ਜੰਗਲੀ ਰੱਖਾਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ
ਪਹਾੜੀ ਕਿੱਕਰਾਂ ਦੀ ਥਾਂ ਲੱਗਣਗੇ ਪਿੱਪਲ, ਬਰੋਟੇ, ਨਿੰਮ, ਅੰਬ ਤੇ ਬਹੇੜਿਆਂ ਵਰਗੇ ਰਵਾਇਤੀ ਬੂਟੇ
ਪਟਿਆਲਾ (ਨਾਭਾ), 24 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਵਿਧਾਨ ਸਭਾ ਦੀ ਅਧੀਨ ਵਿਧਾਨ ਕਮੇਟੀ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਦੀ ਜੰਗਲੀ ਜੀਵ ਰੱਖ (ਬੀੜ) ਮੈਹਸ ਦਾ ਦੌਰਾ ਕਰਕੇ ਉੱਥੇ ਪੁਰਾਣੀਆਂ ਪਹਾੜੀ ਕਿੱਕਰਾਂ ਨੂੰ ਤਬਦੀਲ ਕਰਕੇ ਰਵਾਇਤੀ ਬੂਟੇ ਲਗਾਉਣ ਦੇ ਚਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ।
ਵਿਧਾਇਕ ਸ਼੍ਰੀ ਰਾਜੇਸ਼ ਪਾਂਡੇ ਦੀ ਅਗਵਾਈ ਵਿੱਚ ਪੁੱਜੀ ਇਸ ਵਿਧਾਨ ਸਭਾ ਦੀ ਕਮੇਟੀ ਜਿਸ ਵਿੱਚ ਵਿਧਾਇਕ ਅਮਰੀਕ ਸਿੰਘ ਢਿੱਲੋਂ ਸਮੇਤ ਹੋਰ ਕਈ ਮੈਂਬਰ ਵੀ ਹਾਜ਼ਰ ਸਨ, ਨੇ ਸਵੇਰੇ ਪਹਿਲਾਂ ਪਟਿਆਲਾ ਦੇ ਸਰਕਟ ਹਾਊਸ ਵਿਖੇ ਵਣ ਤੇ ਜੰਗਲੀ ਜੀਵ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਸ ਉਪਰੰਤ ਜੰਗਲੀ ਜੀਵ ਰੱਖ ਮੈਹਸ ਦਾ ਦੌਰਾ ਕਰਕੇ ਜੰਗਲਾਤ ਵਿਭਾਗ ਵੱਲੋਂ ਕਰਵਾਏ ਗਏ ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ਼੍ਰੀ ਪਾਂਡੇ ਨੇ ਦੱਸਿਆ ਕਿ ਪੰਜਾਬ ਵਿੱਚ ਜੰਗਲਾਂ ਹੇਠ ਜ਼ਿਲ੍ਹੇ ਵਿੱਚ ਘਟ ਰਹੇ ਰਕਬੇ ਕਾਰਨ ਪੰਜਾਬ ਸਰਕਾਰ ਨੇ ਲੁਪਤ ਹੋ ਰਹੀਆਂ ਇਹਨਾਂ ਬੀੜਾਂ ਨੂੰ ਮੁੜ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ।
