ਪੰਜਾਬਪਟਿਆਲਾ

ਕੈਪਟਨ ਸਰਕਾਰ ‘ਚ ਲੋਕਤੰਤਰ ਦਾ ਕਤਲ, ਬੂਥ ਕੈਪਚਰਿੰਗ ਕਰਕੇ ਨਿਗਮ ਚੋਣਾਂ ‘ਜਿੱਤ’ ਗਈ ਕਾਂਗਰਸ

ਵੋਟਰੋਂ ਵਾਪਸ ਪਰਤ ਜਾਓ ਤੁਹਾਡੀ ਵੋਟ ਭੁਗਤ ਚੁੱਕੀ ਐ
ਮਧੂਸਾਰ ਬਿਊਰੋ
ਨਗਰ ਨਿਗਮ ਚੋਣਾਂ ‘ਚ ਹਿੰਸਕ ਘਟਨਾਵਾਂ, ਬੂਥ ਕੈਪਚਰਿੰਗ ਅਤੇ ਸ਼ਰੇਆਮ ਲੋਕਤੰਤਰ ਦਾ ਕਤਲ ਵਰਤਾਰਾ ਕੋਈ ਪਹਿਲੀ ਵਾਰ ਨਹੀਂ ਹੋਇਆ। ਨਿਗਮ ਚੋਣਾਂ ਅਕਸਰ ਹੀ ਸਰਕਾਰਾਂ ਆਪਣੇ ਰਸੂਖ ਅਤੇ ਪੁਲਿਸ ਪ੍ਰਭਾਵ ਨਾਲ ਜਿੱਤਣ ‘ਚ ਸਫਲ ਹੁੰਦੀਆਂ ਰਹੀਆਂ ਹਨ। ਰਵਾਇਤੀ ਪਾਰਟੀਆਂ ਵੱਲੋਂ ਅਜਿਹਾ ਵਰਤਾਰਾ ਚੱਲਦਾ ਆ ਰਿਹਾ, ਜਿਸ ‘ਚ ਆਮ ਵੋਟਰ, ਮੁੱਦੇ ਅਤੇ ਲੋਕਤੰਤਰ ਸ਼ਰੇਆਮ ਬੇਪੱਤ ਹੁੰਦਾ ਹੈ। ਇਸ ਰਵਾਇਤ ਦੀ ਜਨਮਦਾਤੀ ਦੇਸ਼ ਅਤੇ ਸੂਬੇ ‘ਚ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਰਹੀ ਹੈ। ਅਕਾਲੀ ਦਲ ਨੂੰ ਸੱਤਾ ਹਾਸਲ ਹੋਈ ਤਾਂ ਕਾਂਗਰਸ ਵੱਲੋਂ ਢਾਹੇ ਜ਼ਬਰ ਤੇ ਜ਼ੁਲਮ ਦਾ ਜਵਾਬ ਦੇਣ ਲਈ ਉਨ੍ਹਾਂ ਨੇ ਵੀ ਇਹ ਰਾਹ ਅਪਣਾਇਆ। ‘ਉਤਰ ਕਾਟੋ ਮੈਂ ਚੜ੍ਹਾ’ ਦੀ ਰਵਾਇਤ ਨੂੰ ਤੋੜਨ ਲਈ ਸੂਬੇ ਦੇ ਲੋਕਾਂ ਨੇ ਕਦੇ ਵੀ ਆਪਣੀ ਮਾਨਸਿਕਤਾ ਨਹੀਂ ਬਦਲੀ ਅਤੇ ‘ਜਿਸ ਕੀ ਲਾਠੀ ਉਸ ਕੀ ਭੈਸ’ ਤਹਿਤ ‘ਡੁਗਡੁਗੀ’ ਵਜਾਈ ਹੈ।

