ਸਫ਼ਾਈ ਕਰਮਚਾਰੀ ਸਾਡੇ ਸਮਾਜ ਦਾ ਸਭ ਤੋਂ ਮਹੱਤਵਪੂਰਨ ਅੰਗ: ਡਿਪਟੀ ਕਮਿਸ਼ਨਰ
ਪਟਿਆਲਾ ਪਹਿਲਾਂ ਸਵੱਛਤਾ ਦੇ ਮਾਮਲੇ ‘ਚ 411ਵੇਂ ਸਥਾਨ ਤੇ ਸੀ ਪਰ ਹੁਣ ਲੋਕਾਂ ਨਾਲ ਮਿਲ ਕੇ ਰੈਂਕਿੰਗ ਵਿੱਚ ਵੱਡਾ ਸੁਧਾਰ ਕੀਤਾ ਜਾਵੇਗਾ: ਕਮਿਸ਼ਨਰ ਨਿਗਮ
ਪਟਿਆਲਾ, 15 ਸਤੰਬਰ (ਮਧੂਸਾਰ ਬਿਊਰੋ) ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ ਨਗਰ ਨਿਗਮ ਨਾਲ ਮਿਲ ਕੇ 2 ਅਕਤੂਬਰ ਤੱਕ ਚਲਣ ਵਾਲੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪੁਰਾਣੇ ਸ਼ਹਿਰ ਵਿੱਚ ਨਗਰ ਨਿਗਮ ਕਰਮਚਾਰੀਆਂ ਦੀਆਂ ਤਿੰਨ ਵੱਖ-ਵੱਖ ਰੈਲੀਆਂ ਕੱਢੀਆਂ ਅਤੇ ਲੋਕਾਂ ਨੂੰ ਸਵੱਛਤਾ ਦਾ ਸੰਦੇਸ਼ ਦਿੱਤਾ।
ਰੈਲੀਆਂ ਨੂੰ ਹਰੀ ਝੰਡੀ ਦਿਖਾ ਕਿ ਰਵਾਨਾ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਫ਼ਾਈ ਕਰਮਚਾਰੀਆਂ ਨੂੰ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਸਾਡੇ ਸਮਾਜ ਦਾ ਸਭ ਤੋਂ ਮਹੱਤਵਪੂਰਨ ਅੰਗ ਹਨ ਇਹ ਨਾ ਕੇਵਲ ਸਾਡੇ ਆਲੇ-ਦੁਆਲੇ ਦੀ ਸਫ਼ਾਈ ਕਰਦੇ ਹਨ ਬਲਕਿ ਸਾਡੀ ਅਤੇ ਸਾਡੇ ਬੱਚਿਆਂ ਦੀ ਸਿਹਤ ਦਾ ਵੀ ਖਿਆਲ ਰੱਖਦੇ ਹਨ। ਉਹਨਾਂ ਕਿਹਾ ਕਿ ਸਾਡੇ ਸਵੇਰੇ ਉÎੱਠਣ ਤੋਂ ਪਹਿਲਾਂ ਹੀ ਇਹ ਲੋਕ ਸਖ਼ਤ ਮਿਹਨਤ ਕਰਕੇ ਸਾਡੇ ਸ਼ਹਿਰ ਨੂੰ ਸਾਫ਼ ਕਰਦੇ ਹਨ ਅਤੇ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਲੋਕ ਸਮਾਜ ਵਿੱਚ ਉਨ੍ਹੇ ਹੀ ਸਨਮਾਨਿਤ ਹਨ ਜਿੰਨੇ ਕਿ ਬਾਕੀ ਹੋਰ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕੀਤੇ ਗਏ ਪਿਛਲੇ ਸਰਵੇ ਦੌਰਾਨ ਸਵੱਛਤਾ ਦੇ ਮਾਮਲੇ ‘ਚ ਪਟਿਆਲਾ ਪਹਿਲਾਂ 411 ਵੇਂ ਸਥਾਨ ਤੇ ਸੀ ਪਰ ਹੁਣ ਲੋਕਾਂ ਨਾਲ ਮਿਲ ਕੇ ਅਸੀਂ ਇਸ ਰੈਂਕਿੰਗ ਵਿੱਚ ਵੱਡਾ ਸੁਧਾਰ ਕਰਾਂਗੇ। ਨਿਗਮ ਕਮਿਸ਼ਨਰ ਨੇ ਮੋਬਾਇਲ ਜਾਂ ਕੰਪਿਊਟਰ ਵਿੱਚ ਡਾਊਨਲੋਡ ਕੀਤੇ ਜਾ ਸਕਣ ਵਾਲੇ ਸਵੱਛਤਾ ਐਪ ਬਾਰੇ ਦੱਸਦਿਆਂ ਕਿਹਾ ਕਿ ਜਿੱਥੇ ਕਿਤੇ ਵੀ ਗੰਦਗੀ ਦਿਖਾਈ ਦਿੰਦੀ ਹੈ ਉਸ ਥਾਂ ਦੀ ਫੋਟੋ ਖਿੱਚ ਕਿ ਇਸ ਮੋਬਾਇਲ ਐਪ ਤੇ ਪੇਸਟ ਕੀਤੀ ਜਾ ਸਕਦੀ ਹੈ। ਇਸ ਨਾਲ ਨਗਰ ਨਿਗਮ ਦੇ ਸਾਰੇ ਸਬੰਧਿਤ ਕਰਮਚਾਰੀਆਂ ਅਤੇ ਅਧਿਕਾਰੀਆਂ ਕੋਲ ਮੌਕੇ ਅਤੇ ਹਾਲਾਤ ਦੀ ਜਾਣਕਾਰੀ ਪੁੱਜ ਜਾਵੇਗੀ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ 24 ਤੋਂ 48 ਘੰਟਿਆਂ ਦੇ ਅੰਦਰ ਸਫ਼ਾਈ ਕਰ ਦਿੱਤੀ ਜਾਵੇਗੀ। ਫਿਲਹਾਲ 20 ਤੋਂ 30 ਸ਼ਿਕਾਇਤਾਂ ਹੀ ਇਸ ਮੋਬਾਇਲ ਐਪ ਰਾਹੀਂ ਆ ਰਹੀਆਂ ਹਨ। ਭਵਿੱਖ ਵਿੱਚ ਇਨ੍ਹਾਂ ਦੇ ਵੱਧਣ ਤੋਂ ਬਾਅਦ ਨਿਗਮ ਵੱਲੋਂ ਵਿਸ਼ੇਸ਼ ਟੀਮਾਂ ਵੀ ਤੈਨਾਤ ਕੀਤੀਆਂ ਜਾਣਗੀਆਂ।
ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਹੌਸਲਾ ਅਫ਼ਜਾਈ ਕਰਨ ਆਏ ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ ਕੇ.ਕੇ.ਸ਼ਰਮਾ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜ ਕਾਲ ਵਿੱਚ ਸ੍ਰੀਮਤੀ ਪ੍ਰਨੀਤ ਕੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੇਰਾ ਪਟਿਆਲਾ ਮੈਂ ਹੀ ਸੰਵਾਰਾ ਨਾਅਰਾ ਦੇ ਕੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੀ ਮੁਹਿੰਮ ਛੇੜੀ ਸੀ ਅਤੇ ਹੁਣ ਫੇਰ ਸ਼ਹਿਰ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਪਟਿਆਲਾ ਇਤਿਹਾਸ਼ਕ ਸ਼ਹਿਰ ਹੈ ਅਤੇ ਇੱਥੇ ਪੁਰਾਤਨ ਵਿਰਾਸਤ ਦੀਆਂ ਇਮਾਰਤਾਂ ਤੋਂ ਇਲਾਵਾ ਸ਼ਹਿਰ ਵਿੱਚ ਹਰਿਆਲੀ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਗਿਆ ਹੈ। ਬਾਰ੍ਹਾਂਦਰੀ ਵਰਗੇ ਬਾਗ ਹਨ ਜਿਹੜੇ ਕਿ ਉÎੱਤਰ ਭਾਰਤ ਵਿੱਚ ਵੱਖਰੀ ਪਹਿਚਾਣ ਰੱਖਦੇ ਹਨ। ਅਜਿਹੇ ਵਿੱਚ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹਰ ਨਾਗਰਿਕ ਦਾ ਫਰਜ਼ ਵੀ ਹੈ।
ਨਗਰ ਨਿਗਮ ਦੇ ਮੇਅਰ ਸ੍ਰੀ ਅਮਰਿੰਦਰ ਸਿੰਘ ਬਜਾਜ, ਨਿਗਮ ਦੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੰਜੀਵ ਬਿਟੂ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਫ਼ਾਈ ਕਰਮਚਾਰੀਆਂ ਨੂੰ ਨਿਗਮ ਦੀ ਰੀੜ੍ਹ ਦੀ ਹੱਡੀ ਦੱਸਦਿਆ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਤਾਂ ਹੀ ਸਫ਼ਲ ਹੋ ਸਕਦੀਆਂ ਹਨ ਜੇਕਰ ਲੋਕੀ ਵੀ ਸਾਥ ਦੇਣ।
ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਤੋਂ ਇਲਾਵਾ ਸਾਬਕਾ ਐਮ.ਸੀ. ਹਰਮਿੰਦਰ ਸਿੰਘ ਨਿੱਪੀ, ਸ੍ਰੀ ਵਿਜੈ ਕੁਮਾਰ ਕੂਕਾ, ਸ੍ਰੀ ਕਰਨ ਗੋਡ, ਸ੍ਰੀ ਅਰੁਨ ਸੂਦ, ਸ੍ਰੀ ਅਸ਼ਵਨੀ ਕਪੂਰ ਤੋਂ ਇਲਾਵਾ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਸ੍ਰੀਮਤੀ ਅਨੂਪ੍ਰੀਤਾ ਜੌਹਲ ਅਤੇ ਹੋਰ ਅਧਿਕਾਰੀ ਮੌਜੂਦ ਸਨ।

