ਪਟਿਆਲਾ

ਰਿਫਰੈਸ਼ਰ ਕੋਰਸ ਮੁਲਾਜ਼ਮਾਂ ਚੋਂ ਖੜੋਤ ਨੂੰ ਦੂਰ ਕਰਨ ਲਈ ਹੋ ਰਹੇ ਸਹਾਈ : ਪ੍ਰੋ. ਬਡੂੰਗਰ

ਸ਼੍ਰੋਮਣੀ ਕਮੇਟੀ ਅਧੀਨ ਰਿਫਰੈਸ਼ਰ ਕੋਰਸ ਦੇ 10ਵੇਂ ਬੈਚ ਦੀ ਆਰੰਭਤਾ
ਪਟਿਆਲਾ 4 ਦਸੰਬਰ (ਮਧੂਸਾਰ ਬਿਊਰੋ) ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਗੁਰਮਤਿ ਸਿਖਲਾਈ ਸਕੂਲ ਬਹਾਦਰਗੜ੍ਹ, ਪਟਿਆਲਾ ਵਿਖੇ ਰਿਫਰੈਸ਼ਰ ਕੋਰਸ ਦੇ 10ਵੇਂ ਬੈਚ ਦੀ ਆਰੰਭਤਾ ਕੀਤੀ ਗਈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਡਾਇਰੈਕਟਰ ਡਾ. ਚਮਕੌਰ ਸਿੰਘ ਗੁਰਮਤਿ ਸਿਖਲਾਈ ਸਕੂਲ, ਡਾ. ਪਰਮਵੀਰ ਸਿੰਘ ਸਿੱਖ ਵਿਸ਼ਵ ਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਗੁਰਨਾਇਬ ਸਿੰਘ ਮੁਖੀ ਭਾਈ ਵੀਰ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਇਰੈਕਟੋਰੇਟ ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ ਅਤੇ ਡਾ. ਸਤਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਰਿਫਰੈਸ਼ਰ ਕੋਰਸ ਦੀ ਆਰੰਭਤਾ ਕਰਦਿਆਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਰਿਫਰੈਸ਼ਰ ਕੋਰਸ ਦਾ ਉਦੇਸ਼ ਮਨੁੱਖੀ ਸਖਸ਼ੀਅਤ ਦੀ ਉਸਾਰੀ ਕਰਨਾ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ‘ਚ ਕਾਰ-ਵਿਹਾਰ ਦੌਰਾਨ ਆ ਜਾਣ ਵਾਲੀ ਖੜੌਤ ਨੂੰ ਦੂਰ ਕੀਤਾ ਜਾ ਸਕੇ।
ਪ੍ਰੋ. ਬਡੂੰਗਰ ਨੇ ਕਿਹਾ ਕਿ ਮੁਲਾਜ਼ਮਾਂ ਦੇ ਕਾਰ-ਵਿਹਾਰ ‘ਚ ਤਬਦੀਲੀ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਪ੍ਰਭਾਵਸ਼ਾਲੀ ਸਖਸ਼ੀਅਤ ਦਾ ਗੁਰਦੁਆਰਿਆਂ ‘ਚ ਨਤਮਸਤਕ ਹੋਣ ਪੁੱਜਦੀ ਸੰਗਤ ‘ਤੇ ਵਧੀਆ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰਿਫਰੈਸ਼ਰ ਕੋਰਸ ਰਾਹੀਂ ਰਹਿਤ-ਮਰਿਯਾਦਾ, ਸਿੱਖੀ ਸਿਧਾਂਤ ਅਤੇ ਮਹਾਨ ਵਿਰਸੇ ਨਾਲ ਜੁੜਕੇ ਮਾੜੇ ਪ੍ਰਭਾਵਾਂ ਦਾ ਖਾਤਮਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਕਿਹਾ ਕਿ ਰਿਫਰੈਸ਼ਰ ਕੋਰਸਾਂ ਰਾਹੀਂ ਸਵੈ-ਪੜਚੋਲ ਹੁੰਦੀ ਹੈ, ਜਿਸ ਨਾਲ ਮੁਲਾਜ਼ਮ ਨੌਕਰੀ ਨੂੰ ਸੇਵਾ ਸਮਝਕੇ ਕਰਨ ਲੱਗਦੇ ਹਨ। ਉਨ੍ਹਾਂ ਕਿਹਾ ਕਿ ਤਬਦੀਲੀ ਨਾਲ ਹੀ ਖੜੌਤ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਰੋ-ਤਾਜ਼ਾ ਹੋਣ ਲਈ ਸਿਖਿਆਰਥੀਆਂ ਨੂੰ ਤਬਦੀਲੀ ਤੇ ਵਿਕਾਸ ਵਾਲੇ ਗੁਣਾਂ ਦਾ ਧਾਰਨੀ ਬਣਾਇਆ ਜਾਣਾ ਸਮੇਂ ਦੀ ਮੁੱਖ ਮੰਗ ਬਣ ਚੁੱਕੀ ਹੈ।
ਇਸ ਦੌਰਾਨ ਡਾਇਰੈਕਟਰ ਜਤਿੰਦਰ ਸਿੰਘ ਸਿੱਧੂ, ਡਾ. ਪਰਮਵੀਰ ਸਿੰਘ, ਡਾ. ਗੁਰਨਾਇਬ ਸਿੰਘ, ਡਾ. ਸਤਿੰਦਰ ਸਿੰਘ ਨੇ ਵੀ ਸਿੱਖਿਆਰਥੀਆਂ ਨੂੰ ਸਖਸ਼ੀਅਤ ‘ਚ ਤਬਦੀਲੀ ਲਿਆਉਣ ਦੀ ਪ੍ਰੇਰਨਾ ਦਿੱਤੀ।
ਅੰਤ ‘ਚ ਗੁਰਮਤਿ ਸਿਖਲਾਈ ਸਕੂਲ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਵੱਲੋਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਪੁਸਤਕਾਂ ਦਾ ਸੈਟ ਸਨਮਾਨ ਵਜੋਂ ਭੇਟ ਕੀਤਾ ਗਿਆ।

Leave a Reply

Your email address will not be published. Required fields are marked *