ਸਰਕਾਰ ਮਾਪਿਆਂ ਦੀ ਸਹਿਮਤੀ ਤੋਂ ਬਿਨ੍ਹਾਂ ਬੱਚਿਆਂ ਦਾ ਟੀਕਾਕਰਨ ਨਾ ਕਰੇ : ਵਿਦਿਆਰਥੀ ਯੂਨੀਅਨ
ਪਟਿਆਲਾ 10 ਮਈ (ਮਧੂਸਾਰ ਬਿਊਰੋ) ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਪ੍ਰੋਗਰਾਮਾਂ ਤਹਿਤ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮ. ਆਰ. ਟੀਕਾਕਰਨ ਮਾਪਿਆਂ ਦੀ ਸਹਿਮਤੀ ਤੋਂ ਬਿਨ੍ਹਾਂ ਕਰਨ ਦੇ ਖਿਲਾਫ਼ ਵਿਚਾਰ-ਚਰਚਾ ਕਰਕੇ ਰੋਸ ਜਤਾਇਆ ਗਿਆ।
ਇਸ ਦੌਰਾਨ ਸੂਬਾ ਅਗੂ ਅਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਮਾਪਿਆਂ ਦੀ ਸਹਿਮਤੀ ਤੋਂ ਬਿਨ੍ਹਾਂ ਬੱਚਿਆਂ ਦਾ ਟੀਕਾਕਰਨ ਨਾ ਕਰੇ ਕਿਉਂਕਿ ਇਸ ਐਮ.ਆਰ. ਟੀਕਾਕਰਨ ਸੰਬੰਧੀ ਲੋਕਾਂ ਦੇ ਮਨਾਂ ਵਿੱਚ ਡਰ ਪਾਇਆ ਜਾ ਰਿਹਾ ਹੈ। ਸਰਕਾਰ ਨੇ ਡਾ. ਅਮਰ ਅਜ਼ਾਦ ਦੁਆਰਾ ਉਠਾਏ ਗਏ ਵਾਜਿਬ ਸਵਾਲਾਂ ਦਾ ਜਵਾਬ ਵਿਗਿਆਨਕ ਢੰਗ ਨਾਲ ਦੇਣਾ ਚਾਹੀਦਾ ਹੈ ਨਾ ਕਿ ਡਾ. ਅਮਰ ਅਜ਼ਾਦ ਉੱਤੇ ਝੂਠਾ ਪਰਚਾ ਦਰਜ਼ ਕਰਕੇ ਉਸਦੇ ਲੋਕਤੰਤਰਕ ਅਧਿਕਾਰਾਂ ਦਾ ਦਮਨ ਕਰਨਾ ਚਹੀਦਾ ਹੈ। ਬੁਲਾਰੇ ਨੇ ਕਿਹਾ ਵਿਗਿਆਨਕ ਖੋਜਾਂ ਨੇ ਸਿੱਧ ਕਰ ਦਿੱਤਾ ਹੈ ਕਿ ਟੀਕਾਕਰਨ ਦੀ ਬਹੁਤ ਜਿਆਦਾ ਵਰਤੋਂ ਨਾਲ ਨਕਲੀ ਰੱਖਿਆ-ਪ੍ਰਣਾਲੀ (ਇਮਿਊਨਟੀ) ਪੈਦਾ ਕਰਨ ਦੀਆਂ ਕੋਸ਼ਿਸਾਂ ਨਾਲ ਕੁਦਰਤੀ ਰੱਖਿਆ-ਪ੍ਰਣਾਲੀ ਦਾ ਸੰਤੁਲਨ ਵਿਗੜ ਜਾਂਦਾ ਹੈ। ਟੀਕਾਕਰਨ ਸੀਮਤ ਹੋਣਾ ਚਾਹੀਦਾ ਹੈ। ਜਦੋਂ ਤੱਕ ਸਰਕਾਰ ਡਾ. ਅਮਰ ਅਜ਼ਾਦ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੀ ਅਤੇ ਲੋਕ ਮਨਾਂ ਵਿੱਚ ਪੈਦਾ ਹੋਏ ਸ਼ੰਕੇ ਦੂਰ ਨਹੀਂ ਕਰਦੀ ਉਦੋਂ ਤੱਕ ਇਸ ਮੁਹਿੰਮ ਨੂੰ ਰੋਕ ਦੇਣਾ ਚਾਹੀਦਾ ਹੈ। ਸੂਬਾ ਆਗੂ ਗੁਰਸੇਵਕ ਸਿੰਘ ਨੇ ਕਿਹਾ ਕਿ ਜੋ ਬੱਚੇ ਇਸ ਟੀਕਾਕਰਨ ਤੋਂ ਪੀੜਤ ਹਨ ਉਹਨਾਂ ਦੇ ਇਲਾਜ ਦਾ ਜੁੰਮਾਂ ਸਰਕਾਰ ਚੁੱਕੇ। ਇਸ ਦੌਰਾਨ ਡਾ. ਅਮਰ ਅਜ਼ਾਦ ਉੱਪਰ ਦਰਜ ਪਰਚੇ ਦੀ ਨਿਖੇਧੀ ਕਰਦੇ ਹੋਏ ਪਰਚਾ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਅੰਤ ‘ਤੇ ਕਿਹਾ ਗਿਆ ਕਿ ਜੇਕਰ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਹੋਰ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕੀਤਾ ਜਾਵੇਗਾ। ਇਸ ਦੌਰਾਨ ਖੁਸ਼ਵਿੰਦਰ ਸਿੰਘ, ਅਰਸ਼ਦੀਪ, ਹਰਮਨ, ਰਣਜੀਤ, ਰਵੀ ਅਤੇ ਗਿਫਟੀ ਆਦਿ ਆਗੂ ਮੌਜੂਦ ਸਨ। ਮੰਚ ਸੰਚਾਲਕ ਦੀ ਭੂਮਿਕਾ ਗੁਰਪ੍ਰੀਤ ਸਿੰਘ ਨੇ ਨਿਭਾਈ ਅਤੇ ਲਖਵਿੰਦਰ ਸਿੰਘ ਨੇ ਪਹੁੰਚੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

