ਵਿਜੀਲੈਂਸ ਬਿਊਰੋ ਨੇ ਐਸ.ਏ.ਐਸ. ਨਗਰ ਦੇ ਹਵਾਈ ਅੱਡੇ ਦੀ ਸੜਕ ਦਾ ਕੀਤਾ ਅਚਾਨਕ ਨਿਰੀਖਣ
(ਸੜਕ ਦੇ ਨਿਰਮਾਣ ‘ਚ ਵਰਤੀ ਗਈ ਘਟੀਆ ਸਮੱਗਰੀ ਕਰਦੀ ਹੈ ਬੇਨਿਯਮੀਆਂ ਦੀ ਪੁਸ਼ਟੀ – ਬੀ.ਕੇ. ਉੱਪਲ)
(ਸੀਨੀਅਰ ਉਸਾਰੀ ਇੰਜਨੀਅਰਾਂ ਤੇ ਕੇਂਦਰੀ ਏਜੰਸੀ ਦੇ ਮਾਹਿਰਾਂ ਨੇ 200 ਫੁੱਟੀ ਸੜਕ ਦੇ ਨਮੂਨੇ ਲਏ)
ਚੰਡੀਗੜ੍ਹ, 19 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਨੇ ਅੱਜ ਸੜਕ ਨਿਰਮਾਣ ਇੰਜੀਨੀਅਰਾਂ ਸਮੇਤ ਐਸ.ਏ.ਐਸ. ਨਗਰ ਵਿਚ ਹਵਾਈ ਅੱਡੇ ਨੂੰ ਜੋੜਦੀ ਬੇਹੱਦ ਖਰਾਬ ਹਾਲਤ ਵਾਲੀ ਸੜਕ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਇਹ ਪਾਇਆ ਕਿ 200 ਫੁੱਟ ਸੜਕ ਦੇ ਨਿਰਮਾਣ ਦੌਰਾਨ ਨਿਰਧਾਰਿਤ ਮਿਆਰਾਂ ਅਤੇ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਗਈ।
ਜਾਣਕਾਰੀ ਦਿੰਦਿਆਂ ਅੱਜ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਵਾਈ ਅੱਡੇ ਨੂੰ ਜਾਂਦੀ ਹਾਲ ਹੀ ਵਿੱਚ ਬਣੀ ਇਸ ਸੜਕ ਦੀ ਮੰਦਹਾਲੀ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਬੀ.ਕੇ. ਉੱਪਲ ਏ.ਡੀ.ਜੀ.ਪੀ ਨੇ ਲੋਕ ਨਿਰਮਾਣ ਭਵਨ, ਗਮਾਡਾ, ਵਿਜੀਲੈਂਸ ਦੀ ਤਕਨੀਕੀ ਟੀਮ ਅਤੇ ਕੇਂਦਰੀ ਸੜਕ ਖੋਜ ਸੰਸਥਾ (ਸੀ.ਆਰ.ਆਰ.ਆਈ) ਦੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਆਇਨਾ ਕੀਤਾ ਜਿਸ ਦੌਰਾਨ ਸੜਕ ਦੀ ਸੈਂਪਲਿੰਗ ਲਈ ਜੇ.ਸੀ.ਬੀ ਮਸ਼ੀਨਾਂ ਰਾਹੀਂ ਸੜਕ ‘ਤੇ ਦੋ ਥਾਵਾਂ ‘ਤੇ ਖੁਦਾਈ ਕੀਤੀ ਅਤੇ ਇੱਕ ਥਾਂ ‘ਤੇ ਨਮੂਨਾ ਮਸ਼ੀਨ ਦੀ ਮੱਦਦ ਨਾਲ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਵਿਸ਼ੇਸ਼ ਮੁਆਇਨੇ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਸੜਕ ਨੂੰ ਮੌਜੂਦਾ ਜ਼ਮੀਨ ਅਤੇ ਭਾਰੀ ਆਵਾਜਾਈ ਦੇ ਮੁਤਾਬਿਕ ਡਿਜਾਈਨ ਨਹੀਂ ਕੀਤਾ ਗਿਆ, ਘਟੀਆ ਜਾਂ ਘੱਟ ਮਿਆਰੀ ਨਿਰਮਾਣ ਸਮੱਗਰੀ ਵਰਤਣ ਤੋਂ ਇਲਾਵਾ ਡੀ.