ਪੰਜਾਬਪਟਿਆਲਾ

ਨਿਰੋਏ ਸਮਾਜ ਦੀ ਸਿਰਜਣਾ ਲਈ ਔਰਤ ਦਾ ਪੜਿਆ ਲਿਖਿਆ ਹੋਣਾ ਬਹੁਤ ਜਰੂਰੀ-ਪਰਨੀਤ ਕੌਰ

ਲੜਕੀਆਂ ਨੂੰ ਸਿਖਿਅਤ ਕਰਨ ਵਿੱਚ ਸਰਕਾਰੀ ਕਾਲਜ ਲੜਕੀਆਂ ਦਾ ਵੱਡਾ ਯੋਗਦਾਨ
ਸਰਕਾਰੀ ਕਾਲਜ ਲੜਕੀਆਂ ਦੀ 75 ਵੀਂ ਵਰ੍ਹੇ ਗੰਢ ‘ਤੇ ਪਲੈਟੀਨਮ ਜੁਬਲੀ ਸਮਾਰੋਹ ਕਰਵਾਇਆ
ਪਟਿਆਲਾ, 18 ਨਵੰਬਰ (ਮਧੂਸਾਰ ਬਿਊਰੋ) ਇੱਕ ਨਿਰੋਏ ਸਮਾਜ ਦੀ ਸਿਰਜਣਾ ਲਈ ਔਰਤ ਦਾ ਪੜਿਆ ਲਿਖਿਆ ਹੋਣਾ ਬਹੁਤ ਜਰੂਰੀ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਦੇ ਸਾਬਕਾ ਵਿਧਾਇਕ ਸ਼੍ਰੀਮਤੀ ਪਰਨੀਤ ਕੌਰ ਨੇ ਮਾਲਵਾ ਖੇਤਰ ਦੀ ਲੜਕੀਆਂ ਦੀ ਸਭ ਤੋਂ ਪੁਰਾਣੀ ਵਿਦਿਅਕ ਸੰਸਥਾ ਸਰਕਾਰੀ ਕਾਲਜ ਲੜਕੀਆਂ ਦੀ 75 ਵੀਂ ਵਰ੍ਹੇ ਗੰਢ ‘ਤੇ ਕਾਲਜ ਵੱਲੋਂ ਕਰਵਾਏ ਪਲੈਟੀਨਮ ਜੁਬਲੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।

