ਪੰਜਾਬੀ ਸੂਬੇ ਦੀ 51ਵੀਂ ਵਰ੍ਹੇ ਗੰਢ ਮੌਕੇ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ: ਚਿੰਤਾ ਅਤੇ ਚਿੰਤਨ’ ਵਿਸ਼ੇ ‘ਤੇ ਸੈਮੀਨਾਰ
ਪਟਿਆਲਾ 2 ਨਵੰਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸੂਬੇ ਦੀ 51ਵੀਂ ਵਰ੍ਹੇ ਗੰਢ ਨੂੰ ਸਮਰਪਿਤ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ: ਚਿੰਤਾ ਅਤੇ ਚਿੰਤਨ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਰਾਜਿੰਦਰਪਾਲ ਸਿੰਘ ਬਰਾੜ, ਸਾਬਕਾ ਮੁਖੀ ਪੰਜਾਬੀ ਵਿਭਾਗ ਅਤੇ ਐਡੀਸ਼ਨਲ ਡੀਨ ਕਾਲਜਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਪੰਜਾਬੀ ਸੂਬੇ ਦੀ 51ਵੀਂ ਵਰ੍ਹੇ ਗੰਢ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬੀ ਸੱਭਿਆਚਾਰ ਨੇ ਆਪਣਾ ਗੌਰਵ ਸਥਾਪਤ ਕੀਤਾ। ਸਿੱਖਿਆ ਦਾ ਮਾਧਿਅਮ ਪੰਜਾਬੀ ਬਣਨ ਨਾਲ ਨੌਕਰੀ ਵਿੱਚ ਪੰਜਾਬੀ ਭਾਸ਼ਾ ਜਾਣਨ ਦੀ ਲੋੜ ਅਤੇ ਪੰਜਾਬੀ ਪ੍ਰਤੀ ਰਾਜਸੀ ਨੇਤਾਵਾਂ ਦਾ ਸਿਆਸੀ ਦਬਦਬਾ ਵਧਣ ਨਾਲ ਪੰਜਾਬੀ-ਭਾਸ਼ੀ ਲੋਕਾਂ ਵਿੱਚ ਸਵੈ-ਵਿਸ਼ਵਾਸ਼ ਭਰਿਆ ਅਤੇ ਉਹ ਆਪਣੀਆਂ ਸੱਭਿਆਚਾਰਕ ਸਿਰਜਣਾਵਾਂ ‘ਤੇ ਮਾਣ ਕਰਨ ਲੱਗੇ। ਡਾ. ਬਰਾੜ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਪੰਜਾਬੀ ਭਾਸ਼ਾ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੰਨ੍ਹਾਂ ਵਿਚੋਂ ਮੁੱਖ ਇਹ ਹੈ ਕਿ ਇਸ ਨੂੰ ਗਿਆਨ ਅਤੇ ਵਿਗਿਆਨ ਦੇ ਵਿਸ਼ਿਆਂ ਦੀ ਭਾਸ਼ਾ ਬਣਾਉਣ ਦੀ ਲੋੜ ਹੈ ਤਾਂ ਜੋ ਸਾਡੇ ਪਿੰਡਾਂ ਦੇ ਨੌਜਵਾਨ ਕਿੱਤਾ ਮੁਖੀ ਕੋਰਸਾਂ ਵਿੱਚ ਸਿਖਲਾਈ ਪ੍ਰਾਪਤ ਕਰਕੇ ਸਭੈ-ਨਿਰਭਰ ਹੋ ਸਕਣ। ਡਾ. ਬਰਾੜ ਨੇ ਕਿਹਾ ਕਿ ਇਹ ਵੀ ਵਿਚਾਰਨਯੋਗ ਮਸਲਾ ਹੈ ਕਿ ਸਾਡੇ ਕੋਲ ਪ੍ਰਵਾਸੀ ਪੰਜਾਬੀ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਸਤੇ ਦੋ ਭਾਸ਼ੀ, ਚਿੱਤਰਾਂ ਵਾਲੀਆਂ ਪੁਸਤਕਾਂ ਅਤੇ ਆਡੀਓ ਵਿਜ਼ੂਅਲ ਸਮੱਗਰੀ ਦਾ ਘਾਟ ਹੈ। ਇਸ ਤੋਂ ਬਿਨ੍ਹਾਂ ਪੰਜਾਬੀ ਦੇ ਵਿਕਾਸ ਲਈ ਪੰਜਾਬੀ ਵਿੱਚ ਕੰਪਿਊਟਰ ਦੇ ਸਾਫਟਵੇਅਰ ਤਿਆਰ ਕਰਨ ਦੀ, ਕੰਪਿਊਟਰ ਅਤੇ ਮੋਬਾਇਲ ਨੂੰ ਮਨਪ੍ਰਚਾਵੇ ਦੀ ਥਾਂ ਵਿੱਦਿਅਕ ਅਤੇ ਵਪਾਰਕ ਲੋੜਾਂ ਲਈ ਵਰਤਣ ਦੀ ਅਤੇ ਸੱਭਿਆਚਾਰ ਅੰਦਰ ਵੱਧ ਰਹੀ ਹਉਮੈਂਬਾਜੀ, ਲੱਚਰਤਾ ਅਤੇ ਦਿਖਾਵੇ ਦੀ ਰੁਚੀ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਸਾਨੂੰ ਇਸ ਦੇ ਵਿਕਾਸ ਵਿੱਚ ਰੁਕਾਵਟ ਪਾਉਣ ਵਾਲੇ ਅਹਿਮ ਪੱਖਾਂ ਨੂੰ ਵਿਚਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਨੂੰ ਪੰਜਾਬੀ ਵਿਸ਼ੇ ਤੋਂ ਛੁੱਟ ਹੋਰ ਵਿਸ਼ਿਆਂ ਦੀਆਂ ਕਿਤਾਬਾਂ ਮਾਂ-ਬੋਲੀ ਵਿੱਚ ਉਪਲਬਧ ਕਰਵਾਉਣੀਆਂ ਚਾਹੀਦੀਆਂ ਹਨ। ਇਸ ਤੋਂ ਬਿਨ੍ਹਾਂ ਪੰਜਾਬੀ ਵਿੱਚ ਸੰਚਾਰ ਕੁਸ਼ਲਤਾ ਦਾ ਵਿਕਾਸ ਕਰਨ ਲਈ ਕੇਂਦਰੀ ਅਦਾਰਿਆਂ ਕੋਲੋਂ ਕਿੱਤਾਮੁਖੀ ਕੋਰਸਾਂ, ਜਿਨ੍ਹਾਂ ਵਿੱਚ ਵਧੇਰੇ ਕਰਕੇ ਪੰਜਾਬ ਦੇ ਪਛੜੇ ਖੇਤਰਾਂ ਵਿਚੋਂ ਵਿਦਿਆਅਰਥੀ ਦਾਖ਼ਲਾ ਲੈ ਰਹੇ ਹਨ, ਨੂੰ ਖੇਤਰੀ ਭਾਸ਼ਾਵਾਂ ਵਿੱਚ ਪੜ੍ਹਾਉਣ ਦੀ ਆਗਿਆ ਲੈਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਲਜ ਵੱਲੋਂ ਕੰਪਿਊਟਰ ਅਤੇ ਖੇਤੀਬਾੜੀ ਵਰਗੇ ਵਿਸ਼ਿਆਂ ਦੀਆਂ ਕਿਤਾਬਾਂ ਪੰਜਾਬੀ ਭਾਸ਼ਾ ਵਿੱਚ ਲਿਆਉਣ ਲਈ ਪ੍ਰੋਜੈਕਟ ਸ਼ੁਰੂ ਕਰਨ ਦੀ ਯੋਜਨਾ ਵਿਚਾਰ ਅਧੀਨ ਹੈ।
ਪ੍ਰੋ. ਪਰਮਜੀਤ ਕੌਰ, ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਸਾਰਿਆਂ ਨੂੰ ‘ਜੀ ਆਇਆਂ’ ਕਿਹਾ ਅਤੇ ਡਾ. ਪੁਸ਼ਪਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਡਾ. ਸਰਬਜੀਤ ਸਿੰਘ ਨੇ ਬਾਖ਼ੂਬੀ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਲਜ ਦੇ ਅਧਿਆਪਕ ਸਾਹਿਬਾਨ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਡਾ. ਬਰਾੜ ਨਾਲ ਲੰਬਾ ਸਮਾਂ ਸੰਵਾਦ ਰਚਾਇਆ।

