ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਦੂਸ਼ਣ ਮੁਕਤ ਹਰੀ ਦੀਵਾਲੀ ਮਨਾਉਣ ਦੇ ਸੰਦੇਸ਼ ਨੂੰ ਸਮਰਪਿਤ ਕੱਢੀ ਰੈਲੀ
ਪਟਿਆਲਾ, 17 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪ੍ਰਦੂਸ਼ਣ ਮੁਕਤ, ਪਟਾਕਿਆਂ ਤੋਂ ਰਹਿਤ ਅਤੇ ਹਰੀ ਦਿਵਾਲੀ ਮਨਾਉਣ ਦੇ ਸੰਦੇਸ਼ ਨੂੰ ਫੈਲਾਉਣ ਲਈ ਕੈਂਪਸ ਦੇ ਆਲੇ ਦੁਆਲੇ ਇੱਕ ਰੈਲੀ ਕੱਢੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਡਾ. ਘੁੰਮਣ ਨੇ ਕਿਹਾ ਕਿ ਸਮਾਜ ਵਿੱਚ ਸਕਾਰਾਤਮਕ ਅਤੇ ਹਾਂ-ਪੱਖੀ ਸੰਦੇਸ਼ਾਂ ਦੇ ਪ੍ਰਸਾਰ ਲਈ ਵਿਦਿਅਕ ਅਦਾਰੇ ਅਜਿਹੀਆਂ ਗਤੀਵਿਧੀਆਂ ਦੇ ਮੁੱਖ ਕੇਂਦਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਨੂੰ ਨੀਵੇਂ ਪੱਧਰ ਦੇ ਕਾਰਜ ਨਹੀਂ ਸਮਝਣਾ ਚਾਹੀਦਾ ਸਗੋਂ ਇਹ ਨੈਤਿਕਤਾ ਅਤੇ ਸਿਧਾਂਤਕ ਮੁੱਲਾਂ ਦੀ ਪੈਰਵੀ ਕਰਦੇ ਹਨ। ਡਾ. ਘੁੰਮਣ ਨੇ ਅੱਗੇ ਕਿਹਾ ਕਿ ਇਹ ਸਿਰਫ ਇੱਕ ਮਹਾਨ ਅਤੇ ਉਦਾਰਤਾ ਵਾਲਾ ਕਾਰਜ ਹੀ ਨਹੀਂ ਸਗੋਂ ਇਹ ਸਮਾਜ ਸੇਵਾ ਦੇ ਖੇਤਰ ਵਿੱਚ ਅੰਤਰ-ਰਾਸ਼ਟਰੀ ਪੱਧਰ ਤੇ ਨੌਕਰੀਆਂ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਐਨ.ਐਸ.ਐਸ. ਅਤੇ ਸਮਾਜ ਕਾਰਜ ਵਿਭਾਗਾਂ ਨੂੰ ਉਘੀਆਂ ਸ਼ਖਸੀਅਤਾਂ ਜਾਂ ਕੁੱਝ ਵਿਸ਼ੇਸ਼ ਦਿਨਾਂ ਨੂੰ ਸਮਰਪਿਤ ਪ੍ਰੋਗਰਾਮ ਆਯੋਜਿਤ ਕਰਦੇ ਰਹਿਣ ਦੀ ਸਲਾਹ ਦਿੱਤੀ।
ਡਾ. ਘੁੰਮਣ ਨੇ ਕਿਹਾ ਕਿ ਕੈਂਪਸ ਵਿੱਚ ਸਥਿਤ ਵੱਖ-ਵੱਖ ਕੈਨਟੀਨਾਂ ਅਤੇ ਖਾਣ-ਪੀਣ ਦੇ ਸਟਾਲਾਂ ਦੇ ਮਾਲਕਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਕੈਂਪਸ ਵਿਖੇ ਪਲਾਸਟਿਕ ਦੇ ਕੰਟੇਨਰਾਂ ਸਮੇਤ ਕਿਸੇ ਵੀ ਕਿਸਮ ਦੇ ਕੂੜੇ ਜਾਂ ਗੰਦਗੀ ਨੂੰ ਫੈਲਾਉਣ ਲਈ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਾਰਜਕਾਰੀ ਇੰਜੀਨੀਅਰ ਨੂੰ ਵੀ ਯੂਨੀਵਰਸਿਟੀ ਦੇ ਵਸਨੀਕਾਂ ਨੂੰ ਡੇਂਗੂ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਫੋਗਿੰਗ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਸ ਮੌਕੇ ਤੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ; ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ; ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ; ਐਨ.ਐਸ.ਐਸ. ਕੋਆਰਡੀਨੇਟਰ ਡਾ. ਪਰਮਵੀਰ ਸਿੰਘ; ਸੋਸ਼ਲ ਵਰਕ ਵਿਭਾਗ ਦੇ ਮੁਖੀ ਡਾ. ਡੀ.ਐਸ. ਮੋਰ ਅਤੇ ਡਾ. ਗੁਰਨਾਮ ਸਿੰਘ ਨੇ ਵੀ ਰੈਲੀ ਵਿੱਚ ਹਿੱਸਾ ਲਿਆ।

