ਕਾਂਗਰਸੀਆਂ ਦਾ ਆਪਸੀ ਕਾਟੋ ਕਲੇਸ਼ : ‘ਮੇਅਰਸ਼ਿਪ’ ਨੂੰ ਲੈ ਕੇ ਕਾਂਗਰਸ ‘ਚ ਘਮਸਾਨ
‘ਪੰਡਤ’ ਕਾਂਗਰਸੀ ਉਮੀਦਵਾਰਾਂ ਤੋਂ ਪਾਸਾ ਵੱਟਕੇ ‘ਮੇਅਰ’ ਲਈ ਨਵੇਂ ਚਿਹਰੇ ਦੀ ਭਾਲ ‘ਚ ਲੱਗੀ ਕਾਂਗਰਸ
ਸਿੱਖ ਚਿਹਰੇ ਵਜੋਂ ‘ਯੌਗੀ’ ਅਤੇ ‘ਨਿੱਪੀ’ ਦੋਵਾਂ ਨੂੰ ਸੀਨੀ. ਡਿਪਟੀ ਮੇਅਰ ਦੀ ਪੇਸ਼ਕਸ਼
ਅੱਧੀ ਦਰਜਨ ਤੋਂ ਵੱਧ ਕਾਂਗਰਸੀਆਂ ‘ਚ ਮੇਅਰ ਬਣਨ ਦੀ ਇੱਛਾ ਜੱਗ-ਜ਼ਾਹਰ
ਸ਼ਾਹੀ ਪਰਿਵਾਰ ‘ਤੇ ‘ਪੰਡਤਾਂ’ ਦੀ ਰਾਜਨੀਤੀ ਪੈਂਦੀ ਰਹੀ ਭਾਰੂ
ਕਾਂਗਰਸੀਆਂ ਦੀ ਆਪਸੀ ਧੜੇਬੰਦੀ ਅੱਗੇ ਕਾਂਗਰਸ ‘ਹਾਰੀ’
ਪਟਿਆਲਾ (ਮਧੂਸਾਰ ਬਿਊਰੋ) ਕਾਂਗਰਸ ਵੱਲੋਂ ਨਿਗਮ ਚੋਣਾਂ ਲੁੱਟ ਲੈਣ ਮਗਰੋਂ ਮੇਅਰ ਅਤੇ ਡਿਪਟੀ ਮੇਅਰ ਦੇ ਚਿਹਰੇ ਲਈ ਅੰਦਰੂਨੀ ਤੌਰ ‘ਤੇ ਕਵਾਇਦ ਸ਼ੁਰੂ ਹੋ ਚੁੱਕੀ ਹੈ। ਮੇਅਰ ਦਾ ਅਹੁਦਾ ਹਾਸਲ ਕਰਨ ਵਾਲਿਆਂ ਨੇ ਵੀ ਸ਼ਾਹੀ ਪਰਿਵਾਰ ਤੱਕ ਪਹੁੰਚ ਬਣਾਈ ਹੋਈ ਹੈ, ਪਰ ਕਾਂਗਰਸ ਲਈ ਮੇਅਰ ਬਣਾਏ ਜਾਣ ਨੂੰ ਲੈ ਕੇ ਤਿੱਖੀ ਧਾਰ ‘ਤੇ ਚੱਲਣ ਵਰਗੀ ਸਥਿਤੀ ਬਣੀ ਹੈ।
ਭਾਵੇਂ ਕਾਂਗਰਸ ਨੇ ਨਿਗਮ ਚੋਣਾਂ ‘ਚ ਲੋਕਤੰਤਰ ਨੂੰ ਠੁੱਡ ਮਾਰਕੇ ਅਕਾਲੀ ਦਲ ਨੂੰ ਪਟਕਣੀ ਦਿੱਤੀ ਅਤੇ ‘ਜਿੱਤ’ ਦਾ ਪਰਚੰਮ ਲਹਿਰਾ ਦਿੱਤਾ, ਪਰ ਮੇਅਰ ਅਹੁਦੇ ‘ਤੇ ਕਿਸੇ ਇਕ ਕਾਂਗਰਸੀ ਉਮੀਦਵਾਰ ਚਿਹਰੇ ਨੂੰ ਬਿਠਾਉਣ ਲਈ ਕਾਂਗਰਸੀਆਂ ‘ਚ ਉਭਰੀ ਹੋਈ ਧੜੇਬੰਦੀ ਅੱਗੇ ਕਾਗਰਸ ਹਾਰੀ ਹੋਈ ਨਜ਼ਰ ਆ ਰਹੀ ਹੈ।
