ਪੰਜਾਬਪਟਿਆਲਾ

ਆਰ.ਐਸ.ਐਸ. ਦੇ ਦਿੱਲੀ ਵਿੱਚ ਉਲੀਕੇ ਪ੍ਰੋਗਾਰਾਮ ਦਾ ਸਿੱਖ ਮੁਕੰਮਲ ਬਾਈਕਾਟ ਕਰਨ : ਯੂਨਾਈਟਿਡ ਸਿੱਖ ਪਾਰਟੀ

ਪਟਿਆਲਾ, 24 ਅਕਤੂਬਰ (ਰੁਪਾਣਾ/ਆਤਮਜੀਤ) : ਆਰ.ਐਸ.ਐਸ. ਵੱਲੋਂ ਸਿੱਖ ਧਰਮ ਵਿਚ ਕੀਤਾ ਜਾ ਰਹੀ ਦਖਲ ਅੰਦਾਜ਼ੀ ਦੇ ਵਿਰੋਧ ਵਿਚ ਯੂਨਾਈਟਿਡ ਸਿੱਖ ਪਾਰਟੀ ਵੱਲੋਂ, ਖੰਡਾ ਚੌਕ, ਨੇੜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਆਰ.ਐਸ.ਐਸ. ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਨੌਜਵਾਨ ਸ਼ਾਮਲ ਸਨ, ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਅਤੇ ਸੁਖਜਿੰਦਰ ਸਿੰਘ ਬਸੀ ਰੋਸ ਪ੍ਰਦਰਸ਼ਨ ਵਿਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ, ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਸਿੱਖਾਂ ਦੀ ਦੁਸ਼ਮਣ ਜਮਾਤ ਹੀ ਨਹੀਂ ਸਗੋਂ ਸਿੱਖਾਂ ਅੰਦਰ ਖੜ੍ਹੀ ਕੀਤੀ ਆਪਣੀ ਬ੍ਰਾਂਚ ਰਾਸਸ਼ਟਰੀ ਸਿੱਖ ਸੰਗਤ ਰਾਹੀਂ ਸਿੱਖ ਕੌਮ ਦਾ ਹਿੰਦੂਕਰਨ ਅਤੇ ਭਗਵਾਂਕਰਨ ਕਰਨ ਲਈ ਯਤਨਸ਼ੀਲ ਹੈ, ਜਿਸ ਤੋਂ ਕੌਮ ਨੂੰ ਜਾਗਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕ੍ਰਿਤਘਣਤ ਲੋਕ 1992 ਵਿੱਚ ਦਿੱਲੀ ਵਿੱਚ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ‘ਤੇ ਬਣੀ ਕਲੋਨੀ ਦਾ ਨਾਂ ਬਦਲ ਕੇ ਭਾਜਪਾ ਦੇ ਉਸ ਸਮੇਂ ਦੇ ਆਗੂ ਦੇ ਨਾਂ ‘ਤੇ ਰੱਖਣਾ ਚਾਹੁੰਦੇ ਸਨ, ਜੋ ਦਿੱਲੀ ਦੇ ਸਿੱਖਾਂ ਵੱਲੋਂ ਵਿਰੋਧ ਕਰਨ ‘ਤੇ ਕਾਮਯਾਬ ਨਹੀਂ ਹੋ ਸਕੇ। ਇਨ੍ਹਾਂ ਦੀਆਂ ਪੰਥ-ਘਾਤਕ ਨੀਤੀਆਂ ਵਾਰੇ ਸਮੁੱਚੇ ਪੰਥ ਅਤੇ ਇਸ ਉਚੇਚੇ ਪ੍ਰੋਗਰਾਮ ਵਾਰੇ ਦਿੱਲੀ ਦੇ ਸਿੱਖਾਂ ਨੂੰ ਵਿਸ਼ੇਸ਼ ਤੌਰ ‘ਤੇ ਭਾਰੀ ਵਿਰੋਧ ਕਰਨਾ ਚਾਹੀਦੈ। ਉਨ੍ਹਾਂ ਕਿਹਾ ਜੋ ਕੌਮ ਅੰਦਰ ਜੋ ਅਖੌਤੀ ਜਥੇਦਾਰਾਂ ਦੇ ਰੂਪ ਵਿੱਚ ਬੁੱਕਲ ਦੇ ਸੱਪ ਬੈਠੇ ਹਨ, ਉਹ ਦੁਸ਼ਮਣ ਤੋਂ ਵੀ ਜ਼ਿਆਦਾ ਘਾਤਕ ਅਤੇ ਖਤਰਨਾਕ ਸਾਬਤ ਹੋ ਰਹੇ ਹਨ। ਰਾਸ਼ਟਰੀ ਸਿੱਖ ਸੰਗਤ ਪੰਥ ਦੀ ਦੁਸ਼ਮਣ ਜਮਾਤ ਰਾਸ਼ਟਰੀ ਸਵੈ ਸੇਵਕ ਸੰਘ ਲਈ ਕੰਮ ਕਰਦੀ ਹੈ ਇਨ੍ਹਾਂ ਤੋਂ ਬਚਣ ਦੀ ਲੋੜ ਹੈ, ਖਾਸ ਕਰਕੇ ਪੰਜਾਬ ਇਸ ਨੂੰ ਬੁਰੀ ਤਰ੍ਹਾਂ ਖਦੇੜ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਸੰਗਠਨ ਸਿੱਖਾਂ ਨੂੰ ਹਿੰਦੂਆਂ ਦੀ ਸ਼ਾਖ ਅਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਨੂੰ ਵੇਦਾਂ ਦਾ ਸਾਰ, ਜਪੁਜੀ ਸਾਹਿਬ ਨੂੰ ਗੀਤਾ ਦਾ ਰੂਪ ਦੱਸਦੇ ਹਨ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭਾਰਤੀ ਸੰਸਕ੍ਰਿਤੀ ਨਾਲ ਜੋੜਦੇ ਹਨ। ਉਨ੍ਹਾਂ ‘ਤੇ ਦਸਤਖਤ ਕਰਨ ਵਾਲਾ ਇਕਬਾਲ ਸਿੰਘ 25 ਅਕਤੂਬਰ ਨੂੰ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਵਸ ਮਨਾਏ ਜਾ ਰਹੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਗਿਆਨੀ ਗੁਰਬਚਨ ਸਿੰਘ ਇਸ ਹੁਕਮਨਾਮੇ ਤੋਂ ਅਣਜਾਣ ਦੱਸ ਕੇ ਅਣਜਾਣਪੁਣੇ ਦਾ ਮਖੌਟਾ ਪਾ ਰਿਹੈ। ਇਸ ਮੌਕੇ ‘ਤੇ ਜ਼ਿਲ੍ਹਾ ਆਗੂ ਭਾਈ ਪਰਮਜੀਤ ਸਿੰਘ, ਭਾਈ ਜਰਨੈਲ ਸਿੰਘ ਪਹਿਰ ਕਲਾਂ, ਭਾਈ ਜਗਦੀਪ ਸਿੰਘ ਛੰਨਾ, ਭਾਈ ਸੰਜੀਤ ਸਿੰਘ, ਭਾਈ ਅਮਰਿੰਦਰ ਸਿੰਘ ਸਲੇਮਪੁਰ, ਭਾਈ ਮਨਪ੍ਰੀਤ ਸਿੰਘ, ਅਮਰਦੀਪ ਸਿੰਘ, ਭਾਈ ਇੰਦਰਜੀਤ ਸਿੰਘ, ਪਰਮਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਸਿੱਖ ਨੌਜਵਾਨ ਹਾਜ਼ਰ ਸਨ।

Leave a Reply

Your email address will not be published. Required fields are marked *