ਕਾਂਗਰਸ 45 ਫੀਸਦੀ ਸਿੱਖ ਵੋਟ ਹਾਸਲ ਕਰਕੇ ‘ਗੈਰ ਸਿੱਖ’ ਨੂੰ ਬਣਾਉਂਦੀ ਰਹੀ ‘ਮੇਅਰ’
‘ਸੰਜੀਵ ਬਿੱਟੂ’ ਅਤੇ ‘ਯੌਗਿੰਦਰ ਯੌਗੀ’ ਸਮਰਥਕਾਂ ‘ਚ ‘ਮੇਅਰ’ ਬਣਨ ਦੀ ਚਰਚਾ ਨੇ ਜ਼ੋਰ ਫੜਿਆ
ਪਟਿਆਲਾ 13 ਦਸੰਬਰ (ਮਧੂਸਾਰ ਬਿਊਰੋ)
ਨਗਰ ਨਿਗਮ ਚੋਣਾਂ ‘ਚ ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਕੀਤੇ ਜਾ ਰਹੇ ਚੋਣ ਇਕੱਠਾਂ ‘ਚ ਕਾਂਗਰਸ ਵੱਲੋਂ ਸ਼ਹਿਰ ਦੀਆਂ 32 ਸੀਟਾਂ ‘ਤੇ ਜਿੱਤ ਜਿਥੇ ਸਪੱਸ਼ਟ ਬਹੁਮਤ ਵਾਲੀ ਜਿੱਤ ਨੂੰ ਦਰਸਾਇਆ ਜਾ ਰਿਹਾ ਹੈ, ਉਥੇ ਕਾਂਗਰਸੀ ਉਮੀਦਵਾਰਾਂ ਦੇ ਚਿਹਰਿਆਂ ਤੋਂ ‘ਮੇਅਰ’ ਬਣਨ ਦੀ ਇੱਛਾ ਨੂੰ ਸਾਫ਼ ਪੜ੍ਹਿਆ ਜਾ ਸਕਦਾ ਹੈ। ਚੋਣ ਨਤੀਜੇ ਭਾਵੇਂ ਕਾਂਗਰਸੀ ਪੱਖੀ ਹੋਣਗੇ, ਪਰ ਪ੍ਰਨੀਤ ਕੌਰ ਨਾਲ ਮੋਹਰੀ ਹੋ ਕੇ ਵਿਚਰਣ ਵਾਲੇ ਕਾਂਗਰਸੀ ਖ਼ੁਦ ਨੂੰ ਮੇਅਰ ਬਣਿਆ ਸਮਝੀ ਬੈਠੇ ਹਨ, ਜਦਕਿ ਕਾਂਗਰਸ ਅੰਦਰੋਂ-ਅੰਦਰ ਪਟਿਆਲਾ ਸ਼ਹਿਰ ਲਈ ਕਿਸੇ ਨਵੇਂ ਚਿਹਰੇ ਨੂੰ ‘ਮੇਅਰ’ ਵਜੋਂ ਲਿਆਉਣ ਦੀਆਂ ਗੂੰਦਾਂ ਗੁੰਦ ਰਹੀ ਹੈ।
ਅਕਾਲੀ-ਭਾਜਪਾ ਗੱਠਜੋੜ ਦੇ ਕਾਰਜਕਾਲ ‘ਚ ਤਿੰਨ ਸ਼ਹਿਰੀ ‘ਸਿੱਖ’ ਚਿਹਰਿਆਂ ਨੂੰ ‘ਮੇਅਰ’ ਵਜੋਂ ਲਿਆਂਦਾ ਗਿਆ, ਜਦਕਿ ਕਾਗਰਸ ਵੱਲੋਂ ਹਮੇਸ਼ਾ ‘ਗੈਰ ਸਿੱਖ’ ਚਿਹਰੇ ਨੂੰ ਮੇਅਰ ਅਹੁਦੇ ਲਈ ਚੋਣ ਕੀਤੀ ਜਾਂਦੀ ਰਹੀ ਹੈ। ਸ਼ਹਿਰ ‘ਚ ਇਹ ਚਰਚਾ ਆਮ ਹੈ ਕਿ ਕਾਂਗਰਸ ਆਪਣੀ ਰਵਾਇਤੀ ਪਰੰਪਰਾ ਮੁਤਾਬਕ ਕਿਸੇ ‘ਗੈਰ ਸਿੱਖ’ ਨੂੰ ਚੁਣੇਗੀ ਜਾਂ ਨਵਾਂ ਚਿਹਰਾ ਮੇਅਰ ਵਜੋਂ ਪੇਸ਼ ਕਰੇਗੀ। ਚੋਣਾਂ ਸੱਥਾਂ ‘ਚ ‘ਮੇਅਰ’ ਚਿਹਰੇ ਨੂੰ ਲੈ ਕੇ ਕਈ ਤਰ੍ਹਾਂ ਸ਼ੂਗਫੇ ਬਣਨੇ ਸ਼ੁਰੂ ਹੋ ਗਏ ਹਨ ਅਤੇ ਚਰਚਾ ਇਹ ਹੈ ਕਿ ਕਾਂਗਰਸ ਲੰਮੇ ਚਿਰ ਤੋਂ ਸ਼ਹਿਰ ਦੇ 45 ਫੀਸਦੀ ਸਿੱਖਾਂ ਦੀ ਵੋਟ ਹਾਸਲ ਕਰਨ ‘ਚ ਸਫਲ ਤਾਂ ਹੋ ਜਾਂਦੀ ਹੈ, ਪਰ ਮੇਅਰ ਹਮੇਸ਼ਾ ‘ਗੈਰ ਸਿੱਖ’ ਨੂੰ ਹੀ ਲਿਆ ਜਾਂਦਾ ਹੈ, ਜਿਸ ਕਾਰਨ ਕਾਂਗਰਸ ਦੇ ਸਿੱਖ ਵਿਰੋਧੀ ਚਿਹਰੇ ਦੀ ਝਲਕ ਵੀ ਪੇਸ਼ ਹੁੰਦੀ ਹੈ।
ਚੋਣਾਂ ਸੱਥਾਂ ‘ਚ ਚਰਚਾ ਰਹਿਣ ਲੱਗ ਪਈ ਹੈ ਕਿ ਸ਼ਹਿਰ ਦਾ ਹਰ ਕਾਂਗਰਸੀ ਆਗੂ ਸ਼ਾਹੀ ਪਰਿਵਾਰ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਨਜ਼ਦੀਕੀ ਹੈ ਅਤੇ ‘ਮੇਅਰ’ ਦਾ ਤਾਜ ਕਿਸ ਨੂੰ ਮਿਲੇਗਾ? ਭਾਵੇਂ ਸ਼ਹਿਰ ‘ਚ ਕਾਂਗਰਸੀ ਆਗੂ ਸੰਜੀਵ ਸ਼ਰਮਾ ਬਿੱਟੂ ਮੇਅਰ ਦੀ ਦੌੜ ‘ਚ ਸਾਰਿਆਂ ਨਾਲੋਂ ਅੱਗੇ ਰਹਿਣ ਦੀ ਚਰਚਾ ਹੈ, ਪਰ ਕਈ ਸੀਨੀਅਰ ਆਗੂਆਂ ਨੂੰ ‘ਬਿੱਟੂ’ ਦੇ ਹੱਕ ‘ਚ ਬਣਦੀ ਆਵਾਜ਼ ਬਰਦਾਸ਼ਤ ਨਹੀਂ ਹੋ ਰਹੀ। ਦੂਜੇ ਪਾਸੇ ਕਈ ਕਾਂਗਰਸੀ ਆਗੂ ਘਰ ਘਰ ਚੋਣ ਪ੍ਰਚਾਰ ਦੌਰਾਨ ਆਪਣੇ-ਆਪ ਨੂੰ ‘ਮੇਅਰ’ ਦੱਸ ਕੇ ਵੋਟ ਮੰਗਣ ਦੇ ਰਾਹ ਪੈ ਚੁੱਕੇ ਹਨ। ਸ਼ਹਿਰ ਦੇ ਸਿੱਖ ਭਾਈਚਾਰੇ ‘ਚ ਪਹਿਲੀ ਵਾਰ ਕਾਂਗਰਸ ਵੱਲੋਂ ਚੋਣ ਪਿੜ ‘ਚ ਉਤਰੇ ਬੇਦਾਗ ਸਖਸੀਅਤ ਤੇ ਕਾਂਗਰਸ ਨੂੰ ਸਮਰਪਿਤ ਯੋਗਿੰਦਰ ਸਿੰਘ ਯੌਗੀ ਦਾ ਨਾਂ ਵੀ ‘ਮੇਅਰ’ ਵਜੋਂ ਲਿਆਉਣ ਦੀ ਚਰਚਾ ਵੀ ਚੋਣ ਸੱਥ ‘ਚ ਬਣੀ ਹੋਈ ਹੈ। ਯੌਗੀ ਸਮਰਥਕਾਂ ਵੱਲੋਂ ਘਰ-ਘਰ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਜਿਥੇ ਯੌਗੀ ਦੀ ‘ਜਿੱਤ’ ਨੂੰ ਇਤਿਹਾਸਕ ਬਣਾਉਣ ਲਈ ਵੋਟ ਮੰਗੀ ਜਾ ਰਹੀ ਹੈ, ਉਥੇ ਯੌਗੀ ਨੂੰ ‘ਮੇਅਰ’ ਵਜੋਂ ਲਿਆਉਣ ਦੀ ਚਰਚਾ ਵੀ ਦਮ ਭਰਨ ਲੱਗੀ ਹੈ, ਜਿਸ ਕਾਰਨ ਯੌਗੀ ਸਮਰਥਕਾਂ ‘ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ‘ਚ ਜਿਥੇ ‘ਮੇਅਰ’ ਬਣਨ ਦੀ ਚਰਚਾ ਨੇ ਜ਼ੋਰ ਫੜਿਆ ਹੋਇਆ ਹੈ, ਉਥੇ ਡਿਪਟੀ ‘ਮੇਅਰ’ ਬਣਨ ਵਾਲੇ ਚਿਹਰਿਆਂ ਨੇ ਵੀ ਅੰਦਰੋਂ-ਅੰਦਰ ਲੁਕਵੇਂ ਤੌਰ ‘ਤੇ ਭੱਜ-ਨੱਠ ਕੀਤੀ ਹੋਈ ਹੈ।
‘ਮੇਅਰ’ ਬਣਾਏ ਜਾਣ ਦੇ ਸਵਾਲ ‘ਤੇ ਅਟਕੇ ਪ੍ਰਨੀਤ ਕੌਰ
ਨਿਗਮ ਚੋਣਾਂ ਤੋਂ ਬਾਦ ਮੇਅਰ ਚੁਣੇ ਜਾਣ ਨੂੰ ਲੈ ਕੇ ਜਿਥੇ ਹਰ ਕਾਂਗਰਸੀ ਉਮੀਦਵਾਰ ਆਪਣੇ ਪਰ ਤੋਲ ਰਿਹਾ ਹੈ, ਉਥੇ ਕਾਂਗਰਸੀ ਪ੍ਰਨੀਤ ਕੌਰ ਸਵਾਲਾਂ ਦਾ ਸਪੱਸ਼ਟ ਉਤਰ ਦੇਣ ‘ਚ ਸਫਲ ਨਹੀਂ ਹੋ ਰਹੇ, ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਮੇਅਰ’ ‘ਤੇ ਫੈਸਲਾ ਪ੍ਰਨੀਤ ਕੌਰ ਵੱਲੋਂ ਹਾਮੀ ਭਰਨ ਤੋਂ ਬਾਦ ਹੀ ਕਰਨਾ ਹੈ। ਵਾਰਡ ਨੰ: 48 ‘ਚ ਇਕ ਚੋਣ ਜਲਸੇ ਦਾਨ ਸਿੱਖ ਚਿਹਰੇ ਨੂੰ ਮੇਅਰ ਬਣਾਏ ਜਾਣ ਦੇ ਸਵਾਲ ‘ਤੇ ਅਟਕਦਿਆਂ ਮਹਾਰਾਣੀ ਪ੍ਰਨੀਤ ਕੌਰ ਅਸ਼ਪੱਸ਼ਟ ਉਤਰ ਦੇ ਗਏ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਇਸ ਵਾਰ ਵੀ ‘ਗੈਰ ਸਿੱਖ’ ਚਿਹਰੇ ਨੂੰ ਲਿਆਉਣ ‘ਤੇ ਮੋਹਰ ਲਗਾਏਗੀ। ਕਾਂਗਰਸ ਦਾ ਮੇਅਰ ‘ਤੇ ਫੈਸਲਾ ਜੋ ਵੀ ਹੋਵੇ, ਪਰ ਵੱਖ-ਵੱਖ ਕਾਂਗਰਸੀ ਧਿਰਾਂ ਪੰਸੀਦਾ ‘ਮੇਅਰ’ ਬਣਦਾ ਵੇਖਣਾ ਚਾਹੁੰਦੀਆਂ ਹਨ।