ਕਾਂਗਰਸ ਦੇ ਅੰਦੂਰਨੀ ਕਲੇਸ਼ ਕਾਰਨ ਮਹਾਰਾਣੀ ਪ੍ਰਨੀਤ ਕੌਰ ਦੇ ਮੱਥੇ ‘ਤੇ ਤਿਉੜੀਆਂ ਪੈਣੀਆਂ ਸੁਭਾਵਕ ਹਨ। ਸ਼ਾਹੀ ਪਰਿਵਾਰ ‘ਤੇ ‘ਪੰਡਤਾਂ’ ਦੀ ਰਾਜਨੀਤੀ ਭਾਰੂ ਪੈਂਦੀ ਰਹੀ ਹੈ ਅਤੇ ਨਿਗਮ ਚੋਣਾਂ ‘ਚ ਅੱਧੀ ਦਰਜਨ ਤੋਂ ਵੱਧ ਚੋਣ ਪਿੜ ‘ਚ ਡਟੇ ‘ਪੰਡਤ’ ਕਾਂਗਰਸੀ ਉਮੀਦਵਾਰ ਮੇਅਰ ਅਹੁਦਾ ਹਾਸਲ ਕਰਨ ਲਈ ਦਾਅਵੇਦਾਰੀ ਜਿਤਾ ਰਹੇ ਹਨ, ਜੋ ਪ੍ਰਨੀਤ ਕੌਰ ਦੇ ਨੇੜੇ ਹੋਣ ਅਤੇ ਆਪਣੀ ਗੱਲ ਪੁਗਾਉਣ ਦਾ ਦਾਅਵਾ ਵੀ ਕਰਦੇ ਹਨ। ‘ਪੰਡਤ’ ਕਾਂਗਰਸੀ ਉਮੀਦਵਾਰਾਂ ਦੇ ਆਪਸੀ ਕਾਟੋ ਕਲੇਸ਼ ਨੂੰ ਵੇਖਦੇ ਹੋਏ ਇਸ ਵਾਰ ਕਾਂਗਰਸ ‘ਪੰਡਤਾਂ’ ਦੀ ਰਾਜਨੀਤੀ ਤੋਂ ਪਾਸਾ ਵੱਟਦੀ ਹੋਈ ਨਵੇਂ ਚਿਹਰੇ ਨੂੰ ‘ਮੇਅਰ’ ਬਣਾਉਣ ਵੱਲ ਧਿਆਨ ਕੇਂਦਰਿਤ ਕਰ ਰਹੀ ਹੈ।
ਸੂਤਰਾਂ ਮੁਤਾਬਕ ਸੀਨੀਅਰ ਕਾਂਗਰਸੀ ਆਗੂ ਕੇ.ਕੇ. ਸ਼ਰਮਾ ਧੜਾ ਮੇਅਰ ਅਹੁਦੇ ਲਈ ਆਪਣੇ ਪੰਸੀਦਾ ਆਗੂ ਨੂੰ ਮੇਅਰ ਪਦ ਦੇ ਅਹੁਦੇ ‘ਤੇ ਲਿਆਉਣ ਲਈ ਤਰਲੋਮੱਛੀ ਹਨ, ਜਦਕਿ ਸੰਜੀਵ ਸ਼ਰਮਾ ਬਿੱਟੂ ਖੁਦ ਮੇਅਰ ਬਣਨ ਲਈ ਕਸ਼ਮਕਸ਼ ਕਰ ਰਹੇ ਹਨ। ਕਾਂਗਰਸ ਵੱਲੋਂ ਲਗਾਤਾਰ ‘ਗੈਰ ਸਿੱਖ’ ਚਿਹਰੇ ਨੂੰ ਮੇਅਰ ਬਣਾਇਆ ਜਾਣਾ ਵੀ ਸਿਰਦਰਦੀ ਬਣਿਆ ਹੋਇਆ ਹੈ, ਕਿਉਂਕਿ ਪ੍ਰਨੀਤ ਕੌਰ ਦੇ ਨਜ਼ਦੀਕੀ ਦੱਸੇ ਜਾਂਦੇ ਯੌਗਿੰਦਰ ਸਿੰਘ ਯੌਗੀ ਵੀ ਮੇਅਰ ਬਣਨ ਲਈ ਪਰ ਤੋਲ ਰਹੇ ਹਨ, ਕਿਉਂਕਿ ਸ਼ਹਿਰ ‘ਚ ਸਿੱਖ ਭਾਈਚਾਰੇ ਦੇ ਲੋਕਾਂ ਦੀ ਮੰਗ ਹੈ ਕਿ ‘ਸਿੱਖ ਚਿਹਰੇ’ ਨੂੰ ਮੇਅਰ ਹੋਣਾ ਚਾਹੀਦਾ ਹੈ, ਜਦਕਿ ਕਾਂਗਰਸੀ ਹਰਵਿੰਦਰ ਸਿੰਘ ਨਿੱਪੀ ਵੀ ਮੇਅਰ ਦੀ ਦੌੜ ‘ਚ ਆ ਚੁੱਕੇ ਹਨ, ਜੋ ‘ਸਿੱਖ ਚਿਹਰਾ’ ਹਨ।
