ਨੂਰਪੁਰ ਹਕੀਮਾਂ (ਮੋਗਾ) ਦੇ ਹਰਪ੍ਰੀਤ ਸਿੰਘ ਦੀ ਐਚ.ਐਫ. ਗਾਂ ਨੇ 55.740 ਕਿੱਲੋ ਦੁੱਧ ਦੇ ਕੇ ਪਹਿਲਾ ਇਨਾਮ ਜਿੱਤਿਆ
ਹੁਣ ਤੱਕ 7500 ਤੋਂ ਉੱਪਰ ਪਸ਼ੂਆਂ ਦੀ ਰਜਿਸਟ੍ਰੇਸ਼ਨ ਹੋਈ
ਜੇਤੂ ਗਾਵਾਂ ਨੂੰ ਮਿਲੇਗੀ ਲੱਖਾਂ ਰੁਪਏ ਦੀ ਨਗਦ ਇਨਾਮੀ ਰਾਸ਼ੀ
ਚੌਥੇ ਦਿਨ ਵੀ ਦਰਸ਼ਕਾਂ ਵਲੋਂ ਚੈਂਪੀਅਨਸ਼ਿਪ ਨੂੰ ਮਿਲਿਆ ਰਿਕਾਰਡ ਤੋੜ ਹੁੰਗਾਰਾ
ਇਨਾਮ ਵੰਡ ਸਮਾਰੋਹ ਅੱਜ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਵਿਧਾਇਕ ਰਜਿੰਦਰ ਸਿੰਘ ਪੁੱਜਣਗੇ
ਜਾਹਲਾਂ (ਪਟਿਆਲਾ), 4 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਲੋਂ ਫਿਕੀ ਦੇ ਸਹਿਯੋਗ ਨਾਲ ਇੱਥੇ ਕਰਵਾਈ ਜਾ ਰਹੀ ਪੰਜ ਰੋਜ਼ਾ 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ-2017 ਦੇ ਚੌਥੇ ਦਿਨ ਅੱਜ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੰਦਿਆਂ ਪਿਛਲੇ ਰਿਕਾਰਡ ਤੋੜ ਦਿਤੇ।
ਇਸ ਚੈਂਪੀਅਨਸ਼ਿਪ ਦੌਰਾਨ ਜੇਤੂ ਰਹੇ ਪਸ਼ੂ ਪਾਲਕਾਂ ਨੂੰ 5 ਦਸੰਬਰ ਨੂੰ ਸੂਬੇ ਦੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਇਨਾਮ ਵੰਡਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਦੇ ਨਾਲ ਵਿਧਾਇਕ ਸਮਾਣਾ ਸ. ਰਜਿੰਦਰ ਸਿੰਘ ਵੀ ਮੌਜੂਦ ਰਹਿਣਗੇ। ਇਸ ਐਕਸਪੋ ਵਿੱਚ ਹੁਣ ਤੱਕ 7500 ਤੋਂ ਉੱਪਰ ਪਸ਼ੂਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਇਸ ਮੇਲੇ ‘ਚ ਵੱਡੀ ਗਿਣਤੀ ਵਿੱਚ ਹਰ ਰੋਜ ਲੋਕ ਸ਼ਿਰਕਤ ਕਰਨ ਆ ਰਹੇ ਹਨ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਦਸਿਆ ਕਿ ਇਸ ਚੈਂਪੀਅਨਸ਼ਿਪ ‘ਚ ਦੁਧਾਰੂ ਪਸ਼ੂਆਂ ਦੇ ਦੁੱਧ ਚੁਆਈ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਨੂਰਪੁਰ ਹਕੀਮਾਂ (ਮੋਗਾ) ਦੇ ਹਰਪ੍ਰੀਤ ਸਿੰਘ ਦੀ ਐਚ.ਐਫ. ਗਾਂ ਨੇ 55.740 ਕਿੱਲੋ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਨ੍ਹਾਂ ਦੀ ਹੀ ਇਕ ਹੋਰ ਐਚ.ਐਫ. ਗਾਂ ਨੇ 50.220 ਕਿੱਲੋ ਦੁੱਧ ਦੇ ਕੇ ਤੀਸਰਾ ਸਥਾਨ ਵੀ ਪ੍ਰਾਪਤ ਕੀਤਾ। ਭਾਨ ਮਾਜਰਾ (ਸ਼ਹੀਦ ਭਗਤ ਸਿੰਘ ਨਗਰ) ਦੇ ਵਸਨੀਕ ਪ੍ਰਿਤਪਾਲ ਸਿੰਘ ਦੀ ਐਚ.