ਸ਼ਾਨਦਾਰ ਰਿਹਾ ਪੰਜਾਬ ਪਬਲਿਕ ਸਕੂਲ ਨਾਭਾ ਦਾ 58ਵਾਂ ਸਥਾਪਨਾ ਦਿਵਸ
ਬ੍ਰਹਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ਸਮੇਤ ਕਈ ਸਖ਼ਸ਼ੀਅਤਾਂ ਪਹੁੰਚੀਆਂ
ਨਾਭਾ (ਪਟਿਆਲਾ)17 ਅਕਤੂਬਰ (ਮਧੂਸਾਰ ਬਿਊਰੋ) ਸਿੱਖਿਆ ਖੇਤਰ ਦੀ ਮੰਨੀ ਪ੍ਰਮੰਨੀ ਵਿਦਿਅਕ ਸੰਸਥਾ ਪੰਜਾਬ ਪਬਲਿਕ ਸਕੂਲ ਨਾਭਾ ਦਾ 58ਵਾਂ ਸਥਾਪਨਾ ਦਿਵਸ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਪੰਜਾਬ ਪਬਲਿਕ ਸਕੂਲ ਨਾਭਾ ਨੂੰ ਉਸ ਦੀਆਂ ਸ਼ਾਨਦਾਰ ਉਪਲੱਭਧੀਆਂ ਲਈ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਇਹ ਵਿਦਿਆਰਥੀ ਅੱਗੇ ਜਾ ਕੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੀ.ਪੀ.ਐਸ. ਨਾਭਾ ਅਜਿਹਾ ਸਕੂਲ ਹੈ ਜਿਸ ਨੇ ਪਿਛਲੇ 57 ਸਾਲਾਂ ਚ ਕਾਫੀ ਤਰੱਕੀ ਕੀਤੀ ਹੈ ਅਤੇ ਇਲਾਕੇ ਦੇ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਅੰਗਰੇਜ਼ੀ ਵਿੱਚ ਵਧੀਆ ਤਰੀਕੇ ਨਾਲ ਸਿੱਖਿਅਤ ਕੀਤਾ ਹੈ। ਉਹਨਾ ਕਿਹਾ ਕਿ ਕਾਊਂਸੀਲ ਆਫ਼ ਇੰਡੀਅਨ ਸਰਟੀਫਿਕੇਟ ਸਕੂਲ ਐਜੂਕੇਸ਼ਨ ਨਵੀਂ ਦਿੱਲੀ ਨਾਲ ਸਬੰਧਿਤ ਇਸ ਸਕੂਲ ਵਿੱਚ ਨਾ ਕੇਵਲ ਕਲਾਸਾਂ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ ਬਲਕਿ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਬੱਚਿਆਂ ਨੂੰ ਹੁਨਰਮੰਦ ਬਣਾਇਆ ਜਾਂਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾ ਘੋੜਸਵਾਰੀ ਬਹੁਤ ਮਸ਼ਹੂਰ ਸੀ। ਪਰ ਹੁਣ ਭਾਰਤ ਦੇ ਇਹ ਕੁਝ ਸਕੂਲਾਂ ਵਿੱਚ ਹੀ ਰਹਿ ਗਈ ਹੈ। ਪੀ.ਪੀ.ਐਸ. ਨਾਭਾ ਕੋਲ ਘੋੜ ਸਵਾਰੀ ਲਈ ਵੱਡਾ ਮੈਦਾਨ ਅਤੇ ਚੰਗੇ ਘੋੜੇ ਹਨ ਜਿਹੜੇ ਕਿ ਆਮ ਤੌਰ ਤੇ ਨਹੀਂ ਹੁੰਦੇ।
ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੀ.ਪੀ.ਐਸ. ਨਾਭਾ ਚੋਂ ਪੜ੍ਹ ਕਿ ਭਾਰਤ ਦੀ ਫੌਜ ਵਿੱਚ ਵੱਡੀਆਂ ਪੁਜੀਸ਼ਨਾਂ ਤੇ ਵਿਦਿਆਰਥੀ ਪਹੁੰਚੇ ਹਨ ਅਤੇ ਹੋਰ ਵੀ ਕਈ ਖੇਤਰਾਂ ਵਿੱਚ ਨਾਮ ਕਮਾਇਆ ਹੈ ਉਹਨਾਂ ਦੱਸਿਆ ਕਿ ਪੀ.ਪੀ.ਐਸ ਨਾਭਾ ਨੂੰ ਪੰਜਾਬ ਦਾ ਪਹਿਲੇ ਨੰਬਰ ਦਾ ਸਕੂਲ ਹੋਣ ਦਾ ਮਾਣ ਪ੍ਰਾਪਤ ਹੈ ਜਦ ਕਿ ਦੇਸ਼ ਦੇ ਸਿੱਖਿਆ ਖੇਤਰ ਵਿੱਚ ਪੀ.ਪੀ.ਐਸ. ਨਾਭਾ ਦਾ ਨਾਮ 9ਵੇਂ ਨੰਬਰ ‘ਤੇ ਆਉਂਦਾ ਹੈ।
ਇਸ ਮੌਕੇ ਪੁੱਜੇ ਪੰਜਾਬ ਸਰਕਾਰ ਦੇ ਵਣ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀ.ਪੀ.ਐਸ.ਨਾਭਾ ਇੱਕ ਬਹੁਤ ਵਧੀਆ ਸਕੂਲ ਹੈ ਅਤੇ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਨਾਭੇ ਵਿੱਚ ਮੌਜੂਦ ਹੈ ਅਤੇ ਉਹ ਖੁਦ ਨਾਭਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਕੈਬਨਿਟ ਮੰਤਰੀ ਸ੍ਰੀ ਧਰਮਸੋਤ ਨੇ ਪੀ.ਪੀ.