ਸੰਤ ਹਰੀ ਸਿੰਘ ਰੰਧਾਵਾ ਸੰਪ੍ਰਦਾਇ ਦਮਦਮੀ ਟਕਸਾਲ ਦਾ ਨਾਮ ਵਰਤਣ ਤੋਂ ਗੁਰੇਜ਼ ਕਰੇ: ਸੰਤ ਹਰਨਾਮ ਸਿੰਘ ਖ਼ਾਲਸਾ
ਕਿਸੇ ਦੇ ਨਿੱਜੀ ਲਿਖਤ ਨੂੰ ਦਮਦਮੀ ਟਕਸਾਲ ਦੇ ਟੀਕੇ ਵਜੋਂ ਮਾਨਤਾ ਨਹੀਂ ਦਿੱਤੀ ਜਾ ਸਕਦੀ।
ਅੰਮ੍ਰਿਤਸਰ 22 ਅਕਤੂਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਪ੍ਰਚਾਰਕ ਸੰਤ ਬਾਬਾ ਹਰੀ ਸਿੰਘ ਰੰਧਾਵਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਮਦਮੀ ਟਕਸਾਲ ਦੇ ਸੰਪਦਾਇ ਅਰਥਾਂ ਸਮੇਤ ਟੀਕਾ ਪ੍ਰਕਾਸ਼ਤ ਕਰਨ ਨੂੰ ਤੱਥਾਂ ਤੋਂ ਸੱਖਣਾ ਦੱਸਦਿਆਂ ਕਿਹਾ ਕਿ ਸੰਤ ਹਰੀ ਸਿੰਘ ਕਦੇ ਵੀ ਦਮਦਮੀ ਟਕਸਾਲ ਦੇ ਵਿਦਿਆਰਥੀ ਨਹੀਂ ਰਹੇ।
ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਵੱਲੋਂ ਟੇਪ ਰਿਕਾਰਡ ਕੀਤੇ ਗਏ ਗੁਰਬਾਣੀ ਦੇ ਅਰਥਾਂ ਨੂੰ ਚੋਰੀ ਲਿਖਵਾ ਕੇ ਆਪਣੇ ਨਾਮ ਹੇਠ ਟੀਕਾ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਜੋ ਕਿ ਕੋਈ ਦਿਆਨਤਦਾਰੀ ਨਹੀਂ ਹੈ। ਉਹਨਾਂ ਕਿਹਾ ਕਿ ਸੰਤ ਹਰੀ ਸਿੰਘ ਜੀ ਆਪਣੇ ਵੱਲੋਂ ਜੋ ਚਾਹੁੰਣ ਸਾਹਿੱਤ ਜਾਂ ਗੁਰਬਾਣੀ ਅਰਥਾਂ ਦਾ ਟੀਕਾ ਪ੍ਰਕਾਸ਼ਤ ਕਰਵਾ ਸਕਦੇ ਹਨ। ਪਰ ਉਸ ਨੂੰ ਦਮਦਮੀ ਟਕਸਾਲ ਦੇ ਟੀਕੇ ਵਜੋਂ ਮਾਨਤਾ ਨਹੀਂ ਦਿੱਤੀ ਜਾ ਸਕਦੀ। ਕਿਉਂਕਿ ਗੁਰਬਾਣੀ ਦੇ ਅਰਥ ਲਿਖਣ ਦੌਰਾਨ ਰਹੀਆਂ ਤਰੁੱਟੀਆਂ ਲਈ ਬਾਬਾ ਹਰੀ ਸਿੰਘ ਜ਼ਿੰਮੇਵਾਰ ਹੋਣਗੇ। ਪਰ ਜੇਕਰ ਉਹ ਸੰਪਰਦਾਇ ਦਮਦਮੀ ਟਕਸਾਲ ਦਾ ਨਾਮ ਵਰਤ ਦੇ ਹਨ ਤਾਂ ਸੰਪਰਦਾ ਵੀ ਜਵਾਬਦੇਹ ਬਣ ਜਾਂਦੀ ਹੈ। ਇਸ ਲਈ ਉਹਨਾਂ ਨੂੰ ਅਜਿਹਾ ਕਰਨ ਲਈ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਸੰਗਤਾਂ ਦੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਸਮਝ ਦੇ ਹਾਂ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਰਿਕਾਰਡ ਕੀਤੇ ਗਏ ਅਰਥਾਂ ਤੋਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਇਸ ਨੂੰ ਟੀਕੇ ਦਾ ਰੂਪ ਦੇ ਸਕੇ। ਇਹ ਅਧਿਕਾਰ ਕੇਵਲ ਦਮਦਮੀ ਟਕਸਾਲ ਪਾਸ ਹੀ ਹਨ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਅਵਤਾਰ ਪੁਰਬ ਸਮੇਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਵੱਲੋਂ ਜਿੱਥੇ ਦਮਦਮੀ ਟਕਸਾਲ ਦੀ ਸਮੁੱਚੀ ਜ਼ਿੰਮੇਵਾਰੀ ਦੀ ਸੇਵਾ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੂੰ ਸੌਂਪ ਦਿੱਤੀ ਗਈ ਸੀ , ਨਾਲ ਹੀ ਇਹ ਬਚਨ ਵੀ ਉਹਨਾਂ ਵੱਲੋਂ ਰਿਕਾਰਡ ਕੀਤੇ ਗਏ ਹਨ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਟੇਪ ਰਿਕਾਰਡ ਕੀਤੀ ਗਈ ਹੈ ਇਸ ਦੀ ਸਮੁੱਚੀ ਜ਼ਿੰਮੇਵਾਰੀ ਵੀ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਨੂੰ ਸੌਂਪੀ ਜਾ ਰਹੀ ਹੈ। ਇਸ ਤੋਂ ਉਪਰੰਤ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਦਮਦਮੀ ਟਕਸਾਲ ਦਾ ਸੰਪਰਦਾਈ ਟੀਕਾ ਲਿਖਣਾ ਆਰੰਭ ਕੀਤਾ ਸੀ। ਜਿਸ ਦੀ ਪਹਿਲੀ ਪੋਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਗ ਤਕ ਸੰਪੂਰਨ ਹੋਈ ਸੀ। ਜਿਸ ਨੂੰ ਸੰਗਤਾਂ ਲਈ ਪ੍ਰਕਾਸ਼ਤ ਕੀਤਾ ਗਿਆ। ਉਸ ਤੋਂ ਬਾਅਦ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਦੇ ਸਮੇਂ ਹਾਲਾਤ ਐਸੇ ਬਣੇ ਕਿ ਇਹ ਟੀਕਾ ਅੱਗੇ ਨਹੀਂ ਲਿਖਿਆ ਜਾ ਸਕਿਆ। ਅਤੇ ਉਹਨਾਂ ਤੋਂ ਉਪਰੰਤ ਦਮਦਮੀ ਟਕਸਾਲ ਦੇ ਪੰਦ੍ਹਰਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ਵੀ ਹਾਲਾਤ ਬਹੁਤੇ ਸੁਖਾਵੇਂ ਨਹੀਂ ਸਨ। ਉਨ੍ਹਾਂ ਤੋਂ ਉਪਰੰਤ ਦਮਦਮੀ ਟਕਸਾਲ ਵੱਲੋਂ ਦਾਸ ਇਸ ਸੇਵਾ ਨੂੰ ਪੂਰੀ ਕਰਨ ਪ੍ਰਤੀ ਯਤਨਸ਼ੀਲ ਹੈ। ਇਸੇ ਸੰਦਰਭ ਵਿੱਚ ਸ੍ਰੀ ਰਾਗ ਅਤੇ ਮਾਝ ਰਾਗ ਦਾ ਟੀਕਾ ਸੰਪੂਰਨ ਹੋ ਚੁਕਾ ਹੈ। ਅਤੇ ਬਾਕੀ ਰਹਿੰਦਾ ਕਾਰਜ ਵੀ ਜਲਦ ਪੂਰਾ ਕੀਤਾ ਜਾ ਰਿਹਾ ਹੈ।
ਦਾਸ ਇੱਥੇ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਗੁਰਵਾਕ ਚਾਨਣ ਅਤੇ ਗੁਰ ਪ੍ਰਕਰਣ ਪ੍ਰਕਾਸ਼ਤ ਕਰਨ ਸਮੇਂ ਇਹ ਦਾਅਵਾ ਕਰਦਿਆਂ ਹੋਇਆ ਕਿ ਉਹ ਦਮਦਮੀ ਟਕਸਾਲ ਤੋਂ ਪੜੇ ਹੋਏ ਵਿਦਵਾਨ ਹਨ ਜਿਸ ਕਰਕੇ ਦਾਸ ਤੋਂ ਗੁਰ ਪ੍ਰਕਰਣ ਵਿੱਚ ‘ਦੋ ਸ਼ਬਦ’ ਲਿਖਵਾਏ ਗਏ।ਪਰ ਇਹਨਾਂ ਵਿੱਚ ਵੀ ਬਹੁਤ ਸਾਰੀਆਂ ਸਿਧਾਂਤਿਕ ਤਰੁੱਟੀਆਂ ਹਨ ਬਾਅਦ ਵਿੱਚ ਜਦੋਂ ਮੈ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਬਾ ਅਤੇ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਤੋਂ ਪੜਤਾਲ ਕੀਤੀ ਤਾਂ ਪਤਾ ਲਗਾ ਕਿ ਸੰਤ ਹਰੀ ਸਿੰਘ ਰੰਧਾਵਾ ਕਦੇ ਵੀ ਦਮਦਮੀ ਟਕਸਾਲ ਵਿੱਚ ਨਹੀਂ ਰਹੇ। ਸੰਤ ਇੰਦਰਜੀਤ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ।
ਦਾਸ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦਮਦਮੀ ਟਕਸਾਲ ਦੇ ਵਿਦਵਾਨਾਂ ਵਿਦਿਆਰਥੀਆਂ ਨੂੰ ਸੁਚੇਤ ਕਰਦਾ ਹੈ ਕਿ ਸੰਤ ਰੰਧਾਵੇ ਵਾਲਿਆਂ ਵੱਲੋਂ ਕੀਤੇ ਜਾ ਰਹੇ ਦਾਅਵੇ ਵਿੱਚ ਕੋਈ ਸਚਾਈ ਨਹੀਂ ਹੈ।