ਮੇਅਰ ਦੀ ਦੌੜ ‘ਚ ਕਾਂਗਰਸੀ ਉਮੀਦਵਾਰ ਟਕਸਾਲੀ ਕਾਂਗਰਸੀ ਕ੍ਰਿਸ਼ਨ ਕੁਮਾਰ ਬੁੱਧੂ, ਵਿਜੈ ਕੁਮਾਰ ਕੂਕਾ ਅਤੇ ਮਹਿਲਾਵਾਂ ‘ਚ ਜਸਪਾਲ ਕੌਰ ਅਤੇ ਸੋਨੀਆ ਕਪੂਰ ਵੱਲੋਂ ਅੰਦਰ ਖਾਤੇ ਮੇਅਰ ਪਦ ਲਈ ਸ਼ਾਹੀ ਪਰਿਵਾਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਕਾਂਗਰਸੀ ਸੂਤਰਾਂ ਮੁਤਾਬਕ ਸਿੱਖ ਭਾਈਚਾਰੇ ਦਾ ਖਿਆਲ ਰੱਖਦੇ ਹੋਏ ਕਾਂਗਰਸ ਵੱਲੋਂ ਯੌਗਿੰਦਰ ਸਿੰਘ ਯੌਗੀ ਨੂੰ ਸੀਨੀਅਰ ਡਿਪਟੀ ਮੇਅਰ ਦੀ ਪੇਸ਼ਕਸ਼ ਹੋ ਚੁੱਕੀ ਹੈ, ਪਰ ਬਹੁਤ ਕਾਂਗਰਸੀ ਉਮੀਦਵਾਰ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਹਾਸਲ ਕਰਨ ਲਈ ਵੀ ਟੇਕ ਲਾਈ ਬੈਠੇ ਹਨ।
ਕਾਂਗਰਸ ਨੇ ਭਾਵੇਂ ਨਗਰ ਨਿਗਮ ਚੋਣਾਂ ਦੀ ਜੰਗ ਜਿੱਤ ਲਈ ਹੋਵੇ, ਪਰ ਮੇਅਰ ਅਹੁਦੇ ਨੂੰ ਲੈ ਕੇ ਕਾਂਗਰਸੀਆਂ ‘ਚ ਚੱਲ ਰਿਹਾ ਘਮਸਾਨ ਕਾਂਗਰਸ ਲਈ ਚੁਣੌਤੀ ਬਣ ਚੁੱਕਿਆ ਹੈ। ਇਹ ਪਹਿਲੀ ਵਾਰ ਹੈ ਕਿ ਕਾਂਗਰਸ ‘ਮੇਅਰ’ ਕੌਣ ਹੋਵੇ ਨੂੰ ਲੈ ਕੇ ਉਲਝੀ ਪਈ ਹੋਵੇ, ਜੇ ਸ਼ਹਿਰ ਦੇ ਲੋਕਾਂ ਦੀ ‘ਕਸੌਟੀ’ ਵਾਲਾ ਮੇਅਰ ਨਹੀਂ ਬਣਦਾ ਤਾਂ ਭਵਿੱਖ ‘ਚ ਕਾਂਗਰਸ ਨੂੰ ‘ਚੁਣੌਤੀਆਂ’ ਅਤੇ ਅੰਦਰੂਨੀ ‘ਬਗਾਵਤ’ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

