ਸੀਨੀਅਰ ਡਿਪਟੀ ਮੇਅਰ ਦੀ ਪੇਸ਼ਕਸ਼ ਨਾਲ ਹੋ ਸਕਦੀ ਜੌਨੀ ਕੋਹਲੀ ਦੀ ਘਰ ਵਾਪਸੀ!
ਪਟਿਆਲਾ (ਮਧੂਸਾਰ ਬਿਊਰੋ) ਸ਼ਹਿਰ ਦੇ ਵਾਰਡ ਨੰ: 37 ‘ਚੋਂ ਅਕਾਲੀ ਆਗੂ ਜੌਨੀ ਕੋਹਲੀ ਦੀ ਪਤਨੀ ਉਮੀਦਵਾਰ ਰੁਪਿੰਦਰ ਕੌਰ ਨੂੰ ‘ਜਿੱਤ’ ਮਿਲੀ ਹੈ, ਜਿਸ ਦੀ ਖੁਸ਼ੀ ਅਕਾਲੀ ਦਲ ਨੂੰ ਕਾਂਗਰਸ ਨੂੰ ਮਿਲੀਆਂ 59 ਸੀਟਾਂ ਵਾਂਗ ਹੋ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਅਕਾਲੀ ਦਲ ਨੂੰ ਇਹ ਸੀਟ ਪਰੋਸ ਕੇ ਦਿੱਤੀ ਹੈ, ਜਿਸ ਨਾਲ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏ ਗਏ ਹਨ, ਜਿਸ ਦਾ ਅੰਦਾਜ਼ਾ ਅਕਾਲੀ ਦਲ ਨੂੰ ਸ਼ਾਇਦ ਨਾ ਹੋਵੇ।
ਦੱਸਣਯੋਗ ਹੈ ਕਿ ਜੌਨੀ ਕੋਹਲੀ ਕਾਂਗਰਸ ‘ਚ ਲੰਮਾ ਸਮਾਂ ਰਹੇ ਹਨ, ਜੋ ਪ੍ਰਨੀਤ ਕੌਰ ਦੇ ਚਹੇਤੇ ਆਗੂਆਂ ‘ਚ ਵੀ ਸਨ, ਪਰ ਸ਼ਰਮਿਆਂ ਦੀ ਸਿਆਸਤ ਨੇ ‘ਜ਼ੌਨੀ’ ਕੋਹਲੀ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ, ਜੋ ਅੱਜ ਅਕਾਲੀ ਦਲ ਦਾ ਬਣ ਗਿਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਅਕਾਲੀ ਦਲ ਦੇ ਹਿੱਸੇ ਆਈ ਸੀਟ ਹਾਸਲ ਕਰਨ ਅਤੇ ਜੌਨੀ ਕੋਹਲੀ ਨੂੰ ਕਾਂਗਰਸ ‘ਚ ਲਿਆਉਣਾ ਚਾਹੁੰਦੀ ਹੈ, ਜੇ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਦੀ ਜਿੱਤ ਅੰਕੜਾ 60 ਹੋ ਜਾਵੇਗਾ।
ਸਿਆਸਤ ਦੀ ਸਮਝ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਜ਼ੋਨੀ ਕੋਹਲੀ ਨੂੰ ਕਾਂਗਰਸ ਵੱਲੋਂ ਸੀਨੀਅਰ ਡਿਪਟੀ ਮੇਅਰ ਦੀ ਪੇਸ਼ਕਸ਼ ਹੁੰਦੀ ਹੈ ਤਾਂ ਉਸ ਦੀ ਕਿਸੇ ਵੇਲੇ ਵੀ ਘਰ ਵਾਪਸੀ ਹੋ ਸਕਦੀ ਹੈ, ਜੇ ਪ੍ਰਨੀਤ ਕੌਰ ਨੇ ਅਜਿਹੀ ਪਹਿਲਕਦਮੀ ਕੀਤੀ ਤਾਂ ਅਕਾਲੀ ਦਲ ਦੇ ਪੱਲੇ ਨਮੋਸ਼ੀ ਪਵੇਗੀ ਕਿਉਂਕਿ ਸਿਆਸਤ ‘ਚ ਕੁਝ ਵੀ ਅਸੰਭਵ ਨਹੀਂ।
ਜ਼ੋਨੀ ਕੋਹਲੀ ਦੀ ਘਰ ਵਾਪਸੀ ਨੂੰ ਲੈ ਕੇ ਕਾਂਗਰਸ ਦੀ ਦਿਲਚਸਪੀ ਹੋ ਸਕਦੀ ਹੈ, ਪਰ ਗੈਰ ਸਿੱਖਧਾਰੀਆਂ ਵੱਲੋਂ ਜ਼ੋਨੀ ਨੂੰ ਸਹਿਣ ਦੀ ਸ਼ਕਤੀ ਨਹੀਂ ਹੈ। ਜ਼ੋਨੀ ਕੋਹਲੀ ਦੇ ਕਾਂਗਰਸ ‘ਚ ਵੱਧਦੇ ਗਰਾਫ ਨੂੰ ਵੇਖਕੇ ਹੀ ਉਨ੍ਹਾਂ ਨੇ ਅਜਿਹੇ ਪੈਂਤੜੇ ਵਰਤੇ, ਜਿਸ ਨਾਲ ਜ਼ੋਨੀ ਕੋਹਲੀ ਦੀ ਸ਼ਾਹੀ ਪਰਿਵਾਰ ਤੋਂ ਦੂਰੀ ਬਣ ਗਈ।

