ਪੰਜਾਬਪਟਿਆਲਾ

ਸੈਪ ਜਥੇਬੰਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ

ਵਾਤਾਵਰਣ ਪਲੀਤ ਕਰਕੇ ਮਨੁੱਖ ਆਪਣੇ ਪੈਰਾਂ ‘ਤੇ ਆਪ ਕੁਹਾੜੀ ਮਾਰ ਰਿਹੈ : ਮਨਿੰਦਰ ਸਿੰਘ ਚੀਮਾ
ਪਟਿਆਲਾ, 17 ਅਕਤੁਬਰ (ਮਧੂਸਾਰ ਬਿਊਰੋ) ਸਟੂਡੈਂਟ ਐਸੋਸੀਏਸ਼ਨ ਆਫ਼ ਪੰਜਾਬ (ਭਲਵਾਨ ਗਰੁੱਪ) ਨੇ ਅੱਜ ਖਾਲਸਾ ਕਾਲਜ ਪਟਿਆਲਾ ਦੇ ਵਿਹੜੇ ਵਿਚ ਵਿਦਿਆਰਥੀਆਂ ਨਾਲ ਰੂਬਰੂ ਹੁੰਦੇ ਹੋ ਕੇ ਪ੍ਰਦੂਸ਼ਿਤ ਰਹਿਤ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਹੈ।

ਸੂਬਾ ਪ੍ਰਧਾਨ ਮਨਿੰਦਰ ਸਿੰਘ ਚੀਮਾ, ਫਾਊਂਡਰ ਮੰਨੂੰ ਬੁੱਟਰ, ਇਸ਼ਟਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤ ਸਿੰਘ ਸਿੱਧੂ ਅਤੇ ਖ਼ਾਲਸਾ ਕਾਲਜ ਇਕਾਈ ਦੇ ਪ੍ਰਧਾਨ ਕਮਲ ਸਿੰਘ ਸੇਖੋਂ ਦੀ ਅਗਵਾਈ ਹੇਠ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੇ ਸਲੋਗਨਾ ਨਾਲ ਕਾਲਜ ਦੀ ਹਦੂਦ ‘ਚ ਮਾਰਚ ਕੱਢਿਆ ਗਿਆ। ਇਸ ਉਪਰੰਤ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨਿੰਦਰ ਸਿੰਘ ਚੀਮਾ ਨੇ ਕਿਹਾ ਕਿ ਮਨੁੱਖ ਦੀ ਹੋਂਦ ਦਾ ਸਿੱਧਾ ਵਾਸਤਾ ਵਾਤਾਵਰਣ ਨਾਲ ਹੈ ਅਤੇ ਜੇਕਰ ਵਾਤਾਵਰਣ ਹੀ ਗੰਧਲਾ ਹੋ ਗਿਆ ਤਾਂ ਮਨੁੱਖੀ ਹੋਂਦ ਵੀ ਗਵਾਚ ਜਾਏਗੀ। ਉਨ੍ਹਾਂ ਕਿਹਾ ਕਿ ਮਨੁੱਖ ਦੁਨੀਆ ਦਾ ਸਭ ਤੋਂ ਸਮਝਦਾਰ ਪ੍ਰਾਣੀ ਹੁੰਦੇ ਹੋਏ ਵੀ ਜਾਣੇ ਅਣਜਾਣੇ ਵਿਚ ਆਪਣੇ ਪੈਰ ‘ਤੇ ਖ਼ੁਦ ਕੁਹਾੜੀ ਮਾਰ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆ ਆਖਿਆ ਕਿ ਪਾਣੀ, ਹਵਾ ਅਤੇ ਸਾਡਾ ਖਾਣ ਪੀਣ ਜ਼ਹਿਰੀ ਹੁੰਦਾ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਵਿਦਿਆਰਥੀ ਵਰਗ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਪਟਾਕੇ ਚਲਾਉਣ ਨਾਲ ਸਾਡਾ ਹਵਾ ਪਾਣੀ ਪ੍ਰਦੂਸ਼ਿਤ ਹੁੰਦਾ ਇਸ ਲਈ ਪਟਾਕੇ ਚਲਾਉਣ ਦੀ ਥਾਂ ਸਾਨੂੰ ਸਭ ਨੂੰ ਘਰ ਅਤੇ ਆਪਣੇ ਆਲੇ ਦੁਆਲੇ ਬੂਟੇ ਲਗਾਉਣੇ ਚਾਹੀਦੇ ਹਨ। ਮੰਨੂੰ ਬੁੱਟਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਲੀਤ ਹੁੰਦਾ ਹੋਇਆ ਵਾਤਾਵਰਣ ਵਰਤਮਾਨ ਸਮੇਂ ਦੀ ਅਹਿਮ ਚਣੌਤੀ ਹੈ। ਇਹ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਪੜ੍ਹੇ ਲਿਖੇ ਨੌਜਵਾਨ ਅੱਗੇ ਆਉਣ ਅਤੇ ਪਰਿਵਾਰ, ਪਿੰਡ ਅਤੇ ਸਾਰੇ ਸਮਾਜ ਨੂੰ ਪਟਾਕਿਆਂ ਤੋਂ ਬਿਨਾਂ ਪ੍ਰਦੂਸ਼ਿਤ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨਾ। ਉਨ੍ਹਾਂ ਕਿਹਾ ਕਿ ਜੋ ਪੈਸਾ ਅਤੇ ਵਕਤ ਆਤਿਸ਼ਬਾਜੀ ‘ਤੇ ਉਡਾਉਣਾ ਹੈ ਉਸ ਨੂੰ ਕਿਸੇ ਗਰੀਬ ਜਾ ਸਮਾਜ ਭਲਾਈ ਦੇ ਕੰਮ ਲਈ ਵਰਤਿਆ ਜਾਣਾ ਚਾਹੀਦਾ ਹੈ। ਇਸ ਮੌਕੇ ਬਚਿੱਤਰ ਸਿੰਘ ਵੜੈਚ, ਕਰਨਜੀਤ ਸਿੰਘ, ਗੁਰਪ੍ਰਕਾਸ਼ ਸਿੰਘ, ਸਤਗੁਰ ਸੇਖੋਂ, ਮਨੀ ਗੁਜਰ ਅਤੇ ਦੀਪ ਸਿੱਧੂ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *