ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਕੰਮਕਾਜ ਪੱਖੋਂ ਬੇਕਾਰ ਪਏ ਖੋਜ ਵਿਭਾਗਾਂ ਨੂੰ ਹੋਰਨਾਂ ਵਿਭਾਗਾਂ ਵਿੱਚ ਮਿਲਾਉਣ ਦਾ ਫੈਸਲਾ

ਪਟਿਆਲਾ, 14 ਦਸੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਕੰਮਕਾਜ ਪੱਖੋਂ ਬੇਕਾਰ ਪਏ ਕੁੱਝ ਖੋਜ ਵਿਭਾਗਾਂ ਨੂੰ ਫੈਕਲਟੀ, ਸਹੂਲਤਾਂ ਅਤੇ ਵਿਭਾਗਾਂ ਦੇ ਬੁਨਿਆਦੀ ਢਾਂਚੇ ਦਾ ਪੂਰਾ ਇਸਤੇਮਾਲ ਕਰਨ ਲਈ ਉਸੇ ਜਾਂ ਸਬੰਧਤ ਵਿਸ਼ਿਆਂ ਦੇ ਅਧਿਆਪਨ ਵਿਭਾਗਾਂ ਵਿਚ ਮਿਲਾਇਆ ਜਾਵੇਗਾ।