ਪਟਿਆਲਾ ਨਗਰ ਨਿਗਮ ਚੋਣਾਂ ‘ਚ ਪੁਲਿਸ ਪ੍ਰਭਾਵ ਨਾਲ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਬੂਥ ਕੈਪਚਰਿੰਗ ਨੂੰ ਕਾਂਗਰਸ ਲੋਕਾਂ ਵੱਲੋਂ ਮਿਲਿਆ ਸਮਰਥਨ ਦੱਸ ਰਹੀ ਹੈ, ਜਦਕਿ ਸ਼ੋਸ਼ਲ ਮੀਡੀਏ ‘ਤੇ ਵਾਈਰਲ ਹੋਈਆਂ ਤਸਵੀਰਾਂ ਸਪੱਸ਼ਟ ਕਰਦੀਆਂ ਹਨ ਕਿ ਨਿਗਮ ਚੋਣਾਂ ‘ਚ ਲੋਕਤੰਤਰ ਸ਼ਰੇਆਮ ਕਤਲ ਹੋਇਆ ਹੈ।
ਕਾਂਗਰਸ ਸਰਕਾਰ ਵੱਲੋਂ ਸੂਬੇ ਵਿਚ ਨਿਗਮ ਚੋਣਾਂ ਨਿਰਪੱਖ ਕਰਵਾਉਣ ਦੇ ਦਾਅਵੇ ਕੀਤੇ ਗਏ ਸਨ, ਪਰ ਵੱਖ-ਵੱਖ ਥਾਵਾਂ ‘ਤੇ ਹੋਈਆਂ ਹਿੰਸਕ ਘਟਨਾਵਾਂ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਨੇ ਅਕਾਲੀਆਂ ਹੱਥ ਆਉਂਦੀਆਂ ਕੁਝ ਸੀਟਾਂ ਨੂੰ ਆਪਣੇ ਖਾਤੇ ‘ਚ ਸੁੱਟਣ ਲਈ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਤੋਂ ਕੋਈ ਗੁਰੇਜ਼ ਨਹੀਂ ਕੀਤਾ।
ਨਿਗਮ ਚੋਣਾਂ ‘ਚ ਵਾਰਡਾਂ ‘ਚ ਵੋਟ ਭੁਗਤਾਉਣ ਜਾ ਰਹੇ ਵੋਟਰਾਂ ਦੇ ਚਿਹਰਿਆਂ ‘ਤੇ ਕਾਂਗਰਸ ਵੱਲੋਂ ਡਾਂਗ ਦੇ ਜ਼ੋਰ ‘ਤੇ ਕਾਂਗਰਸੀ ਉਮੀਦਵਾਰ ਦੇ ਹੱਕ ‘ਚ ਵੋਟ ਭੁਗਤਾਉਣ ਦਾ ‘ਭੈਅ’ ਸ਼ਰੇਆਮ ਵੇਖਣ ਨੂੰ ਮਿਲਿਆ। ਸ਼ਹਿਰ ਦੇ ਅੱਧੀ ਦਰਜਨ ਤੋਂ ਵੱਧ ਵਾਰਡਾਂ ‘ਚ ਮਹਿਲਾਂ ਉਮੀਦਵਾਰਾਂ ਸਨ, ਜਿਨ੍ਹਾਂ ਨੂੰ ਬੇਇਜ਼ਤ ਕੀਤਾ ਗਿਆ, ਪੱਗਾਂ ਲੱਥੀਆਂ ਅਤੇ ਕਈਆਂ ਸਿਰ ਖੂਨ ਨਾਲ ਭਰੇ ਪਏ ਸਨ। ਕਾਂਗਰਸ ਨੇ ਸਾਰੀਆਂ ਸੀਟਾਂ ‘ਤੇ ਕਾਬਜ਼ ਰਹਿਣ ਲਈ ਜੋ ਢੰਗ ਵਤੀਰਾ ਅਪਣਾਇਆ ਉਹ ਨਿਰਪੱਖ ਚੋਣਾਂ ਦੀ ਮਿਸਾਲ ਪੇਸ਼ ਨਹੀਂ ਕਰਦਾ। ਕਾਂਗਰਸੀ ਬੂਥਾਂ ‘ਤੇ ਖੜੇ ਵੋਟਾਂ ਪਾਉਣ ਜਾ ਰਹੇ ਲੋਕਾਂ ਨੂੰ ਆਖ ਰਹੇ ਸਨ ਵਾਪਸ ਪਰਤ ਜਾਓ ਤੁਹਾਡੀ ਵੋਟ ਭੁਗਤ ਚੁੱਕੀ ਹੈ।
ਅਕਾਲੀਆਂ ਨੂੰ ਕਾਂਗਰਸ ਨਾਲ ਲਿਹਾਜ਼ਦਾਰੀ ਪਈ ਮਹਿੰਗੀ
