ਕਰਫਿਊ ਦੇ ਬਾਵਜੂਦ ਪੰਚਮੀ ਦੇ ਸ਼ੁਭ ਦਿਹਾੜੇ ‘ਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਸੰਗਤਾਂ ਨਤਮਸਤਕ
ਵੱਡੀ ਗਿਣਤੀ ‘ਚ ਹਾਜ਼ਰੀ ਭਰਕੇ ਸੰਗਤਾਂ ਨੇ ਕੀਤਾ ਇਸ਼ਨਾਨ
ਪਟਿਆਲਾ 26 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਚਮੀ ਦੇ ਸ਼ੁਭ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ਼ਰਧਾਲੂ ਮੱਥਾ ਟੇਕਣ ਲਈ ਪੁੱਜੇ।
ਮੱਥਾ ਟੇਕਣ ਆਏ ਸ਼ਰਧਾਲੂਆਂ ਦੀ ਗਿਣਤੀ ਕਾਫੀ ਘੱਟ ਦੇਖੀ ਗਈ, ਕਿਉਂਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ ਕੁੱਝ ਥਾਵਾਂ ‘ਤੇ ਹਿੰਸਕ ਘਟਨਾਵਾਂ ਵਾਪਰਨ ਤੋਂ ਬਾਅਦ ਸ਼ਾਹੀ ਸ਼ਹਿਰ ਅੰਦਰ ਕਰਫਿਊ ਲਗਾ ਦਿੱਤਾ ਗਿਆ ਸੀ। ਕਰਫਿਊ ਲੱਗਣ ਦੇ ਬਾਵਜੂਦ ਸ਼ਰਧਾਲੂਆਂ ਵਿਚ ਕਾਫੀ ਸ਼ਰਧਾ ਦੇਖੀ ਗਈ ਅਤੇ ਸ਼ਰਧਾਲੂ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਪੁੱਜੇ। ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਅਤੇ ਸਰਹੰਦ ਰੋਡ ਗੇਟ ‘ਤੇ ਵੀ ਪੁਲਿਸ ਫੋਰਸ ਤਾਇਨਾਤ ਰਹੀ। ਸਵੇਰੇ ਸ਼ਰਧਾਲੂਆਂ ਦੇ ਵਾਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਸਟੈਂਡ ਵੱਲ ਜਾਣ ਨਹੀਂ ਦਿੱਤਾ ਗਿਆ। ਵਾਹਨਾਂ ‘ਤੇ ਆਏ ਸ਼ਰਧਾਲੂਆਂ ਨੂੰ ਪੁਲਿਸ ਨੇ ਵਾਪਸ ਮੋੜ ਦਿੱਤਾ। ਇਸ ਤੋਂ ਇਲਾਵਾ ਪੈਦਲ ਆ ਰਹੇ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਜਾਣ ਦਿੱਤਾ ਗਿਆ। ਕਈ ਸ਼ਰਧਾਲੂ ਜਿਨ੍ਹਾਂ ਦੇ ਵਾਹਨ ਸਟੈਂਡ ਅੰਦਰ ਖੜ੍ਹੇ ਸਨ। ਉਨ੍ਹਾਂ ਨੂੰ ਅੰਦਰ ਹੀ ਰੁਕਣ ਲਈ ਕਿਹਾ ਗਿਆ ਅਤੇ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ।
ਸ਼ਰਧਾਲੂਆਂ ਨੇ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਘਰ ਵਿਚ ਮੱਥਾ ਟੇਕ ਕੇ ਆਪਣੀ ਹਾਜ਼ਰੀ ਲਗਵਾਈ। ਅੱਜ ਦਿਨ ਭਰ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਸ਼ਰਧਾਲੂ ਮੱਥਾ ਟੇਕਣ ਤੋਂ ਬਾਅਦ ਬੈਠ ਕੇ ਹਾਜ਼ਰੀ ਭਰਦੇ ਵੀ ਦੇਖੇ ਗਏ। ਪੰਚਮੀ ਦੇ ਸ਼ੁਭ ਦਿਹਾੜੇ ਮੌਕੇ ਕੀਰਤਨੀ ਜਥਿਆਂ ਵੱਲੋਂ ਗੁਰੂ ਸਾਹਿਬ ਦੇ ਨਾਮ ਦਾ ਸਿਮਰਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਗਿਆ। ਪੰਚਮੀ ਦੇ ਸ਼ੁਭ ਦਿਹਾੜੇ ਮੌਕੇ ਅੱਜ ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਬੰਦ ਰਹੀਆਂ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਂਦੀ ਮਾਰਕੀਟ, ਗੁਰੂ ਤੇਗ ਬਹਾਦਰ ਮਾਰਕੀਟ ਦੀਆਂ ਦੁਕਾਨਾਂ ਵੀ ਮੁਕੰਮਲ ਤੌਰ ‘ਤੇ ਬੰਦ ਦੇਖੀਆਂ ਗਈਆਂ। ਅੱਜ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਇਸ਼ਨਾਨ ਕਰਨ ਤੋਂ ਬਾਅਦ ਜਲਦੀ ਮੱਥਾ ਟੇਕ ਕੇ ਆਪਣੇ ਘਰਾਂ ਨੂੰ ਰਵਾਨਾ ਹੁੰਦੇ ਦੇਖੇ ਗਏ। ਮੱਥਾ ਟੇਕਣ ਆਏ ਸ਼ਰਧਾਲੂਆਂ ਦੇ ਦਿਲਾਂ ਵਿਚ ਕਾਫੀ ਸਹਿਮ ਵੀ ਦੇਖਿਆ ਗਿਆ।