ਕਾਂਗਰਸ ਨੇ ਸ਼ਹਿਰੀ ਸਿੱਖਾਂ ਨੂੰ ਅਣਗੌਲਿਆ : ਵਿੱਕੀ ਰਿਵਾਜ
ਯੂਥ ਅਕਾਲੀ ਸ਼ਹਿਰੀ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੇ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਸ਼ਹਿਰੀ ਸਿੱਖਾਂ ਨੂੰ ਹਮੇਸ਼ਾ ਅਣਗੌਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਲੰਮਾ ਸਮਾਂ ਰਾਜ ਕਰਨ ਦਾ ਮੌਕਾ ਮਿਲਿਆ, ਪਰ ਕਦੇ ਵੀ ਸ਼ਹਿਰੀ ਸਿੱਖ ਨੂੰ ਪ੍ਰਤੀਨਿਧਤਾ ਨਹੀਂ ਦਿੱਤੀ ਗਈ।
ਵਿੱਕੀ ਰਿਵਾਜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖ ਭਾਈਚਾਰੇ ਦੀ ਆਵਾਜ਼ ਬਣਦਾ ਹੈ, ਜਿਸ ਨੇ ਤਿੰਨ ਵਾਰ ਪਟਿਆਲਾ ਸ਼ਹਿਰ ਵਿਚ ਸਿੱਖ ਚਿਹਰੇ ਵਜੋ ਮੇਅਰ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ਼ਹਿਰ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਹਾਸਲ ਕਰਨ ਦੀ ਆਦਤ ਹੋ ਗਈ ਹੈ ਅਤੇ ਲੋਕ ਕਾਂਗਰਸ ਨੂੰ ਵੋਟਾਂ ਪਾ ਕੇ ਆਪਣੇ ਆਪ ਠੱਗਿਆ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ਹਿਰੀ ਸਿੱਖਾਂ ਤਾਂ ਵੋਟ ਤਾਂ ਹਾਸਲ ਕਰ ਲੈਂਦੀ ਹੈ, ਪਰ ਮੇਅਰ ਆਪਣੀ ਮਨਮਰਜ਼ੀ ਦਾ ਪਟਿਆਲਾ ਦੇ ਲੋਕਾਂ ‘ਤੇ ਥੋਪ ਦਿੱਤਾ ਜਾਂਦਾ ਹੈ।

