“ਭਾਰਤ ਵਿਚ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣਾ: ਸਿਆਸੀ ਆਰਥਿਕਤਾ ਦ੍ਰਿਸ਼ਟੀਕੋਣ” ਵਿਸ਼ੇ ਲੈਕਚਰ
ਪਟਿਆਲਾ, 04 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਵੈਲਪਮੈਂਟ ਅਤੇ ਇਨੋਵੇਸ਼ਨ ਸਟੱਡੀਜ਼, ਅਰਥ ਸ਼ਾਸਤਰ ਵਿਭਾਗ ਵਲੋਂ ਯੁਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ “ਭਾਰਤ ਵਿਚ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣਾ: ਸਿਆਸੀ ਆਰਥਿਕਤਾ ਦ੍ਰਿਸ਼ਟੀਕੋਣ“ ਵਿਸ਼ੇ ਤੇ ਪਹਿਲਾ ਪਬਲਿਕ ਲੈਕਚਰ ਕਰਵਾਇਆ ਗਿਆ ।
ਇਹ ਲੈਕਚਰ ਡਾ. ਪਰਮੋਦ ਕੁਮਾਰ, ਡਾਇਰੈਕਟਰ, ਇੰਸਟੀਚਿਊਟ ਆਫ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਨੇ ਪੇਸ਼ ਕੀਤਾ। ਸਮਾਰੋਹ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕੀਤਾ । ਦਿ ਟ੍ਰਿਬਿਊਨ ਦੇ ਐਡੀਟਰ-ਇਨ-ਚੀਫ ਡਾ. ਹਰੀਸ਼ ਖਰੇ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਡਾ. ਪਰੋਮਦ ਕੁਮਾਰ ਨੇ ਆਪਣਾ ਭਾਸ਼ਣ ਦਿੰਦਿਆਂ ਕਿਹਾ ਕਿ ਵਿਕਾਸ ਦੇ ਨਵੇਂ-ਉਦਾਰਵਾਦੀ ਮਾਰਗ ਨੂੰ ਇਕ ਮਹੱਤਵਪੂਰਣ ਇਤਿਹਾਸਕ ਮਾਹੌਲ ਵਿਚ ਬਦਲਣ ਲਈ ਕਈ ਦ੍ਰਿਸ਼ਟੀਕੋਣਾਂ ਅਤੇ ਮਾਪਾਂ ਤੋਂ ਗੰਭੀਰ ਜਾਂਚਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਬੁੱਧੀਜੀਵੀਆਂ, ਅਕਾਦਮਿਕਾਂ ਅਤੇ ਹੋਰ ਗਿਆਨਵਾਨ ਵਿਅਕਤੀਆਂ ਨੂੰ ਅਸਫਲਤਾ ਦੇ ਡਰ ਤੋਂ ਬਿਨਾਂ ਆਪਣਾ ਕੰਮ ਕਰਨਾ ਚਾਹੀਦਾ ਹੈ। ਡਾ. ਕੁਮਾਰ ਨੇ ਕਿਹਾ ਕਿ ਮਜ਼ਦੂਰਾਂ ਦੇ ਸੁਧਾਰਾਂ ਸਦਕਾ ਕਾਮਿਆਂ ਦਾ ਜਾਨੀ ਨੁਕਸਾਨ, ਅਸਲੀ ਤਨਖ਼ਾਹ ਵਿਚ ਕਮੀ ਅਤੇ ਸਮਾਜਿਕ ਸੁਰੱਖਿਆ ਜਾਲਾਂ ਨੂੰ ਨਸ਼ਟ ਕਰਨ ਵਰਗੀਆਂ ਪ੍ਰਵਿਰਤੀਆਂ ਜਨਮ ਲੈਂਦੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਸਭਿਆਚਾਰਕ ਪ੍ਰਣਾਲੀਆਂ ਨੇ ਸੰਪਰਦਾਇਕਤਾ, ਨਸਲਵਾਦ ਅਤੇ ਜਾਤਪਾਤ ਦੁਆਰਾ ਸਮਾਜਿਕ ਅਸਮਾਨਤਾਵਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ। ਡਾ. ਪ੍ਰਮੋਦ ਕੁਮਾਰ ਨੇ ਕਿਹਾ ਕਿ ਆਰਥਿਕ ਵਿਕਾਸ ਦਾ ਜੋਰਦਾਰ ਪ੍ਰਭਾਵ ਉਤਪਾਦਨ ਵਧਾਉਣ ਲਈ ਕੀਤਾ ਗਿਆ ਹੈ, ਸਿੱਟੇ ਵਜੋਂ ਸਮਾਜਿਕ ਆਰਥਿਕ ਵਿਕਾਸ ਦੀ ਸਫ਼ਲਤਾ ਨੂੰ ਪ੍ਰਤੀ ਵਿਅਕਤੀ ਆਮਦਨ, ਵਿਕਾਸ ਦਰ ਦੇ ਵਾਧੇ ਅਤੇ ਇਕ ਵੱਡੇ ਸਨਅਤੀ ਅਤੇ ਖੇਤੀਬਾੜੀ ਆਧਾਰ ਦਾ ਜ਼ਿਕਰ ਕਰਕੇ ਮਾਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਕਿ ਸੰਸਥਾਵਾਂ ਦੀ ਪ੍ਰਕਿਰਤੀ ਪ੍ਰੋਤਸਾਹਨ ਢਾਂਚੇ ਨੂੰ ਤੈਅ ਕਰਦੀ ਹੈ ਅਤੇ ਇਹ ਵਿਅਕਤੀਆਂ ਅਤੇ ਸਮਾਜਿਕ ਸਮੂਹਾਂ ਦੇ ਵਿਵਹਾਰ ਨੂੰ ਆਕਾਰ ਪ੍ਰਦਾਨ ਕਰਦੀ ਹੈ ਅਤੇ ਆਰਥਿਕ ਨਤੀਜਿਆਂ ਨੂੰ ਨਿਰਧਾਰਤ ਕਰਦੀ ਹੈ। ਡਾ. ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਮਹੱਤਵਪੂਰਣ ਮੁੱਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਹੁਨਰ ਵਿਕਾਸ ਵਿਚ ਆਪਣੀ ਊਰਜਾ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਜੋ ਕਿ ਉਨ੍ਹਾਂ ਦਾ ਕੰਮ ਨਹੀਂ ਹੈ।
ਡਾ. ਹਰੀਸ਼ ਖਰੇ ਨੇ ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਸਮਕਾਲੀ ਪ੍ਰਸੰਗ ਦੇ ਮੁੱਦਿਆਂ ਨੂੰ ਉਠਾਉਣ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਇਸ ਮੌਕੇ ਤੇ ਅੱਗੇ ਆਉਣਾ ਚਾਹੀਦਾ ਹੈ ਅਤੇ ਮੁਸ਼ਕਲ ਦੌਰ ਵਿੱਚ ਰਾਸ਼ਟਰ ਨੂੰ ਅਗਵਾਈ ਦੇਣੀ ਚਾਹੀਦੀ ਹੈ। ਡਾ. ਖਰੇ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਗੱਲਬਾਤ ਅਤੇ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋ ਕੇ ਹੱਲ ਲੱਭਣੇ ਚਾਹੀਦੇ ਹਨ।
ਆਪਣੇ ਉਦਘਾਟਨੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਯੂਨੀਵਰਸਿਟੀ ਦੀ ਅੰਦਰੂਨੀ ਮਜਬ਼ੂਤੀ ਨੂੰ ਦਰਸਾਉਂਦੇ ਵੱਖ-ਵੱਖ ਪੱਖਾਂ ਦਾ ਜ਼ਿਕਰ ਕੀਤਾ। ਇਸ ਮੌਕੇ ਤੇ ਡਾ. ਘੁੰਮਣ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ।
ਇਸ ਤੋਂ ਪਹਿਲਾਂ ਡਾ. ਲਖਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਲੈਕਚਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

