ਪੰਜਾਬ

ਲੋਕਤੰਤਰ ਦਾ ਗਲਾ ਘੁੱਟਣ ਵਾਲਿਆਂ ਦੀ ਨਿਆਂਇਕ ਜਾਂਚ ਹੋਵੇ: ਅਕਾਲੀ-ਭਾਜਪਾ

ਚੰਡੀਗੜ੍ਹ/11 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਇੱਕ ਸਾਂਝੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਵਿਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਹਿੱਤਾਂ ਨੂੰ ਪੂਰਨ ਲਈ ਲੋਕਤੰਤਰ ਦਾ ਗਲਾ ਘੁੱਟਣ ਵਾਲੇ ਸਿਆਸਤਦਾਨਾਂ-ਅਫਸਰਸ਼ਾਹੀ-ਚੋਣ ਨਿਗਰਾਨਾਂ ਦੇ ਗਠਜੋੜ ਦੀ ਨਿਆਂਇਕ ਜਾਂਚ ਦਾ ਆਦੇਸ਼ ਦੇਣ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਦੀ ਅਗਵਾਈ ਵਿਚ ਗਏ ਇਸ ਵਫ਼ਦ ਨੇ ਕਿਹਾ ਕਿ ਇਸ ਨਾਪਾਕ ਗਠਜੋੜ ਨੇ ਚੋਣ ਪ੍ਰਕਿਰਿਆ ਦੇ ਹਰ ਪੜਾਅ ਉੱਤੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਖੱਜਲ-ਖੁਆਰ ਕਰਨ ਦੀ ਸਾਜ਼ਿਸ਼ ਰਚੀ ਹੈ, ਜਿਸ ਵਿਚ ਉਹਨਾਂ ਨੂੰ ਇਤਰਾਜ਼ਹੀਣਤਾ ਦੇ ਸਰਟੀਫਿਕੇਟ ਨਾ ਦੇਣਾ ਅਤੇ ਉਹਨਾਂ ਦੇ ਨਾਮਜ਼ਦਗੀ ਕਾਗਜ਼ ਸਵੀਕਾਰ ਨਾ ਕਰਨਾ ਸ਼ਾਮਿਲ ਸੀ । ਵਫ਼ਦ ਦੇ ਮੈਂਬਰਾਂ ਨੇ ਰਾਜਪਾਲ ਨੂੰ ਦੱਸਿਆ ਕਿ ਉਹ ਉਹਨਾਂ ਤਕ ਇਸ ਲਈ ਪਹੁੰਚ ਕਰ ਰਹੇ ਹਨ, ਕਿਉਂਕਿ ਇਸ ਸੰਬੰਧੀ ਸੂਬਾਈ ਚੋਣ ਕਮਿਸ਼ਨ ਨੂੰ ਕੀਤੀਆਂ ਸ਼ਿਕਾਇਤਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਜਿਹਨਾਂ ਚਾਰ ਥਾਂਵਾਂ ਉੱਤੇ ਅਕਾਲੀ ਵਰਕਰਾਂ ਉੱਤੇ ਜਿਸਮਾਨੀ ਹਮਲੇ ਕੀਤੇ ਜਾਣ ਤੋਂ ਇਲਾਵਾ ਉਹਨਾਂ ਦੇ ਨਾਮਜ਼ਦਗੀ ਕਾਗਜ਼ ਵੀ ਪਾੜ ਦਿੱਤੇ ਗਏ ਸਨ, ਉੱਥੇ ਥਾਂਵਾਂ ਉੱਤੇ ਚੋਣਾਂ ਰੱਦ ਨਹੀਂ ਕੀਤੀਆਂ ਗਈਆਂ।
ਸਰਦਾਰ ਬਾਦਲ ਨੇ ਰਾਜਪਾਲ ਨੂੰ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਆ ਰਹੀਆਂ ਨਗਰ ਨਿਗਮਾਂ ਦੀਆਂ ਚੋਣਾਂ ਵਾਸਤੇ ਨੀਮ-ਫੌਜੀ ਦਸਤਿਆਂ ਦੀ ਮੰਗ ਕਰਨ ਦਾ ਨਿਰਦੇਸ਼ ਦੇਣ।ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਇੱਥੇ ਨਿਰਪੱਖ ਅਤੇ ਆਜ਼ਾਦ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਮਨਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਜਾ ਚੁੱਕਿਆ ਹੈ। ਚੋਣਾਂ ਦੌਰਾਨ ਅਕਾਲੀ-ਭਾਜਪਾ ਵਰਕਰਾਂ ਖਿਲਾਫ ਵੱਡੇ ਪੱਧਰ ਉੱਤੇ ਹੇਰਾਫੇਰੀ ਅਤੇ ਹਿੰਸਾ ਦੀ ਸੰਭਾਵਨਾ ਹੈ। ਅਜਿਹੇ ਹਾਲਾਤਾਂ ਵਿਚ ਸਿਰਫ ਨੀਮ ਫੌਜੀ ਦਸਤੇ ਹੀ ਆਜ਼ਥਾਦ ਅਤੇ ਨਿਰਪੱਖ ਚੋਣਾਂ ਦਾ ਹੋਣਾ ਯਕੀਨੀ ਬਣਾ ਸਕਦੇ ਹਨ।