ਨਿਗਮ ਚੋਣਾਂ ‘ਚ ਬੂਥਾਂ ‘ਤੇ ਕੀਤੀ ਗਈ ਬੂਥ ਕੈਪਚਰਿੰਗ ਅਤੇ ਕੀਤੀ ਗਈ ਕੁੱਟਮਾਰ ਨਾਲ ਅਕਾਲੀਆਂ ਨੂੰ ਕਾਂਗਰਸੀਆਂ ਨਾਲ ਕੀਤੀ ਲਿਹਾਜ਼ਦਾਰੀ ਮਹਿੰਗੀ ਪਈ ਹੈ। ਅਕਾਲੀਆਂ ਨੇ ਸ਼ਾਸਨ ਕਾਲ ‘ਚ ਸ਼ਹਿਰ ਦੇ ਕੁਝ ਕਾਂਗਰਸੀਆਂ ਨਾਲ ਲਿਹਾਜ਼ਦਾਰੀ ਵਿਖਾਉਂਦਿਆਂ ਕੁਝ ਸੀਟਾਂ ਕਾਂਗਰਸ ਦੇ ਨਾਮਵਰ ਚਿਹਰਿਆਂ ਨੂੰ ਜਿੱਤ ਦਿਵਾ ਦਿੱਤੀ ਸੀ, ਪਰ ਕਾਂਗਰਸ ਵੱਲੋਂ ਅਕਾਲੀ ਉਮੀਦਵਾਰਾਂ ਨੂੰ ਠੇਂਗਾਂ ਵਿਖਾਉਂਦਿਆਂ ਸਾਰੀਆਂ ਸੀਟਾਂ ਆਪਣੇ ਖਾਤੇ ਪਾ ਲਈਆਂ ਹਨ।
ਅਕਾਲੀਆਂ ਦੀ ਫੜੋ-ਫੜੀ ਵਿੱਕੀ ਰਿਵਾਜ ਅਤੇ ਮਨਦੀਪ ਰਾਜਾ ਰਹੇ ਨਜ਼ਰਬੰਦ
ਕਾਂਗਰਸ ਨੇ ਨਿਰਪੱਖ ਚੋਣਾਂ ਦੀ ਬਜਾਏ ਗੁੰਡਾਗਰਦੀ ਨਾਲ ਚੋਣ ਜਿੱਤੀ : ਵਿੱਕੀ ਰਿਵਾਜ
ਚੋਣਾਂ ਤੋਂ ਇਕ ਦਿਨ ਪਹਿਲਾਂ ਪੁਲਿਸ ਸ਼ਹਿਰ ਦੇ ਨਾਮਵਰ ਅਤੇ ਰਸੂਖਦਾਰ ਅਕਾਲੀਆਂ ਚਿਹਰਿਆਂ ਨੂੰ ਲੱਭਦੀ ਰਹੀ ਤਾਂ ਜੋ ਵੋਟ ਅਕਾਲੀ ਉਮੀਦਵਾਰਾਂ ਨੂੰ ਨਾ ਭੁਗਤੇ। ਪੁਲਿਸ ਨੇ ਕੁਝ ਅਕਾਲੀ ਆਗੂਆਂ ਦੀ ਫੜੋ ਫੜੀ ਕਰਦਿਆਂ ਉਨ੍ਹਾਂ ਨੂੰ ਗੱਲਬਾਤ ਦੇ ਬਹਾਨੇ ਥਾਣੇ ਬੁਲਾਇਆ ਤੇ ਬਾਦ ਵਿਚ ਨਜ਼ਰਬੰਦ ਕਰ ਲਿਆ। ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਅਤੇ ਮਨਦੀਪ ਸਿੰਘ ਰਾਜਾ ਅਕਾਲੀ ਆਗੂਆਂ ਨੂੰ ਚੋਣਾਂ ਪੈਣ ਤੱਕ ਪੁਲਿਸ ਹਿਰਾਸਤ ‘ਚ ਰੱਖਿਆ ਗਿਆ। ਪੁਲਿਸ ਨਜ਼ਰਬੰਦੀ ਤੋਂ ਰਿਹਾਅ ਹੋ ਕੇ ਪਰਤੇ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੇ ਕਿਹਾ ਕਿ ਯੂਥ ਅਕਾਲੀ ਵਰਕਰਾਂ ਤੋਂ ਭੈਅ ਮੰਨਦਿਆਂ ਕਾਂਗਰਸ ਨੇ ਅਸਿੱਧਾ ਢੰਗ ਅਪਣਾਇਆ ਅਤੇ ਸਾਨੂੰ ਗੱਲਬਾਤ ਦੇ ਬਹਾਨੇ ਬੁਲਾਕੇ ਨਜ਼ਰਬੰਦ ਕਰ ਲਿਆ। ਉੁਨ੍ਹਾਂ ਕਿਹਾ ਕਿ ਅੱਜ ਨਿਗਮ ਚੋਣਾਂ ‘ਚ ਕਾਂਗਰਸ ਨੇ ਧੱਕੇਸ਼ਾਹੀ, ਗੁੰਡਾਗਰਦੀ ਦੀ ਮਿਸਾਲ ਪੇਸ਼ ਕੀਤੀ ਹੈ, ਜੋ ਪਹਿਲਾਂ ਕਦੇ ਨਹੀਂ ਵੇਖੀ ਗਈ। ਵਿੱਕੀ ਰਿਵਾਜ਼ ਨੇ ਕਿਹਾ ਕਿ ਜੇ ਕਾਂਗਰਸ ਨੇ ਨਿਰਪੱਖ ਚੋਣਾਂ ਦੇ ਨਾਂ ‘ਤੇ ਗੁੰਡਾਗਰਦੀ ਕਰਕੇ ਹੀ ਚੋਣ ਜਿੱਤਣੀ ਹੈ ਤਾਂ ਕਾਂਗਰਸ ਸਰਕਾਰ ਨੂੰ ਅਜਿਹੀ ਚੋਣ ਕਰਵਾਉਣੀ ਹੀ ਨਹੀਂ ਚਾਹੀਦੀ।

Leave a Reply

Your email address will not be published. Required fields are marked *