ਗਲੇ-ਸੜੇ 3 ਕੁਇੰਟਲ ਫਲ ਅਤੇ ਸਬਜ਼ੀਆਂ ਨੂੰ ਕੀਤਾ ਨਸ਼ਟ
ਪੰਜਾਬ ਮੰਡੀ ਬੋਰਡ ਅਤੇ ਬਾਗ਼ਬਾਨੀ ਵਿਭਾਗ ਦੀ ਸਾਂਝੀ ਟੀਮ ਨੇ ਸਨੌਰ ਮੰਡੀ ਵਿਖੇ ਕੀਤੀ ਜਾਂਚ
ਪਟਿਆਲਾ, 16 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਫਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਅੱਜ ਪੰਜਾਬ ਮੰਡੀ ਬੋਰਡ ਅਤੇ ਬਾਗ਼ਬਾਨੀ ਵਿਭਾਗ ਦੀ ਸਾਂਝੀ ਟੀਮ ਵਲੋਂ ਸਨੌਰ ਰੋਡ ਸਬਜ਼ੀ ਮੰਡੀ ਵਿਖੇ ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ ਦੀ ਜਾਂਚ ਕੀਤੀ ਗਈ ਅਤੇ ਵੱਖ-ਵੱਖ ਦੁਕਾਨਾਂ ਤੋਂ ਕਰੀਬ 3 ਕੁਇੰਟਲ ਖ਼ਰਾਬ ਫਲ ਅਤੇ ਸਬਜ਼ੀਆਂ ਮੌਕੇ ‘ਤੇ ਹੀ ਨਸ਼ਟ ਕਰਵਾਏ ਗਏ ਅਤੇ ਦੁਕਾਨਦਾਰਾਂ ਨੂੰ ਵੀ ਸਖ਼ਤ ਤਾੜਨਾ ਕੀਤੀ ਗਈ ਕਿ ਅਜਿਹੇ ਗਲੇ-ਸੜੇ ਫਲ ਅਤੇ ਸਬਜ਼ੀਆਂ ਬਾਜ਼ਾਰ ਵਿਚ ਨਾ ਭੇਜੇ ਜਾਣ। ਇਸ ਮੌਕੇ ਅੰਬ, ਪਪੀਤਾ ਅਤੇ ਕੇਲੇ ਪਕਾਉਣ ਦੇ ਢੰਗਾਂ ਨੂੰ ਵੀ ਜਾਚਿਆ ਗਿਆ।
ਇਸ ਮੌਕੇ ਬਾਗ਼ਬਾਨੀ ਵਿਕਾਸ ਅਫ਼ਸਰ ਸ਼੍ਰੀ ਕੁਲਵਿੰਦਰ ਸਿੰਘ ਅਤੇ ਸੈਕਟਰੀ ਮਾਰਕਿਟ ਕਮੇਟੀ ਸ਼੍ਰੀ ਪਰਮਜੀਤ ਸਲਨ ਨੇ ਦੱਸਿਆ ਕਿ ਮੰਡੀ ਅੰਦਰ ਪਹੁੰਚਿਆ ਫਲ ਕੁਦਰਤੀ ਅਤੇ ਸੁਰੱਖਿਅਤ ਤਰੀਕੇ ਨਾਲ ਪਕਾਇਆ ਜਾ ਰਿਹਾ ਹੈ ਅਤੇ ਇਸ ਵਿਚ ਕੈਂਸਰ ਕਾਰਕ ਕਾਰਬਾਈਡ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਅਤੇ ਸਿਰਫ਼ ਗਲੇ-ਸੜੇ ਫਲਾਂ ਅਤੇ ਸਬਜ਼ੀਆਂ ਨੂੰ ਹੀ ਨਸ਼ਟ ਕਰਵਾਇਆ ਗਿਆ ਹੈ।
ਬਾਗ਼ਬਾਨੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਜਾਂਚ ਦੌਰਾਨ ਕੇਲਾ ਪਕਾਉਣ ਵਾਲੇ ਯੂਨਿਟ ਦਾ ਵੀ ਦੌਰਾ ਕੀਤਾ ਗਿਆ ਜਿਥੇ ਵਿਗਿਆਨਿਕ ਤਰੀਕੇ ਨਾਲ ਏਥੇਫੋਨ ਗੈਸ ਦੀ ਵਰਤੋਂ ਕਰਕੇ ਕੇਲਾ ਪਕਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦਾ 100 ਪ੍ਰਤੀਸ਼ਤ ਕੇਲਾ ਇਸ ਯੂਨਿਟ ਤੋਂ ਹੀ ਪਕਾਇਆ ਜਾਂਦਾ ਹੈ ਅਤੇ ਇਹ ਸਹੀ ਪਾਇਆ ਗਿਆ।
ਇਸ ਮੌਕੇ ਬਾਗ਼ਬਾਨੀ ਵਿਕਾਸ ਅਫ਼ਸਰ ਸ਼੍ਰੀ ਨਿਰਵੰਤ ਸਿੰਘ, ਲੇਖਾਕਾਰ ਸ਼੍ਰੀ ਰਜਿੰਦਰ ਸਿੰਘ, ਸੁਪਰਡੈਂਟ ਸ਼੍ਰੀ ਇੰਦਰਜੀਤ ਸਿੰਘ ਸਮੇਤ ਵਿਭਾਗਾਂ ਦੇ ਹੋਰ ਨੁਮਾਇੰਦੇ ਵੀ ਮੌਜੂਦ ਸਨ।