ਵਫ਼ਦ ਦੇ ਮੈਂਬਰਾਂ ਵਿਚ ਸ਼ਾਮਿਲ ਸਾਂਸਦਾਂ ਸੁਖਦੇਵ ਸਿੰਘ ਢੀੰਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਰਾਜਪਾਲ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਮੁੱਖ ਸਕੱਤਰ ਨੂੰ ਸਖ਼ਤ ਨਿਰਦੇਸ਼ ਜਾਰੀ ਕਰਨ ਕਿ ਜੇਕਰ ਨਗਰ ਨਿਗਮ ਚੋਣਾਂ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਕਾਂਗਰਸ ਦੇ ਹੱਕ ਵਿਚ ਪੱਖਪਾਤੀ ਭੂਮਿਕਾ ਨਿਭਾਈ ਤਾਂ ਇਸ ਵਾਸਤੇ ਮੁੱਖ ਸਕੱਤਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਉਹਨਾਂ ਕਿਹਾ ਕਿ ਜਿਹਨਾਂ ਅਧਿਕਾਰੀਆਂ ਨੇ ਨਗਰ ਨਿਗਮ ਚੋਣਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਲੈ ਕੇ ਕਾਂਗਰਸ ਦੇ ਏਜੰਟਾਂ ਵਾਂਗ ਕੰਮ ਕੀਤਾ ਹੈ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸੇ ਦੌਰਾਨ ਵਫ਼ਦ ਨੇ ਰਾਜਪਾਲ ਉੱਤੇ ਸੂਬਾ ਸਰਕਾਰ ਤੋਂ ਇਹ ਸਪੱਸ਼ਟੀਕਰਨ ਲੈਣ ਲਈ ਵੀ ਜ਼ੋਰ ਪਾਇਆ ਕਿ ਪ੍ਰਦੇਸ਼ ਕਾਂਗਰਸ ਮੁਖੀ ਪੁਲਿਸ ਫੋਰਸ ਦਾ ਨੁੰਮਾਇਦਾ ਬਣ ਕੇ ਬਿਆਨ ਕਿਉਂ ਜਾਰੀ ਕਰ ਰਿਹਾ ਹੈ? ਵਫ਼ਦ ਨੇ ਕਿਹਾ ਕਿ ਜਿਸ ਢੰਗ ਨਾਲ ਸੁਨੀਲ ਜਾਖੜ ਨੇ ਪੁਲਿਸ ਦੇ ਕੰਮ ਕਾਜ ਬਾਰੇ ਬਿਆਨ ਦਿੱਤੇ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਲਿਸ ਆਜ਼ਾਦਾਨਾ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ। ਉਹਨਾਂ ਰਾਜਪਾਲ ਨੂੰ ਸੂਬਾ ਸਰਕਾਰ ਤਕ ਇਹ ਸੁਨੇਹਾ ਪਹੁੰਚਾਉਣ ਲਈ ਕਿਹਾ ਕਿ ਇਸ ਦੇ ਸਿਆਸੀ ਆਗੂ ਪੁਲਿਸ ਫੋਰਸ ਦੀਆਂ ਸ਼ਕਤੀਆਂ ਆਪਣੇ ਹੱਥਾਂ ਵਿਚ ਨਹੀਂ ਲੈ ਸਕਦੇ। ਵਫਦ ਦੇ ਮੈਂਬਰਾਂ ਵਿਚ ਸੇਵਾ ਸਿੰਘ ਸੇਖਵਾਂ, ਮਹੇਸ਼ਇੰਦਰ ਸਿੰਘ ਗਰੇਵਾਲ,ਸਿਕੰਦਰ ਸਿੰਘ ਮਲੂਕਾ,ਸ਼ਰਨਜੀਤ ਢਿਲੋਂ, ਡਾਕਟਰ ਦਲਜੀਤ ਚੀਮਾ, ਮਦਨ ਮੋਹਨ ਮਿੱਤਲ ਅਤੇ ਹਰਜੀਤ ਗਰੇਵਾਲ ਸ਼ਾਮਿਲ ਸਨ।

Leave a Reply

Your email address will not be published. Required fields are marked *