ਡਾ. ਸੁਰਿੰਦਰ ਕਪਿਲਾ ‘ਪੰਜਾਬ ਸੰਗੀਤ ਰਤਨ ਐਵਾਰਡ’ ਨਾਲ ਸਨਮਾਨਿਤ
ਪਟਿਆਲਾ 17 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਘਰਾਣਾ ਦੀ ਪ੍ਰਤਿਨਿਧ ਸ਼ਾਸਤਰੀ ਗਾਇਕਾ, ਪ੍ਰਸਿੱਧ ਸੰਗੀਤ ਅਧਿਆਪਕਾ ਅਤੇ ਨਾਮਵਰ ਸ਼ਖਸੀਅਤ ਪ੍ਰਿੰਸੀਪਲ ਡਾ. ਸੁਰਿੰਦਰ ਕਪਿਲਾ ਨੂੰ ਸੰਗੀਤ ਦੇ ਖੇਤਰ ‘ਚ ਪਾਏ ਵਡਮੁੱਲੇ ਯੋਗਦਾਨ ਸਦਕਾ ‘ਪੰਜਾਬ ਸੰਗੀਤ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਕੀਤਾ ਗਿਆ।
ਡਾ. ਸੁਰਿੰਦਰ ਕਪਿਲਾ ਦਾ ਜਨਮ ਪਟਿਆਲਾ ਦੇ ਇੱਕ ਪ੍ਰਸਿੱਧ ਸੰਗੀਤਕ ਪਰਿਵਾਰ ਵਿੱਚ ਸ੍ਰੀ ਜਗਦੀਸ਼ ਰਾਏ ਨਰੂਲਾ ਅਤੇ ਸ੍ਰੀਮਤੀ ਗਿਆਨ ਕੌਰ ਦੇ ਗ੍ਰਹਿ ਵਿਖੇ 22 ਸਤੰਬਰ, 1940 ਨੂੰ ਹੋਇਆ। ਉਨ੍ਹਾਂ ਨੇ ਸੰਗੀਤ ਦੇ ਖੇਤਰ ਵਿੱਚ ਸੰਗੀਤ ਭਾਸਕਰ, ਸੰਗੀਤ ਪਰਵੀਨ, ਸੰਗੀਤ ਅਲੰਕਾਰ ਸੰਗੀਤ ਪ੍ਰਭਾਕਰ ਵਿੱਚ ਅਕਾਦਮਿਕ ਸਿੱਖਿਆ ਲੈਣ ਦੇ ਨਾਲ-ਨਾਲ ਸੰਗੀਤ ਵਿੱਚ ਮਾਸਟਰ ਡਿਗਰੀ ਅਤੇ ਡਾਕਟਰੇਟ ਦੀ ਉਪਾਧੀ ਵੀ ਪ੍ਰਾਪਤ ਕੀਤੀ ਹੈ। ਡਾ. ਕਪਿਲਾ ਨੇ ਪਟਿਆਲਾ ਘਰਾਣੇ ਦੇ ਉਸਤਾਦ ਮੁਨੱਵਰ ਅਲੀ ਖਾਨ, ਉਸਤਾਦ ਬਾਕੁਰ ਹੁਸੈਨ ਖਾਨ, ਪੰਡਤ ਹਰੀਸ਼ ਚੰਦਰ ਬਾਲੀ, ਪੰਡਤ ਵਿਸ਼ਣੂ ਦਿਗੰਬਰ ਪਲੁਸਕਰ ਦੇ ਸ਼ਾਗਿਰਦ ਪੰਡਤ ਗਿਰਧਾਰੀ ਲਾਲ, ਗਵਾਲੀਅਰ ਘਰਾਣੇ ਦੇ ਪੰਡਤ ਸੋਮ ਨਾਥ, ਸ੍ਰੀ ਸੁਦਰਸ਼ਨ ਕੁਮਾਰ ਅਤੇ ਸ੍ਰੀ ਮਹਿੰਦਰ ਸਿੰਘ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ। ਡਾ. ਕਪਿਲਾ ਪਟਿਆਲਾ ਵਿਖੇ ਸਰਕਾਰੀ ਕਾਲਜ (ਲੜਕੀਆਂ), ਸਰਕਾਰੀ ਕਾਲਜ ਆਫ ਐਜੂਕੇਸ਼ਨ ਅਤੇ ਸਰਕਾਰੀ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਵਿਖੇ ਬਤੌਰ ਪ੍ਰਿੰਸੀਪਲ ਕਾਰਜਸ਼ੀਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਿੱਖਿਆ ਵਿਭਾਗ ਵਿਖੇ 40 ਸਾਲ ਸੇਵਾ ਨਿਭਾਈ ਹੈ।
