ਪੰਜਾਬੀ ‘ਵਰਸਿਟੀ ਸਿੰਡੀਕੇਟ ਦੀ ਬੈਠਕ : ਖੋਜ ਵਿਭਾਗਾਂ ਅਤੇ ਚੇਅਰਾਂ ਨੂੰ ਆਪਣੀ ਮੌਜੂਦਗੀ ਨੂੰ ਸਾਬਤ ਕਰਨ ਲਈ ਦਿੱਤੀ ਚਿਤਾਵਨੀ
ਪਟਿਆਲਾ, 21 ਦਸੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਅੱਜ ਇੱਥੇ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਖੇ ਸਾਰੀਆਂ ਚੇਅਰਾਂ ਅਤੇ ਖੋਜ ਵਿਭਾਗਾਂ ਦੇ ਮੁਖੀਆਂ ਦੀ ਇਕ ਜ਼ਰੂਰੀ ਮੀਟਿੰਗ ਬੁਲਾਈ ਜਿਸ ਦਾ ਉਦੇਸ਼ ਇਨ੍ਹਾਂ ਵਿਭਾਗਾਂ ਦੀ ਤਰੱਕੀ ਦੀ ਸਮੀਖਿਆ, ਭਵਿੱਖ ਦੀਆਂ ਯੋਜਨਾਵਾਂ ਅਤੇ ਉਨ੍ਹਾਂ ਦੀ ਮੌਜੂਦਗੀ ਦਾ ਜਾਇਜ਼ਾ ਲੈਣਾ ਸੀ।
ਇਕੱਤਰਤਾ ਵਾਈਸ-ਚਾਂਸਲਰ ਵਲੋਂ ਪਿਛਲੇ ਹਫਤੇ ਕੁੱਝ ਖੋਜ ਵਿਭਾਗਾਂ ਅਤੇ ਚੇਅਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਕੀਤੇ ਗਏ ਦੌਰੇ ਦੇ ਨਤੀਜੇ ਵਜੋਂ ਹੋਈ। ਇਨ੍ਹਾਂ ਵਿਭਾਗਾਂ ਦੀ ਕਾਰਗੁਜ਼ਾਰੀ ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਡਾ. ਘੁੰਮਣ ਨੇ ਸੰਕੇਤ ਦਿੱਤਾ ਸੀ ਕਿ ਇਨ੍ਹਾਂ ਵਿਭਾਗਾਂ ਨੂੰ ਉਨ੍ਹਾਂ ਨਾਲ ਸਬੰਧਤ ਅਧਿਆਪਨ ਵਿਭਾਗਾਂ ਵਿੱਚ ਮਿਲਾ ਦਿੱਤਾ ਜਾਵੇਗਾ ਤਾਂ ਜੋ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ।
ਇਸ ਇਕੱਤਰਤਾ ਦੌਰਾਨ ਖੋਜ ਵਿਭਾਗਾਂ ਦੇ ਸਾਰੇ ਅਧਿਆਪਕ ਸਬੰਧਤ ਵਿਭਾਗਾਂ ਵਿਚ ਇਸ ਸ਼ਰਤ ਤੇ ਕਲਾਸਾਂ ਲਾਉਣ ਲਈ ਸਹਿਮਤ ਹੋ ਗਏ ਕਿ ਉਨ੍ਹਾਂ ਨੂੰ ਇਨ੍ਹਾਂ ਵਿਭਾਗਾਂ ਦੇ ਅਧਿਆਪਕਾਂ ਵਲੋਂ ਬਰਾਬਰ ਦਾ ਮਾਣ-ਸਨਮਾਨ, ਰੁਤਬਾ ਅਤੇ ਸੁਚੱਜਾ ਵਿਹਾਰ ਕੀਤਾ ਜਾਵੇਗਾ। ਉਨ੍ਹਾਂ ਦੇ ਇਸ ਫੈਸਲੇ ਨੂੰ ਵਾਈਸ-ਚਾਂਸਲਰ ਵਲੋਂ ਪ੍ਰਵਾਨ ਕਰ ਲਿਆ ਗਿਆ ਕਿਉਂਕਿ ਇਹ ਫੈਸਲਾ ਯੂਨੀਵਰਸਿਟੀ ਦੀਆਂ ਸਮੁੱਚੀ ਸਿੱਖਿਆ ਪ੍ਰਣਾਲੀ ਦੀ ਗਤੀਸ਼ੀਲਤਾ ਵਿਚ ਸੁਧਾਰ ਲਿਆਉਣ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਵੇਗਾ। ਇਸ ਮੌਕੇ ਤੇ ਵਾਈਸ-ਚਾਂਸਲਰ ਡਾ. ਘੁੰਮਣ ਨੇ ਸਾਰੀਆਂ ਚੇਅਰਾਂ ਲਈ ਇਕ ਸਾਂਝੀ ਇਮਾਰਤ ਜਾਂ ਸਾਂਝਾ ਸਥਾਨ ਬਣਾਉਣ ਦਾ ਵੀ ਸੁਝਾਅ ਦਿੱਤਾ ਤਾਂ ਜੋ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਸਾਂਝੇ ਤੌਰ ਤੇ ਸਾਰੇ ਸਰੋਤਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਆਪਣੀ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਕੁੱਝ ਚੇਅਰਾਂ ਨੂੰ ਮਹਾਨਤਾ ਵਾਲੇ ਕਾਰਜਸਥਾਨਾਂ ਵਜੋਂ ਪ੍ਰਤਿਸ਼ਠਾ ਨਹੀਂ ਮਿਲ ਰਹੀ ਕਿਉਂਕਿ ਇਹ ਕਿਸੇ ਨਾ ਕਿਸੇ ਰੂਪ ਵਿੱਚ ਪਵਿੱਤਰਤਾ ਅਤੇ ਅਟੁੱਟ ਵਿਸ਼ਵਾਸ ਵਾਲੀ ਭਾਵਨਾ ਨਾਲ ਜੁੜੀਆਂ ਹੋਈਆਂ ਹਨ। ਡਾ. ਘੁੰਮਣ ਨੇ ਅੱਗੇ ਕਿਹਾ ਕਿ ਸਾਨੂੰ ਆਪਣੇ ਸੁਹਿਰਦ ਯਤਨਾਂ ਨਾਲ ਜਲਦੀ ਤੋਂ ਜਲਦੀ ਇਨ੍ਹਾਂ ਚੇਅਰਾਂ ਦੀ ਸ਼ਾਨ ਅਤੇ ਮਹਿਮਾ ਵਾਪਸ ਲਿਆਂਦੀ ਜਾ ਸਕੇ।
ਡਾ. ਘੁੰਮਣ ਨੇ ਵਿਚਾਰ-ਚਰਚਾ ਸ਼ੁਰੂ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਾਰੇ ਅਧਿਆਪਨ ਵਿਭਾਗ ਇੱਕ ਸਹੀ ਅਤੇ ਚੰਗੀ ਤਰ੍ਹਾਂ ਪਰਿਭਾਸ਼ਿਤ ਸਮਾਂ ਸਾਰਣੀ ਆਧਾਰਿਤ ਸਿੱਖਿਆ ਪ੍ਰਣਾਲੀ ਦੀ ਪਾਲਣਾ ਕਰਦੇ ਹਨ, ਖੋਜ ਵਿਭਾਗਾਂ ਨੂੰ ਵੀ ਆਪਣੇ ਕੰਮਾਂ ਨੂੰ ਖਤਮ ਕਰਨ ਲਈ ਇੱਕ ਨਿਰਧਾਰਤ ਅਤੇ ਸਮਾਂ-ਬੱਧ ਢਾਂਚਾ ਅਪਨਾਉਣ ਦੀ ਲੋੜ ਹੈ। ਉਨ੍ਹਾਂ ਨੇ ਵੱਖ-ਵੱਖ ਸੈਮੀਨਾਰਾਂ ਅਤੇ ਸੰਮੇਲਨ ਦੀਆਂ ਕਾਰਵਾਈਆਂ ਦੇ ਪ੍ਰਕਾਸ਼ਨ ਅਤੇ ਖੋਜ ਪੱਤਰਾਂ ਦੇ ਪਰਿਪੇਖ ਵਿੱਚ ਗੁਣਵੱਤਾ ਭਰਪੂਰ ਖੋਜ ਕਾਰਜਾਂ ਤੇ ਵੱਧ ਤੋਂ ਵੱਧ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ਵ ਪੱਧਰੀ ਪ੍ਰਕਾਸ਼ਨਾਵਾਂ ਲਈ ਵਰਤੇ ਜਾਂਦੇ ਤਕਨੀਕੀ ਸਾਧਨਾਂ ਨੂੰ ਅਪਨਾਉਣ ਦੀ ਵਕਾਲਤ ਕੀਤੀ ਜੋ ਖੋਜ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਪਾਉਣਗੇ।
ਡਾ. ਘੁੰਮਣ ਨੇ ‘ਲਾਗਤ-ਮਾਲੀਆ’ ਸੰਤੁਲਨ ਦੀ ਧਾਰਨਾ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਕੁੱਝ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਸਟੋਰਾਂ ਵਿੱਚ ਰੁੱਲ ਰਹੀਆਂ ਹਨ ਜਿਸ ਨਾਲ ਉੱਚ ਸਿੱਖਿਆ ਦੀ ਸੰਸਥਾ ਦੇ ਪੱਧਰ ਦਾ ਮਜ਼ਾਕ ਉਡਦਾ ਹੈ। ਉਨ੍ਹਾਂ ਸਥਾਈ ਕਮੇਟੀਆਂ, ਖਾਸ ਤੌਰ ‘ਤੇ ਪੰਜਾਬੀ ਭਾਸ਼ਾ ਵਿਭਾਗ ਦੇ ਵਿਦਵਾਨਾਂ ਦੀ ਪਛਾਣ ਕਰਨ ਲਈ ਇੱਕ ਖਾਕਾ ਤਿਆਰ ਕਰਨ ਦੀ ਸਿਫਾਰਸ਼ ਕੀਤੀ ਜਿਨ੍ਹਾਂ ਨੂੰ ਖੋਜ ਪ੍ਰੋਜੈਕਟ ਅਲਾਟ ਕੀਤੇ ਗਏ ਹਨ। ਉਨ੍ਹਾਂ ਨੇ ਖੋਜ ਪ੍ਰੋਜੈਕਟਾਂ ਦੀ ਇੱਕ ਉਚਿਤ ਸਮੀਖਿਆ ਕਰਨ ਦਾ ਵੀ ਪ੍ਰਸਤਾਵ ਕੀਤਾ, ਜੋ ਇਸ ਸਮੇਂ ਯੂਨੀਵਰਸਿਟੀ ਦੇ ਖੋਜ ਫੈਲੋਆਂ ਦੁਆਰਾ ਕੀਤੇ ਜਾ ਰਹੇ ਹਨ, ਇਸ ਤੋਂ ਪਹਿਲਾਂ ਕਿ ਉਨ੍ਹਾਂ ਵਿਚੋਂ ਕੁਝ ਨੂੰ ਐਕਸਟੈਂਸ਼ਨ ਦਿੱਤੀ ਜਾਵੇ ਜਾਂ ਸਮੇਂ ਦੀਆਂ ਹੱਦਾਂ ਨੂੰ ਪੂਰਾ ਦੇ ‘ਸਪਸ਼ਟ ਨਿਰਦੇਸ਼ ਦਿੱਤੇ ਜਾਣ ਕਿਉਂਕਿ ਅਜਿਹੇ ਮਾਮਲਿਆਂ ਵਿੱਚ ‘ਗੈਰ-ਉਤਪਾਦਕ ਬਜਟ’ ਦੇ ਰੂਪ ਵਿੱਚ ਵੱਡੀ ਮਾਤਰਾ ਵਿੱਚ ਪੈਸੇ ਸ਼ਾਮਲ ਹਨ। ਵੱਖ-ਵੱਖ ਖੋਜ ਵਿਭਾਗ ਅਤੇ ਚੇਅਰਾਂ ਦੇ ਮੁਖੀਆਂ ਨੂੰ ਵੀ ਸਟਾਫ ਦਾ ਕਾਰਗੁਜ਼ਾਰੀ ਪੱਧਰ ਦੀ ਜਵਾਬਦੇਹੀ ਕਰਨ ਲਈ ਕਿਹਾ ਗਿਆ ਹੈ।
ਮੀਟਿੰਗ ਦੇ ਆਖੀਰ ਵਿੱਚ ਡਾ. ਘੁੰਮਣ ਨੇ ਸਾਰੇ ਮੁਖੀਆਂ ਨੂੰ ਅੱਜ ਲਏ ਗਏ ਫੈਸਲਿਆਂ ਸਬੰਧੀ ਕਾਰਵਾਈ ਸਬੰਧੀ ਰਿਪੋਰਟ ਤਿਆਰ ਕਰਨ ਲਈ ਕਿਹਾ।

