ਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਗੰਡਾ ਸਿੰਘ ਮੈਮੋਰੀਅਲ ਲੈਕਚਰ

ਪਟਿਆਲਾ, 19 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵਲੋਂ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ 12ਵਾਂ ਡਾ. ਗੰਡਾ ਸਿੰਘ ਮੈਮੋਰੀਅਲ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਪ੍ਰੋ. ਮਰਿਦੁਲਾ ਮੁਖਰਜੀ, ਸੈਂਟਰ ਫਾਰ ਹਿਸਟੋਰੀਕਲ ਸਟੱਡੀਜ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਨੇ“ਦਿ ਸੈਕੂਲਰ ਨੈਸ਼ਨਲਿਸਟ ਟਰੈਡੀਸ਼ਨਜ਼ ਇਨ ਪੰਜਾਬ“ ਵਿਸ਼ੇ ‘ਤੇ ਦਿੱਤਾ।

ਆਪਣੇ ਭਾਸ਼ਣ ਦੌਰਾਨ ਪ੍ਰੋ. ਮਰਿਦੁਲਾ ਮੁਖਰਜੀ ਨੇ ਪੰਜਾਬ ਵਿੱਚ ਪ੍ਰਚੱਲਿਤ ਵੱਖ-ਵੱਖ ਲਹਿਰਾਂ ਜਿਵੇਂ ਗਦਰ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਸਿਵਲ ਨਾ ਫੁਰਮਾਨੀ ਲਹਿਰ ਅਤੇ ਭਾਰਤ ਛੱਡੋ ਅੰਦੋਲਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਲਹਿਰਾਂ ਸਦਕਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਪੰਜਾਬ ਵਾਸੀਆਂ ਵਿੱਚ ਜਾਗਰੂਕਤਾ ਆਈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਲਹਿਰਾਂ ਦਾ ਆਧਾਰ ਧਰਮ ਨਿਰਪੱਖਤਾ ਸੀ ਪਰ ਇਹ ਅੰਗਰੇਜੀ ਰਾਜ ਦੇ ਵਿਰੋਧ ਵਿੱਚ ਸਨ। ਪ੍ਰੋ. ਮੁਖਰਜੀ ਨੇ ਕਿਹਾ ਕਿ ਉਨ੍ਹਾਂ ਹੋਰ ਕਿਹਾ ਕਿ ਕਿਸ ਤਰ੍ਹਾਂ ਇਨ੍ਹਾਂ ਅੰਦੋਲਨਾਂ ਸਦਕਾ ਰਾਸ਼ਟਰੀ ਚੇਤਨਤਾ ਜਾਗਰੂਕ ਹੋਈ ਅਤੇ ਲੋਕਾਂ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਵੱਧ-ਚੜ੍ਹ ਕੇ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਇਆ। ਅੰਗਰੇਜ ਸਰਕਾਰ ਨੇ ਲੋਕਾਂ ਨੂੰ ਦਬਾਉਣ ਲਈ ਦਮਨਕਾਰੀ ਨੀਤੀਆਂ ਦਾ ਪ੍ਰਯੋਗ ਕੀਤਾ ਜੋ ਦੂਜੇ ਸੂਬਿਆਂ ਵਿੱਚ ਨਹੀਂ ਵਰਤੀਆਂ ਜਾਂਦੀਆਂ ਸਨ। ਉਸ ਸਮੇਂ ਪੰਜਾਬ ਰਾਜਨੀਤਿਕ ਸਰਗਰਮੀਆਂ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਿਆ ਸੀ। ਪ੍ਰੋ. ਮੁਖਰਜੀ ਨੇ ਦੱਸਿਆ ਕਿ ਪਗੜੀ ਸੰਭਾਲ ਜੱਟਾ ਗੀਤ ਪੰਜਾਬ ਵਿੱਚ ਸੈਕੂਲਰ ਟਰੈਡੀਸ਼ਨ ਦਾ ਆਧਾਰ ਸਾਬਿਤ ਹੋਇਆ।
ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਪ੍ਰੋ. ਮੁਖਰਜੀ ਨੇ ਬੜੇ ਢੁੱਕਵੇਂ ਸ਼ਬਦਾਂ ਵਿੱਚ ਡਾ. ਗੰਡਾ ਸਿੰਘ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ ਨਿਰਪੱਖ ਰਾਸ਼ਟਰੀ ਪਰੰਪਰਾ ਅਤੇ ਇਸ ਦੇ ਅਮੀਰ ਵਿਰਸੇ ਨੂੰ ਪੇਸ਼ ਕੀਤਾ ਹੈ। ਡਾ. ਘੁੰਮਣ ਨੇ ਨੌਜਵਾਨ ਖੋਜਕਰਤਾਵਾਂ ਨੂੰ ਡਾ. ਮਰਿਦੁਲਾ ਮੁਖਰਜੀ ਦੇ ਖੋਜ ਸਬੰਧੀ ਤਜਰਬਿਆਂ, ਲਗਨ, ਜਨੂੰਨ ਅਤੇ ਇਮਾਨਦਾਰੀ ਅਨੁਸਾਰ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਡਾ. ਘੁੰਮਣ ਨੇ ਡਾ. ਮਰਿਦੁਲਾ ਮੁਖਰਜੀ ਨੂੰ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਨਵਤੇਜ ਸਿੰਘ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਨੇ ਡਾ. ਗੰਡਾ ਸਿੰਘ ਦੀ ਸ਼ਖਸੀਅਤ ਬਾਰੇ ਚਾਨਣਾ ਪਾਇਆ। ਡਾ. ਬਲਵਿੰਦਰਜੀਤ ਕੌਰ ਭੱਟੀ ਨੇ ਇਸ ਮਹੱਤਵਪੂਰਨ ਲੈਕਚਰ ਦੀ ਲੜੀ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਤੇ ਗਿਆਰ੍ਹਵਾਂ ਡਾ. ਗੰਡਾ ਸਿੰਘ ਮੈਮੋਰੀਅਲ ਲੈਕਚਰ ਜੋ ਪ੍ਰੋ. ਹਰੀਸ਼ ਕੇ. ਪੁਰੀ ਨੇ “ਦਾ ਗਦਰ ਮੂਵਮੈਂਟ ਐਂਡ ਦਾ ਕੰਨਟੈਂਪਰੇਰੀ ਰੈਵੋਲਿਊਸ਼ਨਰੀ ਨੈਸ਼ਨਲਿਸਟ ਸਟਰਗਲ ਇੰਨ ਬੰਗਾਲ ਐਂਡ ਮਹਾਂਰਾਸ਼ਟਰ : ਐਕਸਪਲੋਰਿੰਗ ਦਾ ਲਿੰਕਸ ਐਂਡ ਡਿਸਟਿੰਕਟਿਵ ਫੀਚਰਜ਼“ ਵਿਸ਼ੇ ਉੱਪਰ ਦਿੱਤਾ ਸੀ, ਵੀ ਲੋਕ ਅਰਪਣ ਕੀਤਾ ਗਿਆ । ਡਾ. ਕੁਲਬੀਰ ਸਿੰਘ ਢਿੱਲੋਂ, ਮੁਖੀ ਇਤਿਹਾਸ ਵਿਭਾਗ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।

Leave a Reply

Your email address will not be published. Required fields are marked *