ਪਟਿਆਲਾ

ਨਿਊ ਮਹਿਕ ਕਲਚਰਲ ਫੋਰਮ ਦੇ 18ਵੇਂ ਸਥਾਪਨਾ ਦਿਵਸ ਮੌਕੇ ਖੇਡੇ ਗਏ

-ਬਟਵਾਰੇ ਦੌਰਾਨ ਔਰਤਾਂ ਨਾਲ ਹੋਈ ਧੱਕੇਸ਼ਾਹੀ ਦੀ ਸੱਚੀ ਕਹਾਣੀ ਹੈ ਪੁਲ-ਸਿਰਾਤ
-ਭਾਵੇਂ ਬਟਵਾਰਾ ਹੋਵੇ ਜਾਂ ਕੋਈ ਵੀ ਦੰਗਾ ਸ਼ਿਕਾਰ ਹਮੇਸ਼ਾ ਔਰਤਾਂ ਹੀ ਹੋਈਆਂ
ਪਟਿਆਲਾ 23 ਅਕਤੂਬਰ (ਮਧੂਸਾਰ ਬਿਊਰੋ) ਨਿਊ ਮਹਿਕ ਕਲਚਰਲ ਫੋਰਮ ਵਲੋਂ ਆਪਣੇ 18ਵੇਂ ਸਥਾਪਨਾ ਦਿਵਸ ਮੌਕੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਚ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਵਲੋਂ ਡਾਇਰੈਕਟਰ ਕੀਤੇ ਗਏ ‘ਪੁਲ ਸਿਰਾਤ’ ਨਾਟਕ ਦਾ ਮੰਚਨ ਪ੍ਰਧਾਨ ਡਾ. ਨਰੇਸ਼ ਰਾਜ, ਚੀਫ ਆਰਗੇਨਾਈਜ਼ਰ ਪ੍ਰੋ. ਰਾਜਨ ਨਰੂਲਾ ਅਤੇ ਸਕੱਤਰ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਕਰਵਾਇਆ ਗਿਆ।

