ਕਾਮਰਸ ਐਂਡ ਮੈਨੇਜਮੈਂਟ ਦੀ ਸਿੱਖਿਆ ਦੇ ਖੇਤਰ ਵਿਚ ਆਲੋਚਨਾਤਮਕ ਚਿੰਤਨ ਦਾ ਵਿਕਾਸ ਵਿਸ਼ੇ ‘ਤੇ ਇਕ ਰੋਜ਼ਾ ਅੰਤਰ ਰਾਸ਼ਟਰੀ ਵਰਕਸ਼ਾਪ
ਪਟਿਆਲਾ 9 ਅਕਤੂਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਸਕੂਲ ਆਫ਼ ਕਾਮਰਸ ਐਂਡ ਮੈਨੇਜਮੈਂਟ ਵੱਲੋਂ ਕਾਮਰਸ ਐਂਡ ਮੈਨੇਜਮੈਂਟ ਦੀ ਸਿੱਖਿਆ ਵਿਚ ਆਲੋਚਨਾਤਮਕ ਚਿੰਤਨ ਦਾ ਵਿਕਾਸ ਵਿਸ਼ੇ ‘ਤੇ ਇਕ ਰੋਜ਼ਾ ਅੰਤਰ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਵਿਚ ਪ੍ਰੋ. ਕਿਰਪਾਲ ਸਿੰਘ ਬੰਡੂਗਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ ਨੇ ਮੁੱਖ ਮਹਿਮਾਨ, ਡਾ. ਜਤਿੰਦਰ ਸਿੰਘ ਸਿੱਧੂ, ਡਾਇਰੈਕਟਰ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਵਿਸ਼ੇਸ਼ ਮਹਿਮਾਨ, ਡਾ. ਮਾਇਕਲ ਕੈਨ, ਪ੍ਰੋਫ਼ੈਸਰ ਇੰਨ ਆਰ.ਐਮ.ਆਈ.ਟੀ. ਯੂਨੀਵਰਸਿਟੀ, ਅਸਟ੍ਰੇਲੀਆ, ਡਾ. ਮਹੇਸ਼ ਜ਼ੋਸ਼ੀ, ਪ੍ਰੋਫ਼ੈਸਰ ਇਨ ਆਰ.ਐਮ.ਆਈ.ਟੀ. ਯੂਨੀਵਰਸਿਟੀ, ਅਸਟ੍ਰੇਲੀਆ, ਉੱਭਰਦੀ ਹੋਈ ਲੇਖਿਕਾ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਦੀ ਵਿਦਿਆਰਥਣ ਸਿਰਜਣ ਉੱਭਾ ਨੇ ਬੁਲਾਰਿਆ ਵੱਜੋਂ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ, ਡਾ. ਧਰਮਿੰਦਰ ਸਿੰਘ ਉੱਭਾ ਨੇ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੌਰਾਨ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਅਲੋਚਨਾਤਮਕ ਚਿੰਤਨ ਤੋਂ ਜਾਣੂ ਕਰਵਾਉਂਦਿਆਂ ਅਧਿਆਪਕਾਂ ਨੂੰ ਸਵੈ ਨਿਰਦੇਸ਼ਤ ਸੋਚ ਅਪਣਾਉਣ ਲਈ ਕਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਅਜੋਕੇ ਤਕਨਾਲੋਜੀ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਸਮੇਂ ਦਾ ਹਾਣ ਦਾ ਬਣਾਉਣ ਲਈ ਅਧਿਆਪਕਾਂ ਨੂੰ ਸਿੱਖਿਆ ਨਾਲ ਜੁੜੇ ਤਕਨੀਕੀ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ।