ਪੀ.ਆਰ. ਦੇ ਨਾਲ-ਨਾਲ ਠੇਕੇ ਵਿਚ ਦਰਜ ਮੱਦਾਂ ਦੀ ਅਣਦੇਖੀ ਕੀਤੀ ਗਈ ਪਾਈ ਗਈ।
ਸ਼੍ਰੀ ਉੱਪਲ ਨੇ ਦੱਸਿਆ ਕਿ ਗਮਾਡਾ ਨੂੰ ਸੀ.ਆਰ.ਆਰ.ਆਈ ਪਹਿਲਾਂ ਹੀ ਇਸ ਸੜਕ ਦੇ ਨਮੂਨਿਆਂ ਬਾਰੇ ਰਿਪੋਰਟ ਦੇ ਚੁੱਕੀ ਹੈ। ਸ਼੍ਰੀ ਉੱਪਲ ਨੇ ਜਾਂਚ ਰਿਪੋਰਟ ਦੀ ਮੁੜ ਪੁਸ਼ਟੀ ਲਈ ਵਿਜੀਲੈਂਸ ਬਿਓਰੋ ਦੀ ਤਕਨੀਕੀ ਟੀਮ, ਲੋਕ ਨਿਰਮਾਣ ਇੰਜੀਨੀਅਰਾਂ, ਗਮਾਡਾ ਅਤੇ ਸੀ.ਆਰ.ਆਰ.ਆਈ. ਦੇ ਮਾਹਿਰਾਂ ਨੂੰ ਇਸ ਮੰਦੀ ਹਾਲਾਤ ਵਾਲੀ ਸੜਕ ਦੇ ਹੋਰ ਨਮੂਨੇ ਲੈਣ ਲਈ ਕਿਹਾ ਹੈ ਤਾਂ ਜੋ ਵਿਜੀਲੈਂਸ ਵੱਲੋਂ ਪੂਰੀ ਸਮੀਖਿਆ ਕੀਤੀ ਜਾ ਸਕੇ।
ਵਿਜੀਲੈਂਸ ਮੁੱਖੀ ਨੇ ਕਿਹਾ ਕਿ ਸੀ.ਆਰ.ਆਰ.ਆਈ ਦੀ ਅੰਤਿਮ ਰਿਪੋਰਟ ਦੇ ਆਧਾਰ ‘ਤੇ ਇਸ ਸੜਕ ਦੇ ਮਾੜੇ ਨਿਰਮਾਣ ਲਈ ਦੋਸ਼ੀ ਪਾਏ ਗਏ ਅਫਸਰਾਂ ਅਤੇ ਠੇਕੇਦਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਤਾਜ਼ਾ ਨਮੂਨਿਆਂ ਲਈ ਸੜਕ ਦੀ ਖੁਦਾਈ ਕਰਨ ਤੋਂ ਬਾਅਦ ਮੌਕੇ ‘ਤੇ ਮੌਜੂਦ ਸੀਨੀਅਰ ਸੜਕ ਨਿਰਮਾਣ ਇੰਜੀਨੀਅਰਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਸ ਸੜਕ ਦੀ ਉਸਾਰੀ ਵਿਚ ਕਈ ਬੇਨਿਯਮੀਆਂ ਵਰਤੀਆਂ ਗਈਆਂ ਹਨ ਜਿਸ ਕਾਰਨ ਥੋੜ੍ਹੇ ਸਮੇਂ ਵਿਚ ਹੀ ਸੜਕ ਨੂੰ ਨੁਕਸਾਨ ਪਹੁੰਚਿਆ ਹੈ।
ਇਸ ਮੌਕੇ ਹਾਜ਼ਰ ਹੋਰਨਾਂ ਅਧਿਕਾਰੀਆਂ ਵਿਚ ਵਿਜੀਲੈਂਸ ਬਿਓਰੋ ਦੇ ਡਾਇਰੈਕਟਰ ਜੀ. ਨਗੇਸ਼ਵਾਰਾ ਰਾਓ, ਆਈ.ਜੀ/ਈ.ਓ.ਡਬਲਿਊ ਸ਼ਿਵ ਕੁਮਾਰ ਵਰਮਾ ਅਤੇ ਪੀ.ਡਬਲਯੂ.ਡੀ., ਗਮਾਡਾ ਅਤੇ ਸੀ.ਆਰ.ਆਰ.ਆਈ ਦੇ ਸੀਨੀਅਰ ਇੰਜੀਨੀਅਰ ਵੀ ਸ਼ਾਮਲ ਸਨ।

