ਪੰਜਾਬਪਟਿਆਲਾ

ਬਿਜਲੀ ਦਰਾਂ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਬੋਰਡ ਦਫਤਰ ਅੱਗੇ ਧਰਨਾ

ਪੰਜਾਬ ਦੇ ਲੋਕ ਕਾਂਗਰਸ ਨੂੰ ਵੋਟਾਂ ਪਾਕੇ ਲੁੱਟੇ ਹੋਏ ਮਹਿਸੂਸ ਕਰਨ ਲੱਗੇ : ਭਗਵੰਤ ਮਾਨ
ਲੋਕਾਂ ਦੇ ਖੂਨ ਪਸੀਨੇ ਨਾਲ ਕੀਤੀ ਕਮਾਈ ਤੇ ਟੈਕਸ ਲਾਕੇ ਐਸ਼ਾਂ ਕਰ ਰਹੇ ਹਨ ਕਾਂਗਰਸੀ : ਸੁਖਪਾਲ ਖਹਿਰਾ
ਪਟਿਆਲਾ 27 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਵਧਾਈਆਂ ਦਰਾਂ ਦੇ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਅੱਜ ਪਟਿਆਲਾ ਦੀ ਮਾਲ ਰੋਡ ਤੇ ਸਥਿਤ ਪਾਵਰ-ਕਾਮ ਦੇ ਮੁੱਖ ਦਫ਼ਤਰ ਅੱਗੇ ਲਗਾਤਾਰ 5 ਘੰਟੇ ਧਰਨਾ ਦਿੱਤਾ, ਜਿੱਥੇ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਐਮਪੀ ਸ੍ਰੀ ਭਗਵੰਤ ਮਾਨ, ਵਿਧਾਨ ਸਭਾ ਵਿਚ ਵਿਰੋਧੀ ਧਿਰ ਤੇ ਨੇਤਾ ਸ੍ਰੀ ਸੁਖਪਾਲ ਸਿੰਘ ਖਹਿਰਾ, ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਇੱਕਮੁੱਠ ਹੋਕੇ ਲੜਨ ਦਾ ਸੱਦਾ ਦਿੱਤਾ। ਇਸ ਵੇਲੇ ਸੀਪੀਆਈ ਦੇ ਆਗੂ ਜੋਗਿੰਦਰ ਦਿਆਲ ਨੇ ਵੀ ਹਾਜ਼ਰੀ ਲਵਾਈ।

ਪਟਿਆਲਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸ੍ਰੀ ਗਿਆਨ ਸਿੰਘ ਮੁੰਗੋ ਦੇ ਪ੍ਰਬੰਧਾਂ ਹੇਠ ਹੋਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ ਵਧਾ ਕੇ ਅਜੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਦੇ ਛੋਟਾ ਟਿਕਾ ਲਾਕੇ ਦੇਖਿਆ ਹੈ ਜੇਕਰ ਕੋਈ ਇਨ੍ਹਾਂ ਦਾ ਵਿਰੋਧ ਨਹੀਂ ਕਰਦਾ ਤਾਂ ਫਿਰ ਅਗਲੇ ਵੱਡੇ ਟੈਕਸ ਲਾਉਣ ਦੀ ਤਿਆਰੀ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਪੰਜਾਬ ਵਿਚ ਕਾਂਗਰਸ ਨੂੰ ਵੋਟਾਂ ਪਾਕੇ ਪਛਤਾਉਣ ਲੱਗੇ ਹਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਪਟਿਆਲਾ ਦੇ ਵਾਸੀਆਂ ਦਾ ਵੀ ਧੰਨਵਾਦ ਕਰਨ ਲਈ ਨਹੀਂ ਆਏ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾਕੇ ਜਿਤਾਇਆ ਹੈ ਪੰਜਾਬ ਵਿਚ ਤਾਂ ਜਾਣ ਅਜੇ ਦੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਬਿਜਲੀ ਦੀਆਂ ਵਧਾਈਆਂ ਦਰਾਂ ਵਾਪਸ ਨਾ ਲਈਆਂ ਤਾਂ ਉਹ ਅਗਲੇ ਵੱਡੇ ਸੰਘਰਸ਼ ਦਾ ਐਲਾਨ ਕਰਨਗੇ ਜੋ ਬਲਾਕ ਪੱਤਰ ਤੋਂ ਲੈ ਕੇ ਸੂਬਾ ਪੱਧਰੀ ਹੋਵੇਗਾ। ਇਸ ਵੇਲੇ ਵਿਧਾਨ ਸਭਾ ਵਿਰੋਧੀ ਧਿਰ ਤੇ ਨੇਤਾ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਬਾਦਲ ਹੋਰੀਂ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਹਨ, ਸਰਕਾਰੀ ਬਿਜਲੀ ਪਲਾਂਟ ਬੰਦ ਕਰ ਕੇ ਇਹ ਨਿੱਜੀ ਕੰਪਨੀਆਂ ਲਈ ਮਾਰਕੀਟ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦਾ ਕਾਰਨ ਹੈ ਕਿ ਇਹ ਘਿਉ ਖਿਚੜੀ ਹਨ ਤੇ ਇਨ੍ਹਾਂ ਦੇ ਇਕੱਠੇ ਲੰਚ ਡਿਨਰ ਹੁੰਦੇ ਹਨ। ਪਹਿਲਾਂ ਅਮਰਿੰਦਰ ਸਿੰਘ ਦੇ ਵਿਰੁੱਧ ਚਲਦੇ ਕੇਸਾਂ ਨੂੰ ਰਫਾ ਦਫ਼ਾ ਕਰਨ ਵਿਚ ਬਾਦਲਾਂ ਨੇ ਅਹਿਮ ਰੋਲ ਨਿਭਾਇਆ ਹੁਣ ਅਮਰਿੰਦਰ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ, ਜਿਸ ਤੋਂ ਸਾਫ਼ ਹੈ ਕਿ ਇਹ ਸਾਰੇ ਇਕੱਠੇ ਹੋਕੇ ਪੰਜਾਬ ਨੂੰ ਲੁੱਟ ਰਹੇ ਹਨ ਤੇ ਪੰਜਾਬੀਆਂ ਦੇ ਖੂਨ ਪਸੀਨੇ ਵਿਚੋਂ ਨਿਕਲਦੇ ਰੁਪਏ ਟੈਕਸ ਲਾਕੇ ਖਜਾਨਿਆ ਵਿਚ ਪਾ ਰਹੇ ਹਨ, ਉਨ੍ਹਾਂ ਇੱਥੇ ਐਲਾਨ ਕੀਤਾ ਕਿ ਰੇਤ ਮਾਫ਼ੀਆ ਦੇ ਮੁਖੀ ਰਾਣਾ ਗੁਰਜੀਤ ਸਿੰਘ ਸੋਢੀ ਖ਼ਿਲਾਫ਼ ਉਹ ਜਲਦੀ ਹੀ ਹਾਈਕੋਰਟ ਜਾਣਗੇ£ ਇਸ ਵੇਲੇ ਸੀਪੀਆਈ ਨੇਤਾ ਕਾਮਰੇਡ ਜੋਗਿੰਦਰ ਦਿਆਲ ਨੇ ਕਿਹਾ ਕਿ ਉਤਰ ਕਾਟੋ ਮੈਂ ਚੜਾਂ ਵਾਲੀ ਖੇਡ ਖੇਡ ਰਹੇ ਇਨ੍ਹਾਂ ਬਾਦਲਾਂ ਤੇ ਕਾਂਗਰਸੀਆਂ ਨੂੰ ਪੰਜਾਬ ਵਿਚੋਂ ਬਾਹਰ ਕਰਨ ਲਈ ਸਾਰੇ ਇਕ ਵਿਚਾਰ ਤੇ ਲੋਕ ਪੱਖੀ ਸੋਚ ਰੱਖਣ ਵਾਲੇ ਲੋਕਾਂ ਨੂੰ ਇੱਕਮੁੱਠ ਹੋਣਾ ਪਵੇਗਾ, ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਨਾਅਰੇ ਲਾਉਂਦੇ ਹੁੰਦੇ ਸੀ ਉਸੇ ਤਰ੍ਹਾਂ ਲੋਕ ਪੱਖੀ ਤੇ ਬੁਰਜ਼ੂਆ ਲੋਕਾਂ ਨੂੰ ਖਦੇੜਨ ਦੇ ਨਾਅਰੇ ਆਮ ਆਦਮੀ ਪਾਰਟੀ ਲਾ ਰਹੀ ਹੈ। ਇਸ ਵੇਲੇ ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ ਨੇ ਲੋਕ ਲਹਿਰ ਸ਼ੁਰੂ ਕਰਨ ਦਾ ਸੱਦਾ ਦਿੱਤਾ, ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਜੇਕਰ ਪਰਿਵਾਰ ਬਚਾਉਣੇ ਹਨ ਤਾਂ ਪੰਜਾਬ ਦਾ ਇਕ ਇਕ ਪਰਿਵਾਰ ਇਕੱਠੇ ਹੋਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਭਜਾਓ। ਇਸ ਵੇਲੇ ਕਰਨਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਜਦੋਂ ਤੱਕ ਲੋਕ ਆਪਣੇ ਉੱਤੇ ਹੁੰਦੇ ਜ਼ੁਲਮਾਂ ਦਾ ਹਿਸਾਬ ਨਹੀਂ ਮੰਗਣਗੇ ਉਦੋਂ ਤੱਕ ਇਹ ਲੋਕ ਤਕੜੇ ਹੁੰਦੇ ਜਾਣਗੇ। ਇਸ ਵੇਲੇ ਡਾ. ਬਲਬੀਰ ਸਿੰਘ, ਡਾ. ਦਲਬੀਰ ਸਿੰਘ, ਕੁਲਦੀਪ ਕੌਰ ਟੌਹੜਾ, ਪਲਵਿੰਦਰ ਕੌਰ ਹਰਿਆਊ, ਜਗਤਾਰ ਸਿੰਘ ਰਾਜਲਾ, ਤੇਜਿੰਦਰ ਮਹਿਤਾ, ਕਾਰਪੋਰੇਸ਼ਨ ਪ੍ਰਧਾਨ, ਕੁੰਦਨ ਗੋਗੀਆ, ਸੰਦੀਪ ਬੰਧੂ, ਭੀਮਇੰਦਰ ਸਿੰਘ, ਮੇਘ ਚੰਦ ਸ਼ੇਰਮਾਜਰਾ, ਮੌਜੂਦਾ ਵਿਧਾਇਕਾਂ ਵਿਚ ਮੀਤ ਨਾਇਰ, ਪਿਰਮਿਲ ਸਿੰਘ, ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂਕੇ ਤੋਂ ਇਲਾਵਾ ਮਨਜੀਤ ਸਿੰਘ, ਕੁਲਵੰਤ ਸਿੰਘ ਪੰਡੋਰੀ, ਜਗਦੇਵ ਸਿੰਘ ਕੈਮਪੁਰੀ, ਹਰੀ ਸਿੰਘ ਟੌਹੜਾ, ਅਨਿਲ ਠਾਕੁਰ, ਪਰਮਜੀਤ ਸਚਦੇਵਾ, ਜਰਨੈਲ ਸਿੰਘ ਮਨੂੰ, ਪ੍ਰਦੀਪ ਸਿੰਘ ਮਲਹੋਤਰਾ, ਨਰਿੰਦਰ ਸਿੰਘ ਸ਼ੇਰ ਗਿੱਲ, ਹਰਿੰਦਰ ਸਿੰਘ ਅੰਮ੍ਰਿਤਸਰ, ਦਲਜੀਤ ਸਿੰਘ ਸਰਦਾਰਪੁਰਾ, ਸੁਰਜੀਤ ਸਿੰਘ ਗੜੀ, ਚੇਤਨ ਸਿੰਘ ਜੌੜੇ ਮਾਜਰਾ, ਇੰਦਰਜੀਤ ਸਿੰਘ ਸੰਧੂ, ਸਵੀਟੀ ਸ਼ਰਮਾ, ਜਸਬੀਰ ਗਾਂਧੀ, ਗੁਲਾਬ ਹਰਿਆਊ, ਬਲਵਿੰਦਰ ਝਾੜਵਾਂ, ਹਰਕੇਸ਼ ਸਿੱਧੂ ਤੇ ਹੋਰ ਬਹੁਤ ਸਾਰੇ ਨੇਤਾਵਾਂ ਨੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *