ਪਟਿਆਲਾ

ਔਰਤਾਂ ਨਾਲ ਘਰਾਂ ‘ਚ ਹੋਣ ਵਾਲੀ ਹਿੰਸਾ ਸਮਾਜਿਕ ਬੁਰਾਈ ਬਣ ਚੁੱਕੀ ਹੈ: ਡਿਪਟੀ ਕਮਿਸ਼ਨਰ

ਪਟਿਆਲਾ, 19 ਦਸੰਬਰ (ਮਧੂਸਾਰ ਬਿਊਰੋ) ਔਰਤਾਂ ਨਾਲ ਘਰਾਂ ‘ਚ ਹੋਣ ਵਾਲੀ ਹਿੰਸਾ ਅੱਜ ਇੱਕ ਸਿਰਫ਼ ਮੁੱਦਾ ਨਹੀਂ ਰਹਿ ਗਿਆ ਹੈ ਹੁਣ ਇਹ ਇੱਕ ਵੱਡੀ ਸਮਾਜਿਕ ਬੁਰਾਈ ਬਣ ਚੁੱਕੀ ਹੈ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਮਿੰਨੀ ਸਕੱਤਰੇਤ ਵਿਖੇ ਆਯੋਜਿਤ ਕੀਤੇ ਗਏ ਸੈਮੀਨਾਰ ਵਿਖੇ ਇਹ ਵਿਚਾਰ ਰੱਖਦਿਆਂ ਦੱਸਿਆ ਕਿ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ ਸਰਕਾਰ ਕਾਫੀ ਕੁਝ ਕਰ ਰਹੀ ਹੈ। ਪਰ ਇਸ ਦਿਸ਼ਾ ਵਿੱਚ ਖੁਦ ਔਰਤਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਲਾਭ ਔਰਤਾਂ ਨੂੰ ਮਿਲ ਸਕੇ।

ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਦੇਸ਼ ਭਰ ਵਿੱਚ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ 69 ਵਨ ਸਟਾਪ ਸੈਂਟਰ ਖੋਲ੍ਹੇ ਗਏ ਹਨ ਇਹਨਾਂ ਵਿੱਚ ਪਟਿਆਲਾ ਵੀ ਸ਼ਾਮਿਲ ਹੈ। ਉਹਨਾਂ ਦੱਸਿਆ ਕਿ ਔਰਤਾਂ ਨੂੰ ਇੱਕੋ ਛੱਤ ਹੇਠਾਂ ਸਰਕਾਰ ਦੇ ਸਾਰੇ ਵਿਭਾਗਾਂ ਦੀ ਮੱਦਦ ਮਿਲਦੀ ਹੈ ਜਿਸ ਵਿੱਚ ਕਾਨੂੰਨੀ, ਸਿਹਤ ਅਤੇ ਆਰਥਿਕ ਮਦਦ ਵੀ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਘਰਾਂ ਵਿੱਚ ਚੱਲ ਰਹੇ ਇਸ ਵਿਵਹਾਰਿਕ ਮੁੱਦੇ ਨਾਲ ਨਿਜੱਠਣ ਲਈ ਕੀ ਕੀਤਾ ਜਾ ਸਕਦਾ ਹੈ ਅਤੇ ਕੀ ਹੋਣਾ ਚਾਹੀਦਾ ਹੈ ਇਸ ਬਾਰੇ ਵਿਚਾਰ ਚਰਚਾ ਕਰਨ ਲਈ ਅੱਜ ਅਸੀਂ ਇਕੱਤਰ ਹੋਏ ਹਾਂ ਉਹਨਾਂ ਕਿਹਾ ਕਿ ਘਰੇਲੂ ਹਿੰਸਾ ਨਾਲ ਕਿਵੇਂ ਲੜਿਆਂ ਜਾਵੇ ਇਸ ਬਾਰੇ ਹਰ ਲੜਕੀ ਅਤੇ ਔਰਤ ਨੂੰ ਜਾਣੂ ਹੋਣਾ ਜ਼ਰੂਰੀ ਹੈ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜਿਨ੍ਹਾਂ ਸਮਾਜਾਂ ਵਿੱਚ ਔਰਤਾਂ ਦੀ ਪ੍ਰਧਾਨਗੀ ਵਿੱਚ ਪਰਿਵਾਰ ਚੱਲਦੇ ਹਨ ਉÎੱਥੇ ਹਿੰਸਾ ਘੱਟ ਹੁੰਦੀ ਹੈ ਭਾਵੇਂ ਕਿ ਉਹ ਨਾਗਾਲੈਂਡ ਵਰਗੇ ਕਬਲਿਆਂ ਵਾਲੇ ਸਮਾਜ ਹੋਣ ਉਹਨਾਂ ਦੱਸਿਆ ਕਿ ਰਾਜਸਥਾਨ ਮੱਧ ਪ੍ਰਦੇਸ਼, ਉÎੱਤਰ ਪ੍ਰਦੇਸ਼ ਆਦਿ ਰਾਜਾਂ ਵਿੱਚ ਜਿੱਥੇ ਕੀਤੇ ਸਿੱਖਿਆ ਦੀ ਕਮੀ ਹੈ ਉਥੇ ਘਰੇਲੂ ਹਿੰਸਾ ਵੱਧ ਹੋ ਰਹੀ ਹੈ ਇਸ ਲਈ ਲੜਕੀਆਂ ਨੂੰ ਵਧੀਆ ਸਿੱਖਿਆ ਦੇਣੀ ਜ਼ਰੂਰੀ ਹੈ।
ਲੜਕੀਆਂ ਦੇ ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਸਕੂਲਾਂ ਦੀਆਂ ਅਧਿਆਪਕਾਵਾਂ ਨੂੰ ਘਰੇਲੂ ਹਿੰਸਾ ਬਾਰੇ ਜਾਣੂ ਕਰਵਾਉਣ ਲਈ ਕਰਵਾਏ ਗਏ ਇਸ ਸੈਮੀਨਾਰ ‘ਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਭਵਿੱਖ ਦੀਆਂ ਮਾਵਾਂ ਨੂੰ ਘਰੇਲੂ ਹਿੰਸਾ ਤੋਂ ਨਜਿੱਠਣ ਦੇ ਉਪਾਅ ਦੱਸਣੇ ਜ਼ਰੂਰੀ ਹਨ ਉਹਨਾਂ ਇਕ ਉਦਾਹਰਣ ਦਿੰਦਿਆਂ ਦੱਸਿਆ ਕਿ ਔਰਤ ਨੇ ਘਰ ਵੀ ਸੰਭਾਲਣਾ ਹੁੰਦਾ ਹੈ ਅਤੇ ਮਰਦ ਦੇ ਅਹੰਕਾਰ ਨੂੰ ਵੀ ਸੰਭਾਲਣਾ ਹੁੰਦਾ ਹੈ ਸਮੱਸਿਆ ਘਰ ਸੰਭਾਲਣ ਵਿੱਚ ਬਿਲਕੁਲ ਨਹੀਂ ਆਉਂਦੀ ਝਗੜਾ ਉੱਥੇ ਸ਼ਰੂ ਹੁੰਦਾ ਹੈ ਜਿੱਥੇ ਮਰਦ ਦੇ ਅਹੰਕਾਰ ਦੀ ਗੱਲ ਆਉਂਦੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਅੱਜ ਸਕੂਲਾਂ ਦੀਆਂ ਲੈਕਚਰਾਰਾਂ ਨੂੰ ਘਰੇਲੂ ਹਿੰਸਾ ਦੇ ਵੱਖ-ਵੱਖ ਪੱਖ ਦੱਸ ਰਹੇ ਹਾਂ ਤਾਂ ਜੋ ਉਹ ਆਪਣੇ ਸਕੂਲਾਂ ‘ਚ ਜਾ ਕੇ ਇਹ ਸੰਦੇਸ਼ ਹੋਰਨਾਂ ਲੜਕੀਆਂ ਨੂੰ ਦੇ ਸਕਣ ਉਹਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਵੱਖ-ਵੱਖ ਸਮੇਂ ‘ਤੇ ਇਸ ਤਰ੍ਹਾਂ ਦੇ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਕਾਨੂੰਨ ਵੀ ਬਣਾਏ ਗਏ ਹਨ ਲੋੜ ਸਿਰਫ਼ ਇਹਨਾਂ ਨੂੰ ਸਮੇਂ ਸਿਰ ਵਰਤਣ ਦੀ ਹੈ।
ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਰੇਖਾ, ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਸਾਇਨਾ ਕਪੂਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਕੰਵਲ ਕੁਮਾਰੀ, ਰਾਜਿੰਦਰਾ ਹਸਪਤਾਲ ਤੋਂ ਬਾਲ ਰੋਗ ਮਾਹਿਰ ਡਾ. ਹਰਸਿੰਦਰ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਤਰਿਖਾ ਸੰਧੂ ਅਤੇ ਐਡਵੋਕੇਟ ਰਾਜਨ ਵਰਮਾ ਨੇ ਆਪਣੇ ਵਿਚਾਰ ਰੱਖੇ ਜਦ ਕਿ ਸਰਕਾਰੀ ਕਾਲਜ ਲੜਕੀਆਂ, ਮਾਤਾ ਸਾਹਿਬ ਕੌਰ ਕਾਲਜ ਅਤੇ ਫਿਜੀਕਲ ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਆਪਣੇ ਸਵਾਲ ਪੁੱਛੇ।

Leave a Reply

Your email address will not be published. Required fields are marked *