ਪ੍ਰੋ. ਕਿਰਪਾਲ ਸਿੰਘ ਬੰਡੂਗਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿੰਤਸਰ ਸਾਹਿਬ ਨੇ ਕਿਹਾ ਕਿ ਸਮਾਜ ਦੇ ਆਰਥਿਕ, ਰਾਜਨੀਤਿਕ, ਧਾਰਮਿਕ ਅਤੇ ਸਭਿਆਚਾਰਕ ਭਾਵ ਹਰ ਤਰ੍ਹਾਂ ਦੇ ਵਿਕਾਸ ਲਈ ਆਲੋਚਨਾਤਮਕ ਚਿੰਤਨ ਅਤਿ ਮਹੱਤਵਪੂਰਨ ਹੈ। ਸਿੱਖ ਗੁਰੂ ਸਾਹਿਬਾਨ ਨੇ ਤਾਂ ਇਸ ਦੇ ਮਹੱਤਵ ਨੂੰ ਅੱਜ ਤੋਂ ਕਈ ਸਦੀਆਂ ਪਹਿਲਾਂ ਪਹਿਚਾਣ ਲਿਆ ਸੀ, ਇਸੇ ਕਰਕੇ ਹੀ ਉਹਨਾਂ ਨੇ ਮਨੁੱਖ ਨੂੰ ਸਦਾਚਾਰਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਕਿਹਾ। ਉਹਨਾਂ ਨੇ ਗੁਰਬਾਣੀ ਦੇ ਹਵਾਲੇ ਨਾਲ ਕਿਹਾ ਕਿ ਸਹੀ ਚਿੰਤਨ ਉਹ ਹੀ ਹੁੰਦਾ ਹੈ ਜਿਸ ਵਿਚ ਸਾਡੀ ਦ੍ਰਿਸ਼ਟੀ ਲੋਭ, ਮੋਹ ਅਤੇ ਹੰਕਾਰ ਤੋਂ ਉੱਪਰ ਉੱਠੀ ਹੋਈ ਹੋਵੇ। ਸਾਡੇ ਅੰਦਰ ਮਾਨਵਤਾ ਦਾ ਸੰਕਲਪ ਦੇਸ਼ ਧਰਮ ਜਾਂ ਕੌਮ ਤੱਕ ਸੰਕੀਰਨ ਨਾ ਹੋਵੇ ਸਗੋਂ ਸਮੁੱਚੇ ਵਿਸ਼ਵ ਤੱਕ ਫੈਲਿਆ ਹੋਇਆ ਹੋਵੇ। ਪ੍ਰੋ. ਬੰਡੂਗਰ ਨੇ ਇਹ ਵੀ ਕਿਹਾ ਕਿ ਅੱਜ ਸੰਸਾਰ ਦੀਆਂ ਵੱਡੀਆਂ ਸ਼ਕਤੀਆਂ ਆਪਣੇ ਪੂੰਜੀਵਾਦੀ ਹਿੱਤਾਂ ਦੀ ਪੂਰਤੀ ਲਈ ਸਮੁੱਚੀ ਮਾਨਵਤਾ ਨੂੰ ਅੱਖੋਂ ਪਰੋਖੇ ਕਰ ਰਹੀਆਂ ਹਨ। ਜਿਸ ਦੇ ਸਿੱਟੇ ਵੱਜੋਂ ਕਈ ਪ੍ਰਕਾਰ ਦੇ ਵਾਤਾਵਰਨੀ ਵਿਗਾੜ ਪੈਦਾ ਹੋ ਰਹੇ ਹਨ। ਇਸ ਲਈ ਜ਼ਰੂਰਤ ਹੈ ਕਿ ਸਾਡੇ ਵਣਜ ਸ਼ਾਸਤਰੀਆਂ ਦੀ ਦ੍ਰਿਸ਼ਟੀ ਵਿਸ਼ਵਵਿਆਪੀ ਅਤੇ ਸਰਬੱਤ ਦੇ ਭਲੇ ਵਾਲੀ ਹੋਵੇ।
ਡਾ. ਜਤਿੰਦਰ ਸਿੰਘ ਸਿੱਧੂ ਨੇ ਕਾਲਜ ਦੁਆਰਾ ਕੀਤੇ ਗਏ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕ ਦਾ ਰੋਲ ਸਿਰਫ਼ ਸੂਚਨਾ ਦੇਣਾ ਹੀ ਨਹੀਂ ਹੈ ਸਗੋਂ ਉਸ ਨੇ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਬਣਨਾ ਹੈ। ਇਸ ਲਈ ਉਸ ਨੂੰ ਆਪਣੀ ਖੋਜ਼ ਵਿਚ ਅਨੂਭਵ ਭਰਪੂਰ ਗਿਆਨ ਅਤੇ ਨੈਤਿਕ ਨਿਯਮਾਂ ਨੂੰ ਮਹੱਤਤਾ ਦੇਣੀ ਚਾਹੀਦੀ ਹੈ।
ਡਾ. ਮਾਈਕਲ ਨੇ ‘ਯੂਜਿੰਗ ਸ਼ੋਸਲ ਮੀਡੀਆ ਇਨ ਟੀਚਿੰਗ ਪੈਡਾਗੋਗੀ’ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਆਪਕ ਨੂੰ ਪੁਰਾਣੀਆਂ ਵਿਧੀਆਂ ਦੀ ਥਾਂ ਤੇ ਨਵੀਆਂ ਤਕਨੀਕਾਂ ਜਿਵੇਂ ਯੂ-ਟਿਊਬ ਵਿਡਿਓਜ਼ ਅਤੇ ਕਲਾਸ ਗਤੀਵਿਧੀਆਂ ਅਪਣਾਉਣੀਆਂ ਚਾਹੀਦੀਆਂ ਹਨ।
ਡਾ. ਮਹੇਸ਼ ਜੋਸ਼ੀ ਨੇ ਕਿਹਾ ਕਿ ਅਧਿਆਪਕ ਉਸਾਰੂ ਅਤੇ ਸਾਕਾਰਤਮਕ ਸੋਚ ਵਾਲਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਪ੍ਰੇਰਿਤ ਕਰ ਸਕੇ। ਉਹਨਾਂ ਇਹ ਵੀ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਵਿਚ ਦੋ ਪੱਖੀ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਬੇਝਿਜਕ ਅਧਿਆਪਕ ਕੋਲ ਆਪਣੀਆਂ ਸਮੱਸਿਆਵਾਂ ਲਿਜਾ ਸਕਣ ਅਤੇ ਅਧਿਆਪਕ ਉਹਨਾਂ ਦੇ ਲੋੜੀਂਦੇ ਹੱਲ ਕੱਢ ਸਕਣ।
ਇਸ ਮੌਕੇ ਸਿਰਜਣ ਉੱਭਾ ਨੇ ਵਿਦਿਆਰਥੀ ਪੱਖ ਤੋਂ ਬੋਲਦੇ ਹੋਏ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਪ੍ਰਾਪਤ ਕੀਤੇ ਅਨੁਭਵ ਨੂੰ ਸਾਂਝੇ ਕਰਦਿਆਂ ਭਾਰਤੀ ਸਿੱਖਿਆ ਪ੍ਰਣਾਲੀ ਅਤੇ ਲੰਡਨ ਸਿੱਖਿਆ ਪ੍ਰਣਾਲੀ ਦੇ ਢਾਂਚੇ ਵਿਚਲੇ ਅੰਤਰ ਨੂੰ ਸਪੱਸ਼ਟ ਕੀਤਾ। ਉਹਨਾਂ ਕਿਹਾ ਕਿ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਆਧੁਨਿਕ ਤਕਨੀਕਾਂ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ।
ਡਾ. ਜਸਲੀਨ ਕੌਰ, ਡਿਪਟੀ ਪ੍ਰਿੰਸੀਪਲ ਅਤੇ ਮੁਖੀ, ਕਾਮਰਸ ਐਂਡ ਮੈਨੇਜਮੈਂਟ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਇਹਨਾਂ ਮਹਾਨ ਵਿਦਵਾਨਾਂ ਦੇ ਵਿਚਾਰ ਸੁਣਨ ਨੂੰ ਮਿਲੇ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਸਥਾਨਕ ਕਾਲਜ ਦੇ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ।

