ਬੱਸ ਪਾਸਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਪੀ.ਆਰ.ਟੀ.ਸੀ. ਨੇ ਹੋਲੋਗ੍ਰਾਮ ਲਗਾਏ
ਪਟਿਆਲਾ, 9 ਅਕਤੂਬਰ (ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਸ਼੍ਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਜੋ ਵਿਦਿਆਰਥੀ ਅਤੇ ਮਹੀਨਾਵਾਰ ਰਿਆਇਤੀ ਪਾਸ ਜਾਰੀ ਕੀਤੇ ਜਾਂਦੇ ਸਨ ਉਹਨਾਂ ਦੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਰੰਗਦਾਰ ਫੋਟੋਕਾਪੀ ਕਰਵਾਕੇ ਬੱਸਾਂ ਵਿੱਚ ਨਜਾਇਜ ਸਫਰ ਕੀਤਾ ਜਾਂਦਾ ਧਿਆਨ ਵਿੱਚ ਆਇਆ ਸੀ ਜਿਸ ਨਾਲ ਪੀ.ਆਰ.ਟੀ.ਸੀ. ਨੂੰ ਰੋਜਾਨਾਂ ਹਜਾਰਾਂ ਰੁਪਏ ਦਾ ਮਾਲੀ ਨੁਕਾਸਨ ਹੋ ਰਿਹਾ ਸੀ।
ਸ਼੍ਰੀ ਨਾਰੰਗ ਨੇ ਦੱਸਿਆ ਕਿ ਇਸ ‘ਤੇ ਕਾਬੂ ਪਾਉਣ ਲਈ ਮਿਤੀ 1 ਅਕਤੂਬਰ 2017 ਤੋਂ ਜਿੰਨੇ ਵੀ ਨਵੇਂ/ਰਿਨਿਊ ਵਿਦਿਆਰਥੀ ਪਾਸ ਅਤੇ ਮਹੀਨਾਵਾਰ ਪਾਸ ਪੀ.ਆਰ.ਟੀ.ਸੀ. ਵੱਲੋਂ ਜਾਰੀ ਕੀਤੇ ਜਾ ਰਹੇ ਹਨ ਉਹਨਾਂ ਉਪਰ ਪੀ.ਆਰ.ਟੀ.ਸੀ. ਵੱਲੋਂ ਹੋਲੋਗ੍ਰਾਮ ਲਗਾਉਣਾ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਫੋਟੋਕਾਪੀ ਕਰਕੇ ਵਰਤੋਂ ਕਰਨੀ ਮੁਮਕਿਨ ਨਹੀਂ ਹੋਵੇਗੀ। ਇਹ ਹੋਲੋਗ੍ਰਾਮ ਹਰ ਤਿਮਾਹੀ ਦੇ ਅਲੱਗ-ਅਲੱਗ ਰੰਗਾਂ ਵਿੱਚ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਸ ਨਾਲ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਜਿਥੇ ਕੁਝ ਵਿਅਕਤੀ ਇਸ ਦੀ ਦੁਰਵਰਤੋਂ ਕਰਕੇ ਲਾਭ ਉਠਾਉੁਂਦੇ ਸਨ ਉਸਨੂੰ ਨਕੇਲ ਪਵੇਗੀ ਅਤੇ ਪੀ.ਆਰ.ਟੀ.ਸੀ. ਨੂੰ ਮਾਲੀ ਫਾਇਦਾ ਵੀ ਹੋਵੇਗਾ।
ਉਹਨਾਂ ਆਮ ਜਨਤਾ ਅਤੇ ਵਿਦਿਆਰਥੀ ਜੋ ਵਿਦਿਆਰਥੀ ਪਾਸ ਜਾਂ ਮਹੀਨਾਵਾਰ ਰਿਆਇਤੀ ਪਾਸ ਪੀ.ਆਰ.ਟੀ.ਸੀ. ਵੱਲੋਂ ਜਾਰੀ ਕਰਵਾਉਂਦੇ ਹਨ ਉਹਨਾਂ ਨੂੰ ਕਿਹਾ ਹੈ ਕਿ ਉਹ ਆਪਣਾ ਪਾਸ ਪ੍ਰਾਪਤ ਕਰਨ ਸਮੇਂ ਇਹ ਯਕੀਨੀ ਬਣਾਉਣ ਕਿ ਉਸ ਉਪਰ ਇਹ ਹੋਲੋਗ੍ਰਾਮ ਲੱਗਿਆ ਹੋਇਆ ਹੈ ਜਾਂ ਨਹੀਂ। ਜੇਕਰ ਚੈਕਿੰਗ ਦੌਰਾਨ ਕਿਸੇ ਵੀ ਵਿਦਿਆਰਥੀ ਜਾਂ ਸਫਰਕਰਤਾ ਕੋਲ ਬਗੈਰ ਹੋਲੋਗ੍ਰਾਮ ਵਾਲਾ ਪਾਸ ਪਾਇਆ ਗਿਆ ਤਾਂ ਉਸਨੂੰ ਸਹੀ ਨਹੀਂ ਮੰਨਿਆ ਜਾਵੇਗਾ ਅਤੇ ਨਿਯਮਾਂ ਅਨੁਸਾਰ ਵਿਦਿਆਰਥੀ ਜਾਂ ਸਵਾਰੀ ਨੂੰ ਬਗੈਰ ਟਿਕਟ ਮੰਨਦੇ ਹੋਏ 10 ਗੁਣਾਂ ਜੁਰਮਾਨਾ ਕੀਤਾ ਜਾ ਸਕਦਾ ਹੈ।