ਪਲੈਟੀਨਮ ਜੁਬਲੀ ਸਮਾਰੋਹ ਦੀ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੂੰ ਵਧਾਈ ਦਿੰਦਿਆਂ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮਾਲਵਾ ਖੇਤਰ ਦੀ ਇਸ ਨਾਮੀ ਵਿਦਿਅਕ ਸੰਸਥਾ ਵੱਲੋਂ ਪਿਛਲੇ 75 ਵਰ੍ਹਿਆਂ ਤੋਂ ਸਾਡੀਆਂ ਬੱਚੀਆਂ ਨੂੰ ਵਿਦਿਆ ਦਾ ਚਾਨਣ ਦੇ ਕੇ ਇੱਕ ਬਹੁਤ ਹੀ ਵੱਡਾ ਪੁੰਨ ਅਤੇ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।
ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੌਜੂਦਾ ਸਾਇੰਸ ਯੁੱਗ ਨੇ ਵਿਸ਼ਵ ਵਿੱਚ ਵੱਡੀਆਂ ਤਬਦੀਲੀਆਂ ਲਿਆਂਦੀਆਂ। ਜਿਸ ਕਾਰਨ ਇਸ ਮੁਕਾਬਲੇਬਾਜੀ ਦੇ ਯੁੱਗ ਵਿੱਚ ਸਾਡੀਆਂ ਲੜਕੀਆਂ ਦਾ ਪੜੇ ਲਿਖੇ ਹੋਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਜਿਸ ਘਰ ਦੀ ਲੜਕੀ ਪੜ ਜਾਂਦੀ ਹੈ ਉਹ ਸਾਰਾ ਪਰਿਵਾਰ ਹੀ ਵਿਦਿਆ ਗ੍ਰਹਿਣ ਕਰ ਲੈਂਦਾ ਹੈ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸਾਡੀ ਜਿੰਦਗੀ ਇੱਕ ਪੇਟਿੰਗ ਦੀ ਤਰ੍ਹਾਂ ਹੈ ਜੋ ਕਿ ਗੂੜ੍ਹੇ ਤੇ ਹਲਕੇ ਰੰਗਾਂ ਦੇ ਸੁਮੇਲ ਨਾਲ ਬਣਦੀ ਅਤੇ ਸਾਡੀ ਜਿੰਦਗੀ ਵੀ ਦੁੱਖਾਂ ਅਤੇ ਸੁੱਖਾਂ ਦਾ ਸੁਮੇਲ ਹੈ। ਉਹਨਾਂ ਕਿਹਾ ਕਿ ਜਿੰਦਗੀ ਵਿੱਚ ਆਉਂਦੀਆਂ ਮੁਸ਼ਕਲਾਂ ਤੋਂ ਘਬਰਾਉਣ ਦੀ ਵਜਾਏ ਉਹਨਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਸਰਕਾਰੀ ਕਾਲਜ ਲੜਕੀਆਂ ਵੱਲੋਂ ਲੰਮੇ ਸਮੇਂ ਤੋਂ ਲੜਕੀਆਂ ਨੂੰ ਵਿਦਿਆ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ ਸ਼ਮਾਂ ਰੋਸ਼ਨ ਕਰਕੇ ਕਾਲਜ ਦੇ ਪਲੈਟੀਨਮ ਜੁਬਲੀ ਸਮਾਰੋਹ ਦੀ ਸ਼ੁਰੂਅਤ ਕੀਤੀ ਅਤੇ ਕਾਲਜ ਦਾ ਪਲੈਟੀਨਮ ਜੁਬਲੀ ਕੈਲੰਡਰ ਵੀ ਜਾਰੀ ਕੀਤਾ। ਉਹਨਾਂ ਫਾਈਨ ਆਰਟਸ, ਹੋਮ ਸਾਇੰਸ ਅਤੇ ਇਤਿਹਾਸ ਵਿਭਾਗ ਦਾ ਦੌਰਾ ਕਰਕੇ ਉਥੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਬਣਾਏ ਚਿੱਤਰਾਂ ਅਤੇ ਹੋਰ ਕਲਾਂ ਕ੍ਰਿਤੀਆਂ ਨੂੰ ਗੰਭੀਰਤਾਂ ਨਾਲ ਵੇਖਿਆ । ਇਸ ਮੌਕੇ ਐਨ.ਸੀ.ਸੀ. ਦੀਆਂ ਕੈਡਿਟਾਂ ਵੱਲੋਂ ਸਲਾਮੀ ਦਿੱਤੀ ਗਈ ਅਤੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਚਿਰੰਜੀਵ ਕੌਰ ਵੱਲੋਂ ਪੁੱਜੀਆਂ ਸਮੂਹ ਸ਼ਖਸ਼ੀਅਤਾਂ ਨੂੰ ਜੀ ਆਇਆ ਕਿਹਾ ਅਤੇ ਕਾਲਜ ਦੇ ਇਤਿਹਾਸ ਤੇ ਪ੍ਰਾਪਤੀਆਂ ਦਾ ਵਰਨਣ ਕੀਤਾ। ਪਿੰ੍ਰਸੀਪਲ ਵੱਲੋਂ ਮੁੱਖ ਮਹਿਮਾਨ ਸ਼੍ਰੀਮਤੀ ਪਰਨੀਤ ਕੌਰ, ਵਿਸ਼ੇਸ਼ ਮਹਿਮਾਨ ਪੀ.ਆਰ.ਟੀ.ਸੀ. ਚੇਅਰਮੈਨ ਸ਼੍ਰੀ ਕੇ.ਕੇ. ਸਰਮਾਂ, ਮੁੱਖ ਮੰਤਰੀ ਦੇ ਸਲਾਹਕਾਰ ਸ਼੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਕਾਲਜ ਦੀ ਵਾਈਸ ਪਿੰ੍ਰਸੀਪਲ ਡਾ. ਕੰਵਲਜੀਤ ਕੌਰ ਬਰਾੜ ਨੇ ਪੁੱਜੀਆਂ ਸਮੂਹ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਕਾਲਜ ਦੀਆਂ ਮੌਜੂਦਾ ਤੇ ਸਾਬਕਾ ਵਿਦਿਆਰਥਣਾਂ, ਅਧਿਆਪਕਾਵਾਂ ਤੇ ਹੋਰ ਪਤਵੰਤੇ ਵੀ ਹਾਜਰ ਸਨ।

Leave a Reply

Your email address will not be published. Required fields are marked *