ਪੰਜਾਬਪਟਿਆਲਾ

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵਿਲੱਖਣ ਤੇ ਇਤਿਹਾਸਕ ਹੋਵੇਗਾ : ਪ੍ਰੋ. ਬਡੂੰਗਰ

ਪਟਿਆਲਾ 4 ਅਕਤੂਬਰ (ਮਧੂਸਾਰ ਬਿਊਰੋ) ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਕ ਸਮਾਗਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਕ ਸਮਾਗਮ ਵਿਲੱਖਣ ਤੇ ਇਤਿਹਾਸਕ ਹੋਵੇਗਾ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਿੱਤੀ।

ਪ੍ਰੋ. ਬਡੂੰਗਰ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਨਿਵੇਕਲੇ ਢੰਗ ਨਾਲ ਮਨਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਵਾਇਤੀ ਪ੍ਰੰਪਰਾਵਾਂ ਮੁਤਾਬਕ ਜਲੋਅ ਸਜਾਏ ਜਾਣਗੇ ਅਤੇ ਨਗਰ ਕੀਰਤਨ ਵਿਸ਼ੇਸ਼ ਤੌਰ ‘ਤੇ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਕਿਹਾ 7 ਅਕਤੂਬਰ ਨੂੰ ਰਾਗ ਦਰਬਾਰ ਵਿਚ ਉਚ ਕੋਟੀ ਦੇ ਰਾਗੀ ਜਥੇ ਹਿੱਸਾ ਲੈ ਰਹੇ ਹਨ, ਜੋ ਗੁਰਬਾਣੀ ਪ੍ਰਵਾਹ ਰਾਹੀਂ ਧਾਰਮਕ ਸਮਾਗਮ ਨੂੰ ਨਿਵੇਕਲਾ ਬਣਾਉਣਗੇ। ਉਨ੍ਹਾਂ ਕਿਹਾ ਕਿ ਗੁਰੂ ਦੀ ਨਗਰੀ ਨੂੰ ਸਮੁੱਚੇ ਸੰਸਾਰ ‘ਚ ਅਧਿਆਤਮਕ ਕੇਂਦਰ ਵਜੋਂ ਵਿਕਸਿਤ ਕਰਨ ਲਈ ਸ਼੍ਰੋਮਣੀ ਕਮੇਟੀ ਕਾਰਜਸ਼ੀਲ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪ੍ਰਕਾਸ਼ ਪੁਰਬ ਅਲੌਕਿਕ ਬਣਾਉਣ ਲਈ ਫੁੱਲਾਂ ਦੀ ਸਜਾਵਟ ਅਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਧਿਆਨ ‘ਚ ਰੱਖਦਿਆਂ ਪ੍ਰਦੂਸ਼ਣ ਮੁਕਤ ਆਤਿਸ਼ਬਾਜ਼ੀ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਗੁਰੂ ਦੀ ਨਗਰੀ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ‘ਚ ਵੱਖਰਾ ਉਤਸ਼ਾਹ ਹੈ। ਉਨਾਂ ਕਿਹਾ ਕਿ ਗੁਰੂ ਕੀ ਨਗਰੀ ਦੀਆਂ ਸਿੱਖ ਸੰਸਥਾਵਾਂ, ਸਭਾ ਸੁਸਾਇਟੀਆਂ ਅਤੇ ਸੰਗਤਾਂ ਨਾਲ ਮਿਲਕੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਇਆ ਜਾਵੇਗਾ। ਪ੍ਰੋ. ਬਡੂੰਗਰ ਨੇ ਸ੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਪ੍ਰਕਾਸ਼ ਪੁਰਬ ਦੇ ਸਬੰਧੀ ਹੋਣ ਜਾ ਰਹੇ ਧਾਰਮਕ ਸਮਾਗਮ ਦੌਰਾਨ ਸਮੁੱਚੇ ਪ੍ਰਬੰਧਾਂ ‘ਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਨਹੀਂ ਰਹਿਣੀ ਚਾਹੀਦੀ।

Leave a Reply

Your email address will not be published. Required fields are marked *