ਖੇਤਰੀ ਯੁਵਕ ਮੇਲੇ ਦੌਰਾਨ ਖ਼ਾਲਸਾ ਕਾਲਜ ਪਟਿਆਲਾ ਨੇ ਹਾਸਲ ਕੀਤੀ ਹੂੰਝਾਂ ਫੇਰ ਜਿੱਤ
ਕਾਲਜ ਰਿਹਾ ਓਵਰਆਲ ਚੈਂਪੀਅਨ
ਪਟਿਆਲਾ 17 ਅਕਤੂਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਾਸਤੇ ਇਹ ਬਹੁਤ ਹੀ ਫ਼ਖਰ ਵਾਲੀ ਗੱਲ ਹੈ ਕਿ 14 ਤੋਂ 16 ਅਕਤੂਬਰ 2017 ਤੱਕ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ, ਕੌਲੀ ਵਿਖੇ ਪੰਜਾਬੀ ਯੂਨੀਵਰਸਿਟੀ , ਪਟਿਆਲਾ ਦੇ ਜ਼ੋਨਲ ਯੁਵਕ ਮੇਲੇ ਦੌਰਾਨ ਖ਼ਾਲਸਾ ਕਾਲਜ ਓਵਰਆਲ ਚੈਂਪੀਅਨ ਰਿਹਾ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖ਼ਾਲਸਾ ਕਾਲਜ ਪਟਿਆਲਾ ਦੇ ਓਵਰਆਲ ਚੈਪੀਅਨ ਰਹਿਣ ਦੇ ਨਾਲ-ਨਾਲ ਜ਼ਿਕਰਯੋਗ ਹੈ ਕਿ ਕਾਲਜ ਨੇ ਥੀਏਟਰ, ਲਿਟਰੇਰੀ ਆਇਟਮਜ਼, ਫਾਈਨ ਆਰਟਸ, ਡਾਂਸ ਅਤੇ ਮਿਊਜ਼ਿਕ ਦੀਆਂ ਓਵਰਆਲ ਛੇ ਟਰਾਫੀਆਂ ਪ੍ਰਾਪਤ ਕੀਤੀਆਂ ਹਨ। ਇਨ੍ਹਾਂ ਮੁਕਾਬਲਿਆਂ ਦੌਰਾਨ ਖ਼ਾਲਸਾ ਕਾਲਜ ਪਟਿਆਲਾ ਨੇ ਗਰੁੱਪ ਸ਼ਬਦ, ਫੋਕ ਆਰਕੈਸਟਰਾ, ਗੀਤ ਗਜ਼ਲ, ਰੰਗੋਲੀ, ਇੰਸਟਾਲੇਸ਼ਨ, ਡਿਬੇਟ, ਫੋਟੋਗ੍ਰਾਫੀ, ਪ੍ਰਕਸ਼ਨ, ਵੈਸਟਰਨ ਸੋਲੋ ਇੰਸਟਰੂਮੈਂਟ, ਵੈਸਟਰਨ ਸਾਂਗ ਸੋਲੋ, ਭਾਸ਼ਣ, ਲੋਕਗੀਤ, ਸਕਿੱਟ ਅਤੇ ਮਾਇਮ ਵਿਚ ਪਹਿਲਾ ਸਥਾਨ ਹਾਸਲ ਕੀਤਾ। ਕਲਾਸੀਕਲ ਡਾਂਸ, ਇੰਡੀਅਨ ਗਰੁੱਪ ਸੌਂਗ, ਕਲੇਅ ਮਾਡਲਿੰਗ, ਕੋਲਾਜ, ਨਾਨ-ਪ੍ਰਕਸ਼ਨ, ਵੈਸਟਰਨ ਗਰੁੱਪ ਸੌਂਗ ਅਤੇ ਭੰਗੜਾ ਵਿਚ ਦੂਜਾ ਸਥਾਨ ਹਾਸਲ ਕੀਤਾ। ਗਿੱਧਾ, ਕਾਲਸੀਕਲ ਵੋਕਲ ਅਤੇ ਨਾਟਕ ਵਿਚ ਤੀਜਾ ਸਥਾਨ ਹਾਸਲ ਕੀਤਾ।
ਡਾ. ਉੱਭਾ ਨੇ ਵਿਦਿਆਰਥੀਆਂ ਦੀਆਂ ਉਪਰੋਕਤ ਆਲੀਸ਼ਾਨ ਪ੍ਰਾਪਤੀਆਂ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਅਧਿਆਪਕ ਸਾਹਿਬਾਨ ਦੀ ਯੋਗ ਅਗਵਾਈ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੇਲਿਆਂ ਦੇ ਜ਼ਰੀਏ ਅਸੀਂ ਤੇਜ਼ ਰਫਤਾਰ ਵਾਲੀ ਜ਼ਿੰਦਗੀ ਜਿਉਂਦੇ ਹੋਏ ਆਪਣੇ ਸਹਿਜ ਭਰਪੂਰ ਵਿਰਸੇ ਨਾਲ ਜੁੜੇ ਰਹਿੰਦੇ ਹਾਂ। ਇਨ੍ਹਾਂ ਮੇਲਿਆਂ ਵਿਚ ਪੇਸ਼ ਕੀਤੀਆਂ ਜਾਂਦੀਆਂ ਵੱਖ ਵੱਖ ਤਰ੍ਹਾਂ ਦੀਆਂ ਵੰਨਗੀਆਂ ਜਿਥੇ ਸਾਨੂੰ ਆਪਣੇ ਸਭਿਆਚਾਰ ਨਾਲ ਜੋੜਦੀਆਂ ਹਨ ਉਥੇ ਇਹ ਅਜੌਕੇ ਸਮੇਂ ਦੇ ਜੀਵਣ ਵਿਚ ਸਾਂਝ ਪੈਦਾ ਕਰਦੀਆਂ ਹਨ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰ ਕੇ ਉਨ੍ਹਾਂ ਦੀ ਸਖਸ਼ੀਅਤ ਦਾ ਬਹੁ-ਪੱਖੀ ਵਿਕਾਸ ਵੀ ਕਰਦੀਆਂ ਹਨ।
ਡਾ. ਹਰਵਿੰਦਰ ਕੌਰ, ਡੀਨ, ਸਭਿਆਚਾਰਕ ਸਰਗਰਮੀਆਂ ਨੇ ਕਾਲਜ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਸਮੁੱਚੇ ਪ੍ਰਬੰਧਨ ਦਾ ਧੰਨਵਾਦ ਕੀਤਾ। ਜਿਨ੍ਹਾਂ ਦੇ ਸਹਿਯੋਗ ਸਦਕਾ ਕਾਲਜ ਨੂੰ ਓਵਰਆਲ ਚੈਂਪੀਅਨ ਬਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਅਜਿਹੇ ਮੇਲਿਆਂ ਵਿਚ ਉਨ੍ਹਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦੀ ਕਲਾ ਦਾ ਵੱਧ ਤੋਂ ਵੱਧ ਨਿਖਾਰ ਹੋ ਸਕੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਵਸੀਲੇ ਵੀ ਹਾਸਲ ਹੁੰਦੇ ਰਹਿਣ। ਇਸ ਮੌਕੇ ਕਾਲਜ ਵਿਚ ਚਾਰੇ ਪਾਸੇ ਖੁਸ਼ੀ ਦਾ ਅਥਾਹ ਮਾਹੌਲ ਸੀ ਅਤੇ ਸਾਰੇ ਕਾਲਜ ਵਿੱਚ ਲੱਡੂ ਵੰਡੇ ਗਏ।

