੇ ਨਾਮ ਤੇ ਵੀ ਸਿਆਸਤ ਹੀ ਖੇਡੀ ਗਈ ਜਦ ਕਿ ਕਿਸਾਨਾਂ ਦੇ ਨਾਮ ਤੇ ਅਨੇਕਾਂ ਵਾਰ ਪੰਜਾਬ ਸਰਕਾਰ ਦੀ ਵਾਗਡੋਰ ਸੰਭਾਲਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅੱਜ ਬਿਨਾਂ ਕੋਈ ਸਿਆਸਤ ਖੇਡਦਿਆਂ ਸਿੱਧੇ ਤੌਰ ਤੇ ਕਿਸਾਨਾਂ ਦੇ ਪੱਖ ਵਿਚ ਖੜਨਾ ਬਣਦਾ ਸੀ। ਬੀਬਾ ਅਮਰਜੀਤ ਕੌਰ ਅੱਜ ਕੁਝ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਪੱਖ ਵਿਚ ਜੋ ਰੋਲ ਨਿਭਾਇਆ ਹੈ ਉਹ ਸ਼ਲਾਘਾਯੋਗ ਹੈ।
ਸਵਾਮੀਨਾਥਨ ਕਮੇਟੀ ਵਿਚ ਮੈਂਬਰ ਰਹੇ ਬੀਬਾ ਅਮਰਜੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਕਿਸਾਨਾਂ ਦੇ ਪੱਖ ਵਿਚ ਹਮੇਸ਼ਾਂ ਆਵਾਜ਼ ਉਠਾਈ ਪਰ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਪੱਦ ਤੋਂ ਅਸਤੀਫ਼ਾ ਦੇ ਕੇ ਵੀ ਕਿਸਾਨਾਂ ਦੇ ਪੱਖ ਵਿਚ ਨਹੀਂ ਖੜ ਸਕੀ, ਉਸ ਦੇ ਅਸਤੀਫੇ ਦਾ ਕਿਸਾਨੀ ਸੰਘਰਸ਼ ਨੂੰ ਕੀ ਲਾਭ ਹੋਇਆ? ਇਸੇ ਤਰ੍ਹਾਂ ਸੁਖਬੀਰ ਬਾਦਲ ਵੱਲੋਂ ਤਿੰਨਾਂ ਤਖ਼ਤਾਂ ਵੱਲੋਂ ਮਾਰਚ ਚੰਡੀਗੜ੍ਹ ਤੱਕ ਲੈ ਜਾਇਆ ਗਿਆ ਪਰ ਉਸ ਵਿਚ ਕਿਸਾਨੀ ਹੱਕਾਂ ਦੀ ਗੱਲ ਕਿਤੇ ਨਜ਼ਰ ਨਹੀਂ ਆਈ, ਸਗੋਂ ਕਿਸਾਨੀ ਸੰਘਰਸ਼ ਦੀ ਥਾਂ ਆਪਣੇ ਆਪ ਨੂੰ ਹੀ ਪ੍ਰਸਾਰਿਤ ਕੀਤਾ। ਸ. ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਰ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾਇਆ ਪਰ ਬਾਦ ਵਿਚ ਉਹ ਬਿਆਨ ਅੱਜ ਤੱਕ ਵੀ ਵਾਪਸ ਨਹੀਂ ਲਿਆ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਸਾਨਾਂ ਦੇ ਨਾਲ ਖੜ ਕੇ ਇਕ ਪਾਸੇ ਵਿਧਾਨ ਸਭਾ ਵਿਚ ਬਿੱਲ ਪਾਸ ਕੀਤੇ, ਦੂਜੇ ਪਾਸੇ ਕਿਸਾਨਾਂ ਦੇ ਦੁੱਖ ਦਰਦ ਨੂੰ ਸਮਝਿਆ ਤੇ ਉਨ੍ਹਾਂ ਲਈ ਮਾਨਯੋਗ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਪਰ ਦੁਖ ਦੀ ਗੱਲ ਕਿ ਮਾਨਯੋਗ ਰਾਸ਼ਟਰਪਤੀ ਨੇ ਸਮਾਂ ਨਹੀਂ ਦਿੱਤਾ, ਫੇਰ ਕੈਪਟਨ ਅਮਰਿੰਦਰ ਸਿੰਘ ਨੇ ਦਿਲੀ ਵਿਚ ਕਿਸਾਨਾਂ ਦੇ ਪੱਖ ਵਿਚ ਧਰਨਾ ਦਿੱਤਾ ਤੇ ਇਸ ਖ਼ਬਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਚਾਰਿਆ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਇਸ ਦੇ ਵਿਰੋਧ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ ਨੂੰ ਈਡੀ ਦਾ ਨੋਟਿਸ ਭੇਜਿਆ, ਉਨ੍ਹਾਂ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ, ਉਨ੍ਹਾਂ ਦੇ ਪੋਤੇ ਤੇ ਪੋਤੀਆਂ ਨੂੰ ਇਨਕਮ ਟੈਕਸ ਦੇ ਨੋ?ਟਿਸ ਭੇਜੇ ਗਏ। ਇਸ ਸਮੇਂ ਜਦੋਂ ਕਿਸਾਨਾਂ ਦਾ ਪੱਖ ਕਰਦੇ ‘ਮਹਾਰਾਜਾ ਪਰਿਵਾਰ’ ਨੂੰ ਸੰਕਟ ਸਹਿਣੇ ਪੈ ਰਹੇ ਹਨ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਡਰਾਮੇਬਾਜ਼ ਕਹਿ ਰਹੇ ਹਨ। ਜਦ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੀ ਕਿਸਾਨਾਂ ਦੇ ਪੱਖ ਵਿਚ ਖੜਦਿਆਂ ਬਿਨਾਂ ਸ਼ਰਤ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦਿਲੀ ਵਿਚ ਧਰਨੇ ਤੇ ਬੈਠਣਾ ਚਾਹੀਦਾ ਸੀ। ਬੀਬਾ ਅਮਰਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਪੱਖ ਵਿਚ ਨਿਭਾਏ ਗਏ ਸਾਰਥਕ ਤੇ ਹਾਂ ਪੱਖੀ ਰੋਲ ਦੀ ਉਹ ਸ਼ਲਾਘਾ ਕਰਦੀ ਹੈ, ਕਿਉਂਕਿ ਇਹ ਵੇਲਾ ਸਿਆਸਤ ਖੇਡਣ ਦਾ ਨਹੀਂ ਹੈ ਸਗੋਂ ਕੋਈ ਵੀ ਸ਼ਰਤ ਤੋਂ ਬਿਨਾਂ ਕਿਸਾਨਾਂ ਦੇ ਪੱਖ ਵਿਚ ਸਾਨੂੰ ਸਭ ਨੂੰ ਖੜਨਾ ਚਾਹੀਦਾ ਹੈ। ਬੀਬਾ ਅਮਰਜੀਤ ਕੌਰ ਨੇ ਕਿਹਾ ਕਿ ਉਹ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਖਹਿਰਾ, ਬੈਂਸ ਭਰਾਵਾਂ ਦੀ ਵੀ ਇਸ ਗੱਲੋਂ ਸ਼ਲਾਘਾ ਕਰਦੀ ਹੈ ਕਿ ਉਹ ਕਿਸਾਨਾਂ ਦਾ ਪੱਖ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਦਿਲੀ ਵਿਚ ਧਰਨੇ ਤੇ ਬੈਠੇ, ਅਜਿਹਾ ਹੀ ਕਰਨਾ ਬਣਦਾ ਹੈ। ਬੀਬਾ ਅਮਰਜੀਤ ਕੌਰ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੂੰ ਬੇਨਤੀ ਕਰਦੀ ਹੈ ਕਿ ਉਹ ਕਿਸਾਨਾਂ ਦੇ ਮੁੱਦੇ ਤੇ ਸਿਆਸਤ ਨਾ ਕਰਨ ਸਗੋਂ ਉਨ੍ਹਾਂ ਨਾਲ ਹਰ ਮੰਚ ਤੇ ਖੜੇ ਹੋਣ ਤਾਂ ਕਿ ਕਿਸਾਨਾਂ ਨੂੰ ਹਰ ਪੱਖ ਵਿਚ ਉਨ੍ਹਾਂ ਦਾ ਸਾਥ ਮਿਲਦਾ ਨਜ਼ਰ ਆਵੇ।

Leave a Reply

Your email address will not be published. Required fields are marked *