ਇਸ ਮੌਕੇ ਬਤੌਰ ਮੁੱਖ ਮਹਿਮਾਨ ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਅਤੇ ਸ਼ਿਵ ਦੁਲਾਰ ਸਿੰਘ ਢਿੱਲੋਂ ਡਾਇਰੈਕਟਰ ਟੁਰਿਜ਼ਮ, ਸ਼ੌਕਤ ਅਲੀ ਪਾਰੇ ਏ. ਡੀ. ਸੀ. ਡੀ., ਨੀਨਾ ਟਿਵਾਣਾ, ਮਨਪਾਲ ਟਿਵਾਣਾ, ਪ੍ਰਾਣ ਸੱਭਰਵਾਲ , ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਅਤੇ ਪੰਜਾਬ ਰੂਰਲ ਮੈਡੀਕਲ ਆਫਿਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਸਲਮ ਪ੍ਰਵੇਜ਼ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਨਾਟਕ ਪੁਲ ਸਿਰਾਤ 1947 ਦੌਰਾਨ ਭਾਰਤ-ਪਾਕਿਸਤਾਨ ਦੇ ਬਟਵਾਰੇ ਵਿਚ ਪੰਜਾਬ ਦੇ ਪਿੰਡਾਂ ਦੇ ਹਾਲਾਤਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਬਿਆਨ ਕਰਦਾ ਹੈ। ਡਾਇਰੈਕਟਰ ਕੇਵਲ ਧਾਲੀਵਾਲ ਵਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਉਸ ਸਮੇਂ ਦੌਰਾਨ ਭਾਵੇਂ ਔਰਤਾਂ ਮੁਸਲਿਮ ਹੋਣ, ਜਾਂ ਹਿੰਦੂ ਤੇ ਸਿੱਖ ਸਭ ਨਾਲ ਹੀ ਦੋਨੋ ਪਾਸੇ ਧੱਕੇਸ਼ਾਹੀ ਹੋਈ। ਪੁਲ ਸਿਰਾਤ ਵਿਚ ਮੁਸਲਿਮ ਲੜਕੀ ਫੱਜਾਂ ਨੂੰ ਆਧਾਰ ਬਣਾ ਕੇ ਸਮੁੱਚੀ ਸਥਿਤੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਪਰਿਵਾਰਾਂ ਦੇ ਪਰਿਵਾਰ ਕਤਲ ਹੋਏ। ਬੱਚਿਆਂ ਤੱਕ ਨੂੰ ਨਹੀਂ ਛੱਡਿਆ ਗਿਆ ਅਤੇ ਨੌਜਵਾਨ ਲੜਕੀਆਂ ਕਿਸ ਤਰ੍ਹਾਂ ਵਹਿਸ਼ੀ ਦਰਿੰਦਿਆਂ ਦੇ ਪਾਗਲਪਨ ਦਾ ਸ਼ਿਕਾਰ ਹੋਈਆਂ ਅਤੇ ਉਨ੍ਹਾਂ ਦੀ ਇਜ਼ਤ ਨੂੰ ਤਾਰ ਤਾਰ ਕੀਤਾ ਗਿਆ। ਫੱਜਾਂ ਦੀ ਭੂਮਿਕਾ ਮਨਦੀਪ ਘਈ ਨੇ ਬਾਖੂਬੀ ਨਿਭਾਈ। ਪੁਲ ਸਿਰਾਤ ਵਿਚ 1947 ਦੇ ਬਟਵਾਰੇ ਦੇ ਨਾਲ ਨਾਲ 1984 ਦੇ ਦੁਖਾਂਤ ਨੂੰ ਵੀ ਬਿਹਤਰੀਨ ਤਰੀਕੇ ਨਾਲ ਪੇਸ਼ ਕੀਤਾ ਗਿਆ। ਨਾਟਕਕਾਰ ਵਲੋਂ ਇਹ ਗੁਰਦਾਸਪੁਰ ਦੇ ਇਕ ਪਿੰਡ ਦੀ ਸੱਚੀ ਕਹਾਣੀ ‘ਤੇ ਅਧਾਰਿਤ ਨਾਟਕ ਬਣਾਇਆ ਗਿਆ, ਜਿਸ ਵਿਚ ਉਸ ਸਮੇਂ ਦੇ ਹਾਲਾਤਾਂ ਤੋਂ ਇਲਾਵਾ ਸਮੇਂ ਸਮੇਂ ਦੇ ਹੁਕਮਰਾਨਾ ਦੇ ਸਵਾਰਥਾਂ ਅਤੇ ਆਮ ਲੋਕ ਉਨ੍ਹਾਂ ਦੇ ਫੈਸਲਿਆਂ ਦੇ ਹੁੰਦੇ ਸ਼ਿਕਾਰ ਹੁੰਦੇ ਦਿਖਾਏ ਗਏ ਹਨ। ਸਭ ਤੋਂ ਜ਼ਿਆਦਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਵੇਂ ਕੋਈ ਵੱਡਾ ਬਟਵਾਰਾ ਹੋਵੇ ਜਾਂ ਫਿਰ ਦੰਗੇ ਹੋਣ ਸ਼ਿਕਾਰ ਔਰਤਾਂ ਹੀ ਹੁੰਦੀਆਂ ਹਨ ਅਤੇ ਔਰਤਾਂ ਦੀਆਂ ਹੀ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾਂਦਾ ਹੈ। ਕਦੇ ਮਾਂ ਦੇ ਰੂਪ ਵਿਚ, ਕਦੇ ਭੈਣ ਦੇ ਰੂਪ ਵਿਚ, ਕਦੇ ਬੇਟੀ ਦੇ ਰੂਪ ਵਿਚ ਅਤੇ ਕਦੇ ਪਤਨੀ ਦੇ ਰੂਪ ਵਿਚ। ਇਹ ਨਾਟਕ ਔਰਤਾਂ ਪ੍ਰਤੀ ਸੋਚ ਬਦਲਣ ਨੂੰ ਤਰਜੀਹ ਦਿੰਦਾ ਹੈ। ਇਸ ਦੇ ਗੀਤ ਲਖਬੀਰ ਸਿੰਘ ਅਤੇ ਰਜਿੰਦਰ ਸਿੰਘ ਵਲੋਂ ਲਿਖੇ ਗਏ।

Leave a Reply

Your email address will not be published. Required fields are marked *