ਪੰਜਾਬਪਟਿਆਲਾ

ਮਿੰਨੀ ਸਕੱਤਰੇਤ ਅੱਗੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਧਰਨਾ

ਪਟਿਆਲਾ, 2 ਨਵੰਬਰ (ਮਧੂਸਾਰ ਬਿਊਰੋ) : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ਵਿਖੇ ਪ੍ਰਦਰਸ਼ਨ ਕਰਕੇ ਡੀਸੀ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ।
ਪੰਜਾਬ ਸਰਕਾਰ ਆਂਗਨਵਾੜੀ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ। ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਲਈ ਕੀਤੇ ਜਾਂਦੇ ਸੰਘਰਸ਼ ਦੌਰਾਨ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਆਂਗਨਵਾੜੀ ਮੁਲਾਜ਼ਮਾਂ ‘ਤੇ ਕੀਤਾ ਜਾਂਦਾ ਅੰਨ੍ਹੇਵਾਹ ਲਾਠੀਚਾਰਜ, ਜਲ ਤੋਪਾਂ, ਪਰਚੇ ਦਰਜ ਕਰਕੇ ਜੇਲ੍ਹ ਭੇਜਣਾ ਆਦਿ ਤਸ਼ੱਦਦ ਕਰਨਾ ਨਿੰਦਣਯੋਗ ਹਨ, ਜੋਕਿ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਿੰਨੀ ਸਕੱਤਰੇਤ ਸਾਹਮਣੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੌਲਾ ਨੇ ਆਪਣੇ ਸੰਬੋਧਨ ਦੁਆਰਾ ਕੀਤਾ। ਪੰਜੌਲਾ ਨੇ ਆਖਿਆ ਕਿ ਯੂਨੀਅਨ ਨੂੰ ਸੰਘਰਸ਼ ਕਰਨ ਦੀ ਲੋੜ ਤਾਂ ਕੇਵਲ ਪੰਜਾਬ ਦੀ ਗੂੰਗੀ ਅਤੇ ਬੌਲੀ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਹੀ ਪੈਂਦੀ ਹੈ, ਨਹੀਂ ਤਾਂ ਔਰਤਾਂ ਨੂੰ ਸੜਕਾਂ ‘ਤੇ ਉਤਰਨ ਦਾ ਕੋਈ ਸ਼ੌਂਕ ਨਹੀਂ ਹੈ। ਪੰਜੌਲਾ ਨੇ ਹੈਰਾਨੀਜਨਕ ਲਹਿਜ਼ੇ ‘ਚ ਆਖਿਆ ਕਿ ਕਈ-ਕਈ ਦਿਨ ਲਗਾਤਾਰ ਧਰਨੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕ ਰਹੀ। ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਨੇ ਮੰਗ ਕਰਦਿਆਂ ਆਖਿਆ ਕਿ ਆਂਗਨਵਾੜੀ ਕੇਂਦਰਾਂ ‘ਚ ਬੱਚਿਆਂ ਨੂੰ ਤੁਰੰਤ ਭੇਜਿਆ ਜਾਵੇ, ਨਹੀਂ ਤਾਂ ਆਂਗਨਵਾੜੀ ਕੇਂਦਰਾਂ ‘ਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਸਕੂਲਾਂ ‘ਚ ਸ਼ਿਫਟ ਕਰਨ ਲਈ ਸਾਂਝੀ ਪਾਲਿਸੀ ਬਣਾ ਕੇ ਫੈਸਲਾ ਕੀਤਾ ਜਾਵੇ। ਆਗੂਆਂ ਨੇ ਆਖਿਆ ਕਿ ਸਰਕਾਰ ਆਪਣੇ ਡੰਡੇ ਨਾਲ ਸਾਡੀ ਆਵਾਜ਼ ਨੂੰ ਨਹੀਂ ਦਬਾ ਸਕਦੀ ਅਤੇ ਜੇਕਰ ਸਰਕਾਰ ਦਾ ਆਂਗਨਵਾੜੀ ਯੂਨੀਅਨ ਪ੍ਰਤੀ ਅਜਿਹਾ ਹੀ ਵਤੀਰਾ ਰਿਹਾ ਤਾਂ ਸਾਨੂੰ ਮਜਬੂਰਨ ਆਪਣਾ ਸੰਘਰਸ਼ ਹੋਰ ਤਿੱਖਾ ਕਰਨਾ ਪਵੇਗਾ। ਆਂਗਨਵਾੜੀ ਵਰਕਰਾਂ ਨੇ ਮੰਗ ਕੀਤੀ ਕਿ ਰਾਤ ਨੂੰ ਸੁੱਤੀਆਂ ਪਈਆਂ ਬਜ਼ੁਰਗ ਔਰਤਾਂ ‘ਤੇ ਤਸ਼ੱਦਦ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਐਡਵਾਈਜ਼ਰੀ ਬੋਰਡ ਨੂੰ ਦਿੱਤੇ ਪ੍ਰਾਜੈਕਟ ਵਾਪਸ ਲਏ ਜਾਣ ਅਤੇ ਆਂਗਨਵਾੜੀ ਕੇਂਦਰਾਂ ‘ਚ ਬਿਜਲੀ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਸ ਰੋਸ ਮੁਜ਼ਾਹਰੇ ਮਗਰੋਂ ਆਂਗਨਵਾੜੀ ਵਰਕਰਾਂ ਨੇ ਤਹਿਸੀਲਦਾਰ ਸੁਭਾਸ਼ ਚੰਦ ਭਾਰਦਵਾਜ ਨੂੰ ਮੰਗ ਪੱਤਰ ਸੌਂਪਣ ਉਪਰੰਤ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨਾਲ ਮੰਗਾਂ ਸਬੰਧੀ ਮੀਟਿੰਗ ਵੀ ਕੀਤੀ। ਧਰਨੇ ‘ਚ ਯੂਨੀਅਨ ਆਗੂ ਪ੍ਰੇਮ ਸੇਠੀ, ਰਾਜ ਕੌਰ, ਗੁਰਪਾਲ ਕੌਰ, ਜਸਵੀਰ ਕੌਰ, ਸੁਨੀਤਾ ਜੋਸ਼ੀ, ਚਰਨਜੀਤ ਕੌਰ, ਅਮਰਜੀਤ ਕੌਰ, ਹਰਮੇਸ਼ ਕੌਰ, ਸਰਬਜੀਤ ਕੌਰ, ਮੰਜੂ, ਮਾਇਆ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਜਸਵਿੰਦਰ ਕੌਰ, ਬਲਜੀਤ ਕੌਰ, ਜਗਜੀਤ ਕੌਰ, ਸੰਗੀਤਾ, ਪਰਮਜੀਤ ਕੌਰ, ਧਰਮ ਕੌਰ, ਸੁਮਨ, ਅੰਗਰੇਜ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *