ਪੰਜਾਬਪਟਿਆਲਾ

ਪਟਿਆਲਾ ਜ਼ਿਲ੍ਹੇ ਦੀਆਂ 16 ਮੁੱਖ ਸੜਕਾਂ ਦੀ ਮੁਰੰਮਤ ਲਈ 40 ਕਰੋੜ ਰੁਪਏ ਜਾਰੀ-ਪਰਨੀਤ ਕੌਰ

5 ਕਰੋੜ ਦੀ ਲਾਗਤ ਨਾਲ ਪਟਿਆਲਾ-ਸਨੌਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ
ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਸਮਾਗਮ
ਸਨੌਰ (ਪਟਿਆਲਾ), 18 ਨਵੰਬਰ (ਮਧੂਸਾਰ ਬਿਊਰੋ) ਪਿਛਲੇ 10 ਸਾਲਾਂ ਤੋਂ ਪਟਿਆਲਾ ਜ਼ਿਲ੍ਹੇ ਨਾਲ ਰਾਜਸੀ ਵਿਤਕਰਾ ਹੋਣ ਕਾਰਨ ਜ਼ਿਲ੍ਹੇ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਤਰਸਯੋਗ ਬਣ ਗਈ ਸੀ। ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਸੜਕਾਂ ਦੀ ਕਾਇਆ ਕਲਪ ਕਰਨ ਲਈ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੀਆਂ 16 ਮੁੱਖ ਸੜਕਾਂ ਦੀ ਮੁਰੰਮਤ ਲਈ 40 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕਰੀਬ 5 ਕਰੋੜ ਦੀ ਲਾਗਤ ਨਾਲ ਪਟਿਆਲਾ-ਸਨੌਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਾਉਣ ਉਪਰੰਤ ਜੋੜੀਆਂ ਸੜਕਾਂ ‘ਤੇ ਸਥਿਤ ਇਕ ਪੈਲਸ ਵਿਖੇ ਸ. ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਸਨੌਰ ਹਲਕੇ ਦੇ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ 10 ਸਾਲਾਂ ਦੇ ਰਾਜਸੀ ਵਿਤਕਰੇ ਕਾਰਨ ਪਟਿਆਲਾ ਜ਼ਿਲ੍ਹੇ ਦੇ ਹਰੇਕ ਖੇਤਰ ਵਿੱਚ ਵਿਕਾਸ ਕਾਰਜ ਠੱਪ ਹੋਕੇ ਰਹਿ ਗਏ ਸਨ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਗਰਾਂਟਾ ਦੇਣ ਦਾ ਭਰੋਸਾ ਦਿੱਤਾ ਹੈ।
ਸ਼੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਪਹਿਲੇ ਫੇਸ ਤਹਿਤ ਪਟਿਆਲਾ ਦੀਆਂ 16 ਸੜਕਾਂ ਦੀ ਮੁਰੰਮਤ ਲਈ ਜਾਰੀ ਕੀਤੇ 40 ਕਰੋੜ ਵਿਚੋਂ ਇਕੱਲੇ ਸਨੌਰ ਹਲਕੇ ਦੀਆਂ 4 ਸੜਕਾਂ ਦੀ 13.25 ਕਰੋੜ ਰੁਪਏ ਨਾਲ ਮੁਰੰਮਤ ਕਰਵਾਈ ਜਾਵੇਗੀ ਜਿਸ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪਟਿਆਲਾ ਤੋਂ ਸਨੌਰ ਜਾਣ ਵਾਲੀ ਸੜਕ ਦੀ 5 ਕਰੋੜ ਦੀ ਲਾਗਤ ਨਾਲ ਮੁਰੰਮਤ ਤੋਂ ਇਲਾਵਾ ਸਰਹਿੰਦ ਰੋਡ ਨੂੰ ਰਾਜਪੁਰਾ ਰੋਡ ਨਾਲ ਜੋੜਨ ਵਾਲੇ ਉਤਰੀ ਬਾਈਪਾਸ ਜਿਸਦੀ ਹਾਲਤ ਬੁਹਤ ਹੀ ਤਰਸਯੋਗ ਹੋ ਚੁੱਕੀ ਹੈ ਦੀ 245 ਲੱਖ ਰੁਪਏ ਨਾਲ ਮੁਰੰਮਤ ਕਰਵਾਈ ਜਾ ਰਹੀ ਹੈ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦੇ ਫੋਕਲ ਪੁਆਇੰਟ ਦੀਆਂ ਸੜਕਾਂ ਤੇ ਹੋਰ ਵਿਕਾਸ ਕਾਰਜਾਂ ਲਈ 5.40 ਕਰੋੜ ਰੁਪਏ ਖਰਚਿਆ ਜਾ ਰਿਹਾ ਹੈ। ਜਦਕਿ ਪਟਿਆਲਾ-ਪਹੇਵਾ ਸੜਕ, ਰੇਲਵੇ ਸਟੇਸ਼ਨ ਤੋਂ ਦੁੱਖਨਿਵਾਰਨ ਸੜਕ, ਖੰਡਾ ਚੌਂਕ ਤੋਂ ਲੀਲਾ ਭਵਨ ਸੜਕ, ਭੁਪਿੰਦਰਾ ਰੋਡ, ਅੱਪਰਮਾਲ, ਬਾਰਾਂਦਰੀ ਬਾਗ ਦੀਆਂ ਸਾਰੀਆਂ ਸੜਕਾਂ ਸਮੇਤ ਪਟਿਆਲਾ ਸ਼ਹਿਰ ਨੂੰ ਜੋੜਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਅਖੀਰਲੇ ਸਾਲਾਂ ਵਿੱਚ ਵਿਕਾਸ ਕਾਰਜਾਂ ਦੀ ਰਿਵਾਇਤ ਨੂੰ ਤੋੜਦਿਆਂ ਸੂਬੇ ਵਿੱਚ ਪਹਿਲੇ ਸਾਲ ਤੋਂ ਹੀ ਵਿਕਾਸ ਕਾਰਜ ਤੇਜ ਕਰਨ ਦੇ ਆਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਕਣਕ ਤੇ ਝੋਨੇ ਦੀ ਸੂਚਾਰੂ ਖਰੀਦ ਕਰਵਾਈ ਗਈ ਹੈ ਅਤੇ ਇਕੱਲੇ ਪਟਿਆਲਾ ਜ਼ਿਲ੍ਹੇ ਵਿੱਚ ਹੀ ਹੁਣ ਤੱਕ ਕਿਸਾਨਾਂ ਨੂੰ ਝੋਨੇ ਦੀ 2 ਹਜਾਰ ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਹਨਾਂ ਇਸ ਮੌਕੇ ਸਨੌਰ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਭੁਨਰਹੇੜੀ, ਸਨੌਰ ਤੇ ਪਟਿਆਲਾ ਬਲਾਕਾਂ ਨੂੰ ਕਰੀਬ 250 ਲੱਖ ਰੁਪਏ ਦੇ ਚੈਕ ਵੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੌਂਪੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਕੁਸ਼ਾਸ਼ਣ ਤੋਂ ਤੰਗ ਆਏ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਇਸ ਲਈ ਮੁੱਖ ਮੰਤਰੀ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਨੌਰ ਹਲਕੇ ਵਿੱਚ ਛੇਤੀ ਹੀ ਇਕ ਵੱਡੀ ਸਨਅਤ ਲਿਆਉਣ ਦਾ ਭਰੋਸਾ ਦਿੱਤਾ ਹੈ ਜਿਸ ਨਾਲ ਇਲਾਕੇ ਦੇ ਹਜਾਰਾਂ ਬੱਚਿਆਂ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਹੋਣਗੇ। ਸ਼੍ਰੀ ਹੈਰੀਮਾਨ ਨੇ ਕਿਹਾ ਕਿ ਉਹ ਸਨੌਰ ਹਲਕੇ ਦੀਆਂ ਲੋਕਾਂ ਦੀਆ ਆਸਾਂ ‘ਤੇ ਪੂਰਾ ਉਤਰਨਗੇ। ਉਹਨਾਂ ਕਿਹਾ ਕਿ ਪਿਛਲੇ 40 ਸਾਲ ਤੋਂ ਹਲਕੇ ਦੇ ਨਹਿਰੀ ਖਾਲੇ ਪੱਕੇ ਨਾ ਹੋਣ ਦਾ ਮਾਮਲਾ ਵੀ ਉਹਨਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਹੈ ਜਿਸ ਨੂੰ ਮੁੱਖ ਮੰਤਰੀ ਵੱਲੋਂ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਸ. ਹੈਰੀਮਾਨ ਦੀ ਅਗਵਾਈ ਵਿੱਚ ਸਨੌਰ ਹਲਕੇ ਦੇ ਲੋਕਾਂ ਵੱਲੋਂ ਸ਼੍ਰੀਮਤੀ ਪਰਨੀਤ ਕੌਰ ਨੂੰ ਰਾਣੀ ਝਾਂਸੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਅਤੇ ਯੂਥ ਆਗੂ ਰਤਿੰਦਰਪਾਲ ਸਿੰਘ ਰਿੰਕੀ ਮਾਨ ਦੇ ਅਗਵਾਈ ਵਿੱਚ ਯੂਥ ਕਾਂਗਰਸ ਵੱਲੋਂ ਸਨੌਰ ਹਲਕੇ ਦੇ ਵਿਕਾਸ ਲਈ ਸ਼੍ਰੀਮਤੀ ਪਰਨੀਤ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਲਾਕ ਸਨੌਰ ਦੇ ਪ੍ਰਧਾਨ ਸ਼ੀ ਅਸ਼ਵਨੀ ਬੱਤਾ, ਬਲਾਕ ਭੁਨਰਹੇੜੀ ਦੇ ਪ੍ਰਧਾਨ ਸ਼੍ਰੀ ਗੁਰਮੀਤ ਸਿੰਘ ਬਿੱਟੂ, ਮੁੱਖ ਮੰਤਰੀ ਦੇ ਸਲਾਹਕਾਰ ਸ਼੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਯੂਥ ਆਗੂ ਸ਼੍ਰੀ ਰਤਿੰਦਰਪਾਲ ਸਿੰਘ ਰਿੰਕੀ ਮਾਨ, ਸ. ਬਲਵਿੰਦਰ ਸਿੰਘ ਕਰਤਾਰਪੁਰ, ਪੀ.ਡਬਲੀਯੂ.ਡੀ. ਦੇ ਐਸ.ਈ. ਸ਼੍ਰੀ ਰਾਜਕੁਮਾਰ, ਐਕਸ਼ੀਅਨ ਸ਼੍ਰੀ ਦੀਪਕ ਗੋਇਲ, ਐਕਸ਼ੀਅਨ ਸ਼੍ਰੀ ਨਵੀਨ ਮਿੱਤਲ, ਡੀ.ਡੀ.ਪੀ.ਓ. ਸ਼੍ਰੀ ਸੁਰਿੰਦਰ ਸਿੰਘ ਢਿੱਲੋਂ, ਸ਼੍ਰੀ ਅਮਨਰਣਜੀਤ ਸਿੰਘ ਗਰੇਵਾਲ, ਸ਼੍ਰੀ ਸੁਰਿੰਦਰ ਮਿੱਤਲ, ਸ਼੍ਰੀ ਹਰਪ੍ਰੀਤ ਸਿੰਘ ਸਫੇੜਾ, ਡੀ.ਐਸ.ਪੀ. ਸ਼੍ਰੀ ਗੁਰਦੀਪ ਸਿੰਘ ਧਾਲੀਵਾਲ, ਆੜਤੀ ਐਸ਼ੋਸ਼ੀਏਸ਼ਨ ਦੇ ਸ਼੍ਰੀ ਨਰੇਸ਼ ਗੋਇਲ, ਸਨੌਰ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਰਾਜੀਵ ਗੋਇਲ, ਸ਼੍ਰੀ ਜੋਗਿੰਦਰ ਸਿੰਘ ਕਾਕੜਾ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

Leave a Reply

Your email address will not be published. Required fields are marked *