ਐਸ. ਦੇ ਵਿਦਿਆਰਥੀਆਂ, ਸਟਾਫ ਅਤੇ ਪ੍ਰਬੰਧਕਾਂ ਨੂੰ 57ਵੇਂ ਸਥਾਪਨਾ ਦਿਵਸ ਤੇ ਵਧਾਈ ਵੀ ਦਿੱਤੀ। ਅੱਜ ਮੁੱਖ ਸਮਾਗਮ ਸਕੂਲ ਦੇ ਮੇਨ ਗਰਾਊਂਡ ਵਿੱਚ ਹੋਇਆ। ਜਿਸ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰੇਡ ਨਾਲ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਤਾਈਕਵਾਂਡੋ ਸ਼ੋਅ, ਘੋੜ ਸਵਾਰੀ, ਐਰੋਬਿਕਸ ਅਤੇ ਬੈਂਡ ਡਿਸਪਲੇ ਨੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਉਪਲੱਭਧੀਆਂ ਬਦਲੇ ਇਨਾਮ ਅਤੇ ਟ੍ਰਾਫੀਆਂ ਦੇ ਕੇ ਨਿਵਾਜਿਆ। ਇਸ ਵਾਰ ਦੀ ਕੌਕ ਹਾਊਸ ਟ੍ਰਾਫੀ ਯਮੁਨਾ ਹਾਊਸ ਦੇ ਨਾਮ ਰਹੀ। ਸਮਾਗਮ ਵਿੱਚ ਸਕੂਲ ਦੇ ਪੁਰਾਣੇ ਅਧਿਆਪਕ ਸ੍ਰੀ ਬੀ.ਐਨ. ਭਾਵੇ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਸਕੂਲ ਹੈਡਮਾਸਟਰ ਡਾ. ਜਗਪ੍ਰੀਤ ਸਿੰਘ ਨੇ ਆਏੇ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ। ਉਨ੍ਹਾਂ ਆਏ ਹੋਏ ਮੁੱਖ ਮਹਿਮਾਨ, ਮਾਪਿਆਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ, ਜਿੰਨ੍ਹਾਂ ਦੀ ਬਦੌਲਤ ਇਹ 58ਵਾਂ ਸਥਾਪਨਾ ਦਿਵਸ ਯਾਦਗਾਰ ਹੋ ਨਿਬੜਿਆ।
ਜ਼ਿਕਰ ਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਆਪਣੇ ਸਥਾਪਨਾ ਦਿਵਸ ਨੂੰ ਮਨਾਉਣ ਲਈ ਸ਼ਾਨਦਾਰ ਤਿਆਰੀਆ ਕੀਤੀਆਂ ਗਈਆਂ ਸਨ ਅਤੇ ਇਸ ਸਥਾਪਨਾ ਦਿਵਸ ਨੂੰ ਯਾਦਗਾਰੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਸਮਾਗਮਾਂ ਦਾ ਆਰੰਭ 14 ਅਕਤੂਬਰ ਨੂੰ ਕਮਿਸ਼ਨਰ ਪਟਿਆਲਾ ਡਵੀਜ਼ਨ ਸ੍ਰੀ ਵੀ.ਕੇ.ਮੀਨਾ ਨੇ ਆਪਣੇ ਕਰ ਕਮਲਾ ਨਾਲ ਕੀਤਾ। ਉਨ੍ਹਾਂ ਇੱਕ ਸੱਭਿਆਚਾਰਕ ਸ਼ਾਮ ਵਿੱਚ ਸ਼ਿਰਕਤ ਕੀਤੀ ਅਤੇ ਇਨਾਮ ਵੰਡੇ। 16 ਅਕਤੂਬਰ ਨੂੰ ਸਵੇਰੇ ਸਕੂਲ ਦੇ ਹੈੱਡ ਬੁਆਏ ਅਤੇ ਹੈੱਡ ਗਰਲ ਦੇ ਮਾਪਿਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਕੂਲ ਵਿੱਚ ਆ ਕੇ ਲਾਈਵ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ ਗਿਆ। ਸ਼ਾਮ ਨੂੰ ਸਕੂਲ ਦੇ ਆਊਡੀਟੌਰੀਅਮ ਇੱਕ ਸ਼ਾਨਦਾਰ ਰੰਗਾਂ-ਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਅੰਗਰੇਜੀ ਨਾਟਕ, ਕੋਰੀਓਗ੍ਰਾਫੀ, ਸਾਲਸਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਬਾਲ ਮਜ਼ਦੂਰੀ ਉੱਪਰ ਪੇਸ਼ ਕੀਤੀ ਕੋਰੀਓਗ੍ਰਾਫੀ ਨੇ ਸਭ ਦਾ ਮਨ ਮੋਹ ਲਿਆ। ਸ੍ਰੀ ਜੈ ਸਿੰਘ ਗਿੱਲ ਸਾਬਕਾ ਮੁੱਖ ਸਕੱਤਰ ਸ਼ਾਮਿਲ ਹੋਏ ਅਤੇ ਵਿਦਿਆਰਥੀਆਂ ਨੂੰ ਇਨਾਮ ਵੰਡੇ।
ਸਮਾਗਮ ਮੌਕੇ ਡਵੀਜ਼ਨ ਕਮਿਸ਼ਨਰ ਸ੍ਰੀ ਵੀ.ਕੇ.ਮੀਨਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ.ਐਸ ਭੂਪਤੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਸੀਨੀਅਰ ਅਧਿਕਾਰੀ ਤੇ ਸ਼ਖਸੀਅਤਾ ਨੇ ਵੀ ਸ਼ਿਰਕਤ ਕੀਤੀ।

