ਪੰਜਾਬ

ਨਗਰ ਨਿਗਮਾਂ ਦਾ ਚੋਣ ਅਮਲ ਲੋਕਤੰਤਰ ਉੱਤੇ ਧੱਬਾ ਬਣਿਆ: ਬਾਦਲ

ਚੰਡੀਗੜ੍ਹ/17 ਦਸੰਬਰ (ਮਧੂਸਾਰ ਬਿਊਰੋ) ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਨਗਰ ਨਿਗਮ ਚੋਣਾਂ ਦੇ ਸਮੁੱਚੇ ਅਮਲ ਨੂੰ ਬਿਲਕੁੱਲ ਅਸੱਭਿਅਕ ਅਤੇ ਲੋਕਤੰਤਰ ਉੱਤੇ ਇੱਕ ਵੱਡਾ ਧੱਬਾ ਕਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਲੋਕਤੰਤਰ ਲਈ ਇਸ ਦਿਨ ਨੂੰ ਕਾਲੇ ਐਤਵਾਰ ਵਜੋਂ ਯਾਦ ਕੀਤਾ ਜਾਵੇਗਾ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਨਗਰ ਨਿਗਮਾਂ ਦੀ ਇਹ ਪਹਿਲੀ ਚੋਣ ਹੈ, ਜਿਸ ਵਿਚ ਮੁੱਖ ਮੰਤਰੀ ਨੇ ਚੋਣ ਮੁਹਿੰਮ ਦੇ ਪਹਿਲੇ ਦਿਨ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਚੋਣ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਵਿਚਕਾਰ ਨਹੀਂ, ਸਗੋਂ ਸਰਕਾਰ ਅਤੇ ਸਟੇਟ ਮਸ਼ੀਨਰੀ ਦੀ ਦੂਜੀਆਂ ਸਿਆਾਸੀ ਪਾਰਟੀਆਂ ਵਿਰੁੱਧ ਰਲਵੀਂ ਜੰਗ ਹੋਵੇਗੀ।
ਉਹਨਾਂ ਕਿਹਾ ਕਿ ਇਹ ਬਿਨਾਂ ਵੋਟਾਂ ਵਾਲਾ ਲੋਕਤੰਤਰ ਸੀ, ਜਿਸ ਵਿਚ ਮਾਸੂਮ ਅਤੇ ਬੇਵਸ ਪੰਜਾਬੀਆਂ ਨੂੰ ਸਰਕਾਰ ਦੀ ਸਟੇਟ ਮਸ਼ੀਨਰੀ ਨਾਲ ਭਿੜਾਇਆ ਗਿਆ। ਬਹੁਤੀਆਂ ਥਾਵਾਂ ਉੱਤੇ ਵਿਰੋਧੀ ਪਾਰਟੀਆਂ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਦੇ ਕੇ ਅਤੇ ਉਹਨਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਕੇ ਉਹਨਾਂ ਨੂੰ ਮੁਕਾਬਲੇ ਵਿਚ ਹੀ ਨਹੀਂ ਆਉਣ ਦਿੱਤਾ ਗਿਆ। ਉਹਨਾਂ ਕਿਹਾ ਕਿ ਬਹੁਤੀਆਂ ਥਾਵਾਂ ਉੱਤੇ ਬਾਹਰੀ ਅਤੇ ਜਾਅਲੀ ਵੋਟਰਾਂ ਨੇ ਵੋਟਾਂ ਭੁਗਤਾਉਣ ਵਿਚ ਅਸਲੀ ਵੋਟਰਾਂ ਨੂੰ ਵੀ ਪਿੱਛੇ ਛੱਡ ਦਿੱਤਾ।
ਸਰਦਾਰ ਬਾਦਲ ਨੇ ਸੂਬੇ ਦੇ ਚੋਣ ਕਮਿਸ਼ਨਰ ਦੁਆਰਾ ਭੂਮਿਕਾ ਉੱਤੇ ਸੁਆਲ ਉੁਠਾਉਂਦਿਆਂ ਕਿਹਾ ਕਿ ਇਹ ਇੱਕ ਅਜਿਹਾ ਮੈਚ ਸੀ, ਜਿਸ ਵਿਚ ਰੈਫਰੀ ਨਾ ਸਿਰਫ ਇਹ ਕਹਿੰਦਾ ਹੋਇਆ ਮੋਢੇ ਝਟਕ ਰਿਹਾ ਸੀ ਕਿ ਉਹ ਬੇਵਸ ਹੈ, ਸਗੋਂ ਉਹ ਅਸਲ ਵਿਚ ਸਰਕਾਰੀ ਟੀਮ ਦਾ ਮੈਂਬਰ ਹੀ ਨਜ਼ਰ ਆਉਂਦਾ ਸੀ।

Leave a Reply

Your email address will not be published. Required fields are marked *