ਐਫ. ਗਾਂ ਨੇ 52.386 ਕਿੱਲੋਂ ਦੁੱਧ ਦੇ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਮੁਰਹਾ ਅਤੇ ਨੀਲੀ ਰਾਵੀ ਮੱਝਾਂ, ਐਚ.ਐਫ. ਕਰਾਸ ਗਾਂ ਸਾਹੀਵਾਲ ਨਸਲ ਦੀਆਂ ਗਾਵਾਂ ਦੇ ਦੁੱਧ ਚੁਆਈ ਮੁਕਾਬਲੇ ਵਿੱਚ ਹਰ ਇੱਕ ਕੈਟਾਗਰੀ ਵਿੱਚ ਪਹਿਲਾ ਇਨਾਮ 1.50 ਲੱਖ ਰੁਪਏ ਦੂਸਰਾ 1 ਲੱਖ ਅਤੇ ਤੀਸਰਾ 51000 ਅਤੇ ਚੌਥਾ 31000 ਰੁਪਏ ਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਰਸੀ ਕਰਾਸ ਗਾਵਾਂ ਦੇ ਦੁੱਧ ਚੁਆਈ ਮੁਕਾਬਲੇ ਵਿੱਚ ਪਹਿਲਾ ਇਨਾਮ 1 ਲੱਖ ਰੁਪਏ ਦੂਸਰਾ 51000 ਤੀਸਰਾ 31000 ਅਤੇ ਚੌਥਾ 21000 ਰੁਪਏ ਦਾ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਕਿਸੇ ਵੀ ਦੇਸੀ ਨਸਲ ਦੇ ਦੁੱਧ ਚੁਆਈ ਮੁਕਾਬਲੇ ‘ਚ ਪਹਿਲਾ ਇਨਾਮ 21000 ਰੁਪਏ, ਦੂਜਾ 11000 ਰੁਪਏ ਅਤੇ ਤੀਜਾ 5000 ਰੁਪਏ ਦਿੱਤਾ ਜਾਵੇਗਾ।
ਡਾ. ਅਮਰਜੀਤ ਸਿੰਘ ਨੇ ਦਸਿਆ ਕਿ ਜਰਸੀ ਕਰਾਸ ਗਾਵਾਂ ਦੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਰੁੜਕੀ ਉੱਚੀ (ਫਤਿਹਗੜ੍ਹ ਸਾਹਿਬ) ਦੇ ਧਨਜੀਤ ਸਿੰਘ ਦੀ ਜਰਸੀ ਕਰਾਸ ਗਾਂ ਨੇ 38.067 ਕਿੱਲੋ ਦੁੱਧ ਦੇ ਕੇ ਪਹਿਲਾ ਸਥਾਨ, ਗਾਲਿਬ ਖੇੜੀ ਕਰਨਾਲ ਦੇ ਬਲਦੇਵ ਸਿੰਘ ਦੀ ਗਾਂ ਨੇ 37.947 ਕਿੱਲੋ ਦੁੱਧ ਦੇ ਕੇ ਦੂਸਰਾ ਸਥਾਨ ਅਤੇ ਲਹਿਰਾਂ ਬੇਟ (ਫਿਰੋਜ਼ਪੁਰ) ਦੇ ਪ੍ਰਵੀਨ ਸਿੰਘ ਦੀ ਗਾਂ ਨੇ 33.917 ਕਿੱਲੋ ਦੁੱਧ ਦੇ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸਾਹੀਵਾਲ ਗਾਵਾਂ ਦੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਗੰਗਨਾ (ਹਰਿਆਣਾ) ਦੇ ਵਰਿੰਦਰ ਸਿੰਘ ਦੀ ਗਾਂ ਨੇ 17.067 ਕਿੱਲੋ ਦੁੱਧ ਦੇ ਕੇ ਪਹਿਲਾ ਸਥਾਨ, ਗਿੱਲਾਂਖੇੜਾ (ਹਰਿਆਣਾ) ਦੇ ਜਤਿੰਦਰ ਸਿੰਘ ਦੀ ਗਾਂ ਨੇ 16.667 ਕਿੱਲੋ ਦੁੱਧ ਦੇ ਕੇ ਦੂਸਰਾ ਸਥਾਨ ਅਤੇ ਦੱਤਾ (ਹਰਿਆਣਾ) ਦੀ ਸ਼੍ਰੀ ਗਊਸ਼ਾਲਾ ਦੀ ਗਾਂ ਨੇ 15.800 ਕਿੱਲੋ ਦੁੱਧ ਦੇ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਕੋਈ ਵੀ ਦੇਸੀ ਨਸਲ ਗਾਂ ਦੇ ਦੁੱਧ ਚੁਆਈ ਮੁਕਾਬਲੇ ਵਿੱਚ ਅਜਮੇਰ ਦੇ ਗਨਪਤ ਸਿੰਘ ਦੀ ਗਾਂ ਨੇ 25.040 ਕਿੱਲੋ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਖਰਵਾਰ (ਹਰਿਆਣਾ) ਦੇ ਸੁਰੇਸ਼ ਕੁਮਾਰ ਦੀ ਗਾਂ ਨੇ 17.360 ਕਿੱਲੋ ਦੁੱਧ ਦੇ ਕੇ ਦੂਸਰਾ ਇਨਾਮ ਪ੍ਰਾਪਤ ਕੀਤਾ ਅਤੇ ਢਿੰਗਵਾਲੀ (ਫਾਜ਼ਿਲਕਾ) ਦੇ ਰਾਮ ਸਿੰਘ ਦੀ ਗਾਂ ਨੇ 16.00 ਕਿੱਲੋ ਦੁੱਧ ਦੇ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਨੀਲੀ ਰਾਵੀ ਨਸਲ ਦੀਆਂ ਮੱਝਾਂ ਦੇ ਦੁੱਧ ਚੁਆਈ ਮੁਕਾਬਲੇ ਵਿਚ ਰੁੜਕੇ ਕਲਾਂ( ਬਰਨਾਲਾ) ਦੇ ਵਸਨੀਕ ਚਮਕੌਰ ਸਿੰਘ ਦੀ ਮੱਝ ਨੇ 21.343 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ, ਘੁਮਿਆਰਾ(ਫਰੀਦਕੋਟ)ਦੇ ਬਲਕਰਨ ਸਿੰਘ ਦੀ ਮੱਝ ਨੇ 19.860 ਕਿਲੋ ਦੁੱਧ ਦੇ ਕੇ ਦੂਜਾ ਸਥਾਨ ਅਤੇ ਖੋਜੇ ਮਾਜਰਾ (ਫਤਿਹਗੜ੍ਹ ਸਾਹਿਬ) ਦੀ ਮੱਝ ਨੇ 18.416 ਕਿਲੋ ਦੁੱਧ ਦੇ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਮੁਰਹਾ ਨਸਲ ਦੀਆਂ ਮੱਝਾਂ ਦੇ ਦੁੱਧ ਚੁਆਈ ਮੁਕਾਬਲੇ ਵਿਚ ਕੁਰੂਕਸ਼ੇਤਰ (ਹਰਿਆਣਾ) ਦੇ ਵਸਨੀਕ ਕਰਮਵੀਰ ਸਿੰਘ ਦੀ ਮੱਝ ਨੇ 24.377 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ, ਚੱਟਾ ਨਨਹੇੜਾ (ਪੰਜਾਬ) ਦੇ ਬੂਟਾ ਸਿੰਘ ਦੀ ਮੱਝ ਨੇ 22.200 ਕਿਲੋ ਦੁੱਧ ਦੇ ਕੇ ਦੂਜਾ ਸਥਾਨ ਅਤੇ ਉੱਚੀ ਰੁੜਕੀ (ਫਤਿਹਗੜ੍ਹ ਸਾਹਿਬ) ਦੀ ਮੱਝ ਨੇ 21.100 ਕਿਲੋ ਦੁੱਧ ਦੇ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਕੌਮੀ ਪਸ਼ੂ ਮੇਲੇ ਦੌਰਾਨ ਜਿਥੇ ਦਰਸ਼ਕਾਂ ਨੇ ਵੱਖ-ਵੱਖ ਪ੍ਰਦਰਸ਼ਨੀਆਂ ਦੇਖੀਆਂ ਉਥੇ ਹੀ ਇਸ ਦੌਰਾਨ ਪੁਜੇ ਪਸ਼ੂ ਪਾਲਕਾਂ ਨਾਲ ਗੱਲਬਾਤ ਕਰਕੇ ਤਜਰਬਿਆਂ ਬਾਰੇ ਜਾਣਿਆ। ਦਰਸ਼ਕਾਂ ਨੇ ਇਸ ਮੇਲੇ ਨੂੰ ਭਰਵਾਂ ਹੁੰਗਾਰਾ ਦਿਤਾ, ਪ੍ਰਬੰਧਕਾਂ ਨੇ ਦਸਿਆ ਕਿ ਇਸ ਚੈਂਪੀਅਨਸ਼ਿਪ ਨੇ ਪਿਛਲੇ ਰਿਕਾਰਡ ਤੋੜ ਦਿਤੇ ਹਨ ਤੇ ਦਰਸ਼ਕਾਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਹੈ। ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਸਲਾਹਕਾਰ ਡਾ. ਪੀ.ਕੇ. ਉਪਲ, ਡਾਇਰੈਕਟਰ ਡਾ. ਅਮਰਜੀਤ ਸਿੰਘ, ਜੁਆਇੰਟ ਡਾਇਰੈਕਟਰ ਡਾ. ਅਮਰਜੀਤ ਸਿੰਘ ਮੁਲਤਾਨੀ, ਸਹਾਇਕ ਡਾਇਰੈਕਟਰ ਡਾ. ਗੁਰਿੰਦਰ ਸਿੰਘ ਵਾਲੀਆ, ਮੇਲਾ ਪ੍ਰਬੰਧਕ ਡਾ. ਐਚ.ਐਮ. ਵਾਲੀਆ ਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।