ਇਹ ਵਿਚਾਰ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵਲੋਂ ਅੱਜ ਯੂਨੀਵਰਸਿਟੀ ਦੇ 18 ਆਰਟਸ ਅਤੇ ਛੇ ਸਾਇੰਸ ਵਿਭਾਗਾਂ ਦੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਉਚਿਤ ਸੋਧਾਂ ਕਰਨ ਲਈ ਕੀਤੇ ਗਏ ਦੌਰੇ ਦੌਰਾਨ ਪ੍ਰਗਟ ਕੀਤੇ ਗਏ। ਡਾ. ਘੁੰਮਣ ਨੇ ਇਨ੍ਹਾਂ ਬੀਮਾਰ ਵਿਭਾਗਾਂ ਨੂੰ ਸਖਤ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਤਸੱਲੀਬਖਸ਼ ਕਾਰਗੁਜ਼ਾਰੀ ਪੇਸ਼ ਕਰ ਰਹੇ ਹੋਰਨਾਂ ਵਿਭਾਗਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਯੂਨੀਵਰਸਿਟੀ ਦੇ ਕੁੱਝ ਨਿਯਮਤ ਯਤਨਾਂ ਨਾਲ ਇਨ੍ਹਾਂ ਵਿਭਾਗਾਂ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਲਿਆਂਦਾ ਜਾਵੇਗਾ।
ਉਨ੍ਹਾਂ ਯੂਨੀਵਰਸਿਟੀ ਵਿਚ ਸਥਾਪਿਤ ਸਾਰੀਆਂ ਚੇਅਰਾਂ ਦੀ ਇਕ ਵੱਖਰੀ ਇਕੱਤਰਤਾ ਕਰਨ ਦਾ ਫੈਸਲਾ ਕੀਤਾ ਤਾਂ ਜੋ ਇਨ੍ਹਾਂ ਚੇਅਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਹਰ ਸੰਭਵ ਯਤਨ ਕਰਕੇ ਇਨ੍ਹਾਂ ਦੀ ਕੰਮਕਾਜੀ ਪ੍ਰਕਿਰਿਆ ਨੂੰ ਵਾਪਸ ਪੱਟੜੀ ਤੇ ਲਿਆਂਦਾ ਜਾ ਸਕੇ। ਇਸ ਮੌਕੇ ਤੇ ਡਾ. ਘੁੰਮਣ ਨਾਲ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ; ਰਜਿਸਟਰਾਰ ਡਾ. ਐਮ.ਐਸ. ਨਿੱਜਰ; ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ; ਐਕਸੀਅਨ ਸ਼੍ਰੀ ਐਮ.ਐਸ. ਸਿੱਧੂ ਅਤੇ ਐਸ.ਡੀ.ਓ. ਸ਼੍ਰੀ ਜਸਬੀਰ ਸਿੰਘ ਹਰ ਮੋਰਚੇ ਤੇ ਜਰੂਰੀ ਸੁਧਾਰ ਕਰਨ ਲਈ ਭਵਿੱਖਮੁਖੀ ਲੋੜੀਂਦੀ ਕਾਰਵਾਈ ਸਬੰਧੀ ਮੌਕੇ ਤੇ ਸਲਾਹ ਦੇਣ ਲਈ ਮੌਜੂਦ ਸਨ। ਉਨ੍ਹਾਂ ਵਿਭਾਗਾਂ ਦੇ ਮੁਖੀਆਂ ਵਲੋਂ ਇਨ੍ਹਾਂ ਵਿਭਾਗਾਂ ਦੇ ਬਾਥਰੂਮਾਂ ਦੀ ਭੈੜੀ ਹਾਲਤ ਲਈ ਰਿਪੋਰਟ ਕੀਤੇ ਜਾਣ ਤੇ ਅਪਕੀਪ ਅਫਸਰ ਨੂੰ ਵਾਰ-ਵਾਰ ਚੇਤਾਵਨੀ ਦਿੱਤੀ। ਉਨ੍ਹਾਂ ਕਾਰਜਕਾਰੀ ਇੰਜੀਨੀਅਰ ਨੂੰ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਦੂਸ਼ਿਤ ਪਾਣੀ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਬਚਾਉਣ ਲਈ ਸਾਰੇ ਵਿਭਾਗਾਂ ਵਿਚ ਆਰ.ਓ. ਵਾਟਰ ਪ੍ਰਣਾਲੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ।
ਡਾ. ਘੁੰਮਣ ਨੇ ਵਿਭਾਗਾਂ ਦੇ ਸਾਰੇ ਮੁਖੀਆਂ ਨੂੰ ਹੋਰ ਸਬੰਧਤ ਵਿਭਾਗਾਂ ਤੋਂ ਅਧਿਆਪਕਾਂ ਨੂੰ ਸੀਮਤ ਸਾਧਨਾਂ ਦੀ ਵਧੀਆ ਵਰਤੋਂ ਕਰਨ ਅਤੇ ਅੰਤਰ-ਅਨੁਸ਼ਾਸਨੀ ਸਿੱਖਿਆ ਅਤੇ ਖੋਜ ਨੂੰ ਉਤਸ਼ਾਹਤ ਕਰਨ ਲਈ ਲਾਇਬਰੇਰੀ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਰੈਗੂਲਰ ਅਧਿਆਪਕਾਂ ਦੀਆਂ ਨਿਯਮਤ ਨਿਯੁਕਤੀਆਂ “ਕੁਇਕ ਐਕਸ਼ਨ ਪਲਾਨ“ ਅਧੀਨ ਨਾ ਆਉਣ ਪਰੰਤੂ ਜਿੱਥੇ ਕਿਤੇ ਵੀ ‘ਜਾਇਜ਼’ ਲੱਗਿਆ ਤਾਂ ਜਲਦੀ ਤੋਂ ਜਲਦੀ ਤਜਰਬੇਕਾਰ ਅਤੇ ਹੁਨਰਮੰਦ ਗੈਸਟ ਫੈਕਲਟੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਡੀਨ ਅਕਾਦਮਿਕ ਮਾਮਲੇ ਨੂੰ ਇਸ ਸਬੰਧੀ ਇਕ ਵਿਸਤ੍ਰਿਤ ਯੋਜਨਾ ਤਿਆਰ ਕਰਨ ਲਈ ਕਿਹਾ ਤਾਂ ਜੋ ਵਿਦਿਆਰਥੀਆਂ ਨੂੰ ਫੈਕਲਟੀ ਅਤੇ ਸਾਹਿਤ ਦੀ ਘਾਟ ਹੋਣ ਕਾਰਨ ਕੋਈ ਦਿੱਕਤ ਨਾ ਪੇਸ਼ ਆਵੇ।

Leave a Reply

Your email address will not be published. Required fields are marked *