ਡਾ. ਸੁਰਿੰਦਰ ਕਪਿਲਾ ਨੇ ਦੇਸ਼ ਵਿਦੇਸ਼ ਵਿੱਚ ਅਨੇਕਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਪੇਸ਼ਕਾਰੀਆਂ ਦਿੱਤੀਆਂ ਹਨ। ਉਨ੍ਹਾਂ ਨੇ ਸੰਗੀਤ ਦੇ ਖੇਤਰ ਵਿੱਚ ਪੰਜ ਪੁਸਤਕਾਂ ਅਤੇ ਅਨੇਕਾਂ ਖੋਜ ਪੱਤਰਾਂ ਤੇ ਆਰਟੀਕਲ ਲਿਖੇ ਹਨ। ਉਨ੍ਹਾਂ ਦੇ ਅਨੇਕਾਂ ਵਿਦਿਆਰਥੀ ਸੰਗੀਤ ਦੇ ਖੇਤਰ ਵਿੱਚ ਸਰਗਰਮ ਹਨ ਜਿਨ੍ਹਾਂ ਵਿੱਚੋਂ ਨ੍ਰਿਤ ਵਿਭਾਗ ਸਾਬਕਾ ਮੁਖੀ ਡਾ. ਡੇਜ਼ੀ ਵਾਲੀਆ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਡਾ. ਸੇਨੂੰ ਦੁੱਗਲ, ਵਾਇਸ ਆਫ ਪੰਜਾਬ ਵਿਜੇਤਾ ਡਾ. ਸੁਮੰਗਲ ਅਰੋੜਾ, ਲੋਕ ਗਾਇਕਾ ਸਵਰਗੀ ਮਨਪ੍ਰੀਤ ਅਖਤਰ, ਡੀਨ ਫੈਕਲਟੀ ਆਫ ਆਰਟਸ ਐਂਡ ਕਲਚਰ ਡਾ. ਨਿਵੇਦਿਤਾ ਉੱਪਲ, ਡਾ. ਨਵਜੋਤ ਕਸੇਲ, ਡਾ. ਵਰਿੰਦਰ ਕੌਰ, ਡਾ. ਰਵਿੰਦਰ ਕੌਰ ਆਦਿ ਵਿਸ਼ੇਸ਼ ਹਨ। ਡਾ. ਕਪਿਲਾ ਨੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਵਜੋਂ ਸਰਗਰਮ ਹਨ। ਡਾ. ਕਪਿਲਾ ਨੂੰ ਦੇਸ਼ ਵਿਦੇਸ਼ ਦੀਆਂ ਅਨੇਕਾਂ ਸੰਸਥਾਵਾਂ ਵਲੋਂ ਕਈ ਸਨਮਾਨ ਪੱਤਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ।
ਸੰਗੀਤ ਦੇ ਖੇਤਰ ਵਿੱਚ ਸ਼ਾਸਤਰੀ ਗਾਇਕਾ, ਅਧਿਆਪਕ, ਵਿਦਵਾਨ, ਰਚਨਾਕਾਰ ਅਤੇ ਕੁਸ਼ਲ ਪ੍ਰਬੰਧਕ ਵਜੋਂ ਪ੍ਰਿੰਸੀਪਲ ਡਾ. ਸੁਰਿੰਦਰ ਕਪਿਲਾ ਦੀਆਂ ਵਡਮੁੱਲੀਆਂ ਸੇਵਾਵਾਂ ਦੇ ਸਨਮਾਨ ਵਜੋਂ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ (15-17 ਫਰਵਰੀ 2017) ਦੇ ਅਵਸਰ ‘ਤੇ ਪੰਜਾਬ ਸੰਗੀਤ ਰਤਨ ਐਵਾਰਡ ਪ੍ਰਦਾਨ ਕੀਤਾ ਗਿਆ ਹੈ।