ਉਹਨਾਂ ਦੱਸਿਆ ਕਿ ਇਹਨਾਂ ਬੀੜਾਂ ਵਿੱਚ ਕੋਈ ਤਿੰਨ ਤੇ ਚਾਰ ਦਹਾਕੇ ਪਹਿਲਾਂ ਲਗਾਈਆਂ ਪਹਾੜੀ ਕਿੱਕਰਾਂ (ਮਸਕਟ) ਕਾਰਨ ਇਹ ਬੀੜਾਂ ਬਹੁਤ ਸੰਘਣੀਆਂ ਹੋਣ ਕਾਰਨ ਇੱਥੇ ਦਰਖਤਾਂ ਦੇ ਹੇਠਾਂ ਉਗਾਈ ਬਨਸਪਤੀ ਤੇ ਜੰਗਲੀ ਜੀਵਾਂ ਦੀ ਭਾਰੀ ਕਮੀ ਹੋ ਗਈ ਹੈ। ਉਹਨਾਂ ਦੱਸਿਆ ਕਿ ਹੁਣ ਵਿਭਾਗ ਵੱਲੋਂ ਇਹਨਾਂ ਪਹਾੜੀ ਕਿੱਕਰਾਂ ਜਿਹਨਾਂ ਨੂੰ ਕਦੇ ਕੱਲਰ ਜ਼ਮੀਨਾਂ ਨੂੰ ਆਬਾਦ ਕਰਨ ਲਈ ਲਗਾਇਆ ਗਿਆ ਸੀ, ਨੂੰ ਪੁੱਟ ਕੇ ਹੁਣ ਸਾਡੇ ਰਵਾਇਤੀ ਬੂਟੇ ਪਿੱਪਲ, ਬੋਹੜ, ਨਿੰਮ, ਸ਼ਹਿਤੂਤ, ਜਾਮਣ, ਅੰਬ, ਕਚਨਾਰ, ਕਰੌਂਦੇ, ਬਾਂਸ, ਬਹੇੜੇ ਤੇ ਪਿਲਖਣ ਦੇ ਬੂਟੇ ਲਗਾਏ ਜਾ ਰਹੇ ਹਨ। ਸ਼੍ਰੀ ਪਾਂਡੇ ਨੇ ਦੱਸਿਆ ਕਿ ਇਹਨਾਂ ਦਰੱਖਤਾਂ ਨਾਲ ਜਿੱਥੇ ਬਨਸਪਤੀ ਵਧਣ ਕਾਰਨ ਇਹ ਪੰਛੀਆਂ ਤੇ ਜੰਗਲੀ ਜੀਵਾਂ ਦਾ ਵਸੇਰਾ ਬਣਨਗੇ ਉੱਥੇ ਇਹ ਸੂਬੇ ਦਾ ਸ਼ਰਮਾਇਆ ਵੀ ਬਣਨਗੇ। ਸ਼੍ਰੀ ਪਾਂਡੇ ਨੇ ਕਿਹਾ ਕਿ ਇਹ ਜੰਗਲੀ ਰੱਖਾਂ ਨੂੰ ਮਹਿਸ ਬੀੜ ਵਾਂਗ ਸੈਰ ਸਪਾਟੇ ਲਈ ਵਿਕਸਤ ਕਰਕੇ ਇੱਥੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਟੂਰ ਕਰਵਾਏ ਜਾਣਗੇ ਤਾਂ ਕਿ ਉਹ ਆਪਣੇ ਰਵਾਇਤੀ ਦਰਖਤਾਂ ਤੇ ਪਸ਼ੂ ਪੰਛੀਆਂ ਬਾਰੇ ਜਾਣ ਸਕਣ।
ਇਸ ਮੌਕੇ ਕਮੇਟੀ ਦੇ ਮੈਂਬਰ ਤੇ ਵਿਧਾਇਕ ਸ: ਅਮਰੀਕ ਸਿੰਘ ਢਿੱਲੋਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬੀੜਾਂ ਵਿੱਚ ਜੋ ਜੋ ਹੋਣ ਵਾਲਾ ਹੈ ਉਸ ਬਾਰੇ ਵਿਸਥਾਰਤ ਰਿਪੋਰਟ ਤਿਆਰ ਕਰਕੇ ਕਮੇਟੀ ਨੂੰ ਭੇਜੀ ਜਾਵੇ। ਹਲਕਾ ਸਮਾਣਾ ਦੇ ਵਿਧਾਇਕ ਸ਼੍ਰੀ ਰਜਿੰਦਰ ਸਿੰਘ ਨੇ ਕਿਹਾ ਕਿ ਬੀੜਾਂ ਨੂੰ ਵਿਕਸਤ ਕਰਨ ਬਾਰੇ ਸਰਕਾਰ ਦਾ ਫੈਸਲਾ ਬਹੁਤ ਸ਼ਲਾਘਾਯੋਗ ਹੈ ਉਹਨਾਂ ਕਿਹਾ ਕਿ ਅਜਿਹਾ ਹੋਣ ਨਾਲ ਜਿੱਥੇ ਜੰਗਲਾਂ ਹੇਠ ਰਕਬਾ ਵਧੇਗਾ ਉੱਥੇ ਹੀ ਵਾਤਾਵਰਣ ਵੀ ਹਰਿਆ ਭਰਿਆ ਬਣੇਗਾ।
ਇਸ ਮੌਕੇ ਵਣ ਮੰਡਲ ਅਫ਼ਸਰ ਸ਼੍ਰੀ ਅਜੀਤ ਕੁਲਕਰਨੀ ਨੇ ਕੁਲੇਮਾਜਰਾ ਬੀੜ ਅਤੇ ਡੀ.ਐਫ.ਓ. ਜੰਗਲੀ ਜੀਵ ਸ਼੍ਰੀ ਅਰੁਣ ਕੁਮਾਰ ਨੇ ਮੈਹਸ ਬੀੜ ਵਿੱਚ ਕਰਾਏ ਕਾਰਜਾਂ ਬਾਰੇ ਚਾਨਣਾ ਪਾਇਆ। ਵਿਧਾਨ ਸਭਾ ਦੇ ਕਮੇਟੀ ਮੈਂਬਰਾਂ ਨੇ ਨਾਭਾ ਨੇੜਲੇ ਮੈਹਸ ਬੀੜ ਵਿੱਚ ਪਹਾੜੀ ਕਿੱਕਰਾਂ ਨੂੰ ਪੁੱਟ ਕੇ ਲਗਾਏ ਨਵੇਂ ਬੂਟਿਆਂ ਨੂੰ ਗਹੁੰ ਨਾਲ ਵੇਖਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ , ਐਸ.ਐਸ.ਪੀ. ਡਾ: ਐਸ. ਭੂਪਤੀ, ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ,ਚੀਫ ਕੰਜਰਵੇਟਿਵ ਫੌਰੈਸਟ ਸ਼੍ਰੀ ਧਰਮਿੰਦਰ ਸ਼ਰਮਾ, ਕੰਜਰਵੇਟਰ ਸ਼੍ਰੀਮਤੀ ਸ਼ਲਿੰਦਰ ਕੌਰ, ਸ਼੍ਰੀਮਤੀ ਨਿਧੀ ਸ਼੍ਰੀਵਾਸਤਿਵਾ, ਡੀ.ਐਫ.ਓ. ਪਟਿਆਲਾ ਸ਼੍ਰੀ ਅਜੀਤ ਕੁਲਕਰਨੀ, ਡੀ.ਐਫ.ਓ. ਜੰਗਲੀ ਜੀਵ ਸ਼੍ਰੀ ਅਰੁਣ ਕੁਮਾਰ, ਡੀ.ਐਫ.ਓ. ਸੰਗਰੂਰ ਮੋਨਿਕਾ ਯਾਦਵ, ਤਹਿਸੀਲਦਾਰ ਪਟਿਆਲਾ ਸ਼੍ਰੀ ਸੁਭਾਸ਼ ਭਾਰਦਵਾਜ, ਵਣ ਰੇਂਜ ਅਫ਼ਸਰ ਜੰਗਲੀ ਜੀਵ ਭਾਦਸੋਂ ਸ਼੍ਰੀ ਚਮਕੌਰ ਸਿੰਘ, ਡੀ.ਐਸ.ਪੀ. ਨਾਭਾ ਸ਼੍ਰੀ ਚੰਦ ਸਿੰਘ, ਤਹਿਸੀਲਦਾਰ ਨਾਭਾ ਸ਼੍ਰੀ ਸੁਖਵਿੰਦਰ ਸਿੰਘ ਟਿਵਾਣਾ, ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਹੋਰ ਕਈ ਅਧਿਕਾਰੀ ਵੀ ਹਾਜ਼ਰ ਸਨ।

