ਪੰਜਾਬਪਟਿਆਲਾ

ਗੌਰਮਿੰਟ ਏਡਿਡ ਫਰੰਟ ਵੱਲੋਂ ਅਧਿਆਪਕ ਦੀ ਮੁਅੱਤਲ ਰੱਦ ਕਰਨ ਨੂੰ ਲੈ ਕੇ ਸੰਘਰਸ਼ ਦੀ ਚਿਤਾਵਨੀ

ਹਰਭਗਵਾਨ ਸਕੂਲ ਸਮਾਣਾ ਦੀ ਕਮੇਟੀ ‘ਤੇ ਨਿਯਮਾਂ ਨੂੰ ਛਿੱਕੇ ਟੰਗਣ ਦਾ ਦੋਸ਼
ਪਟਿਆਲਾ 1 ਜਨਵਰੀ (ਮਧੂਸਾਰ ਬਿਊਰੋ) ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਵੱਲੋਂ ਹਰਭਗਵਾਨ ਸਕੂਲ ਸਮਾਣਾ ਦੀ ਕਮੇਟੀ ਵੱਲੋਂ ਨਿਯਮਾਂ ਨੂੰ ਛਿੱਕੇ ਟੰਗਕੇ ਅਧਿਆਪਕ ਨੂੰ ਮੁਅੱਤਲ ਕਰਨ ਦੀ ਨਿਖੇਧੀ ਕੀਤੀ ਹੈ। ਫਰੰਟ ਦੇ ਆਗੂਆਂ ਕਮੇਟੀ ਨੂੰ ਚਿਤਾਵਾਨੀ ਦਿੰਦਿਆਂ ਕਿਹਾ ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਨੇ ਪ੍ਰਬੰਧਕ ਕਮੇਟੀ ਹਰਭਗਵਾਨ ਮਿਡਲ ਸਕੂਲ ਸਮਾਣਾ ਖਿਲਾਫ਼ ਬਣਦੀ ਕਾਰਵਾਈ ਨਾ ਕੀਤੀ ਅਤੇ ਅਮਨਦੀਪ ਸਿੰਘ ਨੂੰ ਬਹਾਲ ਨਾ ਕੀਤਾ ਤਾਂ ਜਥੇਬੰਦੀ ਅੰਦੋਲਨ ਛੇੜਨ ਤੋਂ ਪਿੱਛੇ ਨਹੀਂ ਹਟੇਗੀ।

ਫਰੰਟ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ ਨੇ ਕਿਹਾ ਕਿ ”ਹਰਭਗਵਾਨ ਮਿਡਲ ਸਕੂਲ ਸਮਾਣਾ ਜੋ ਕਿ ਪੱਕੀ ਸਰਕਾਰੀ ਮਾਨਤਾ ਅਤੇ ਸਹਾਇਤਾ ਪ੍ਰਾਪਤ ਸਕੂਲ ਹੈ, ਦੀ ਪ੍ਰਬੰਧਕ ਕਮੇਟੀ ਪਿਛਲੀ ਸਰਕਾਰ ਸਮੇਂ ਇਲਾਕੇ ਦੇ ਮੰਤਰੀ ਦੀ ਰਾਜਨੀਤਿਕ ਸਰਪ੍ਰਸਤੀ ਕਾਰਨ ਮਹਿਕਮੇ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਕਮੇਟੀ ਗਠਿਤ ਕਰ ਦਿੱਤੀ ਸੀਠ ਜਿਸ ਦੀ ਸੁਣਵਾਈ ਅੱਜ ਵੀ ਅਦਾਲਤਾਂ ‘ਚ ਵਿਚਾਰ ਅਧੀਨ ਹੈ, ਇਸ ਕਮੇਟੀ ਵੱਲੋਂ ਸਕੂਲ ਦੀ ਜਾਇਦਾਦ ਅਤੇ ਸਕੂਲ ਬਚਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀਲ ਅਧਿਆਪਕ ਅਮਨਦੀਪ ਸਿੰਘ ਨੂੰ ਮੁਅੱਤਲ ਕਰਕੇ ਕੋਝੀ ਅਤੇ ਨਾ ਸਹਿਣਯੋਗ ਕਾਰਵਾਈ ਕੀਤੀ ਹੈ, ਜਿਸ ਦੇ ਕਾਰਨ ਸਮੂਚੇ ਪੰਜਾਬ ‘ਚ ਮੁਲਾਜ਼ਮ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ।”
ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ ਅਤੇ ਪ੍ਰੈੱਸ ਸਕੱਤਰ ਗੁਰਦੀਸ਼ ਸਿੰਘ, ਸੰਗਠਨ ਸਕੱਤਰ ਨੇਤ ਸਿੰਘ ਧਾਲੀਵਾਲ, ਉਪ ਪ੍ਰਧਾਨ ਹਰਦੇਵ ਸਿੰਘ ਫੱਟੇਚੱਕ, ਪ੍ਰਿੰਸੀਪਲ ਅੰਜੂ ਕੌੜਾ, ਪ੍ਰਿੰਸੀਪਲ ਕੇ.ਕੇ. ਸ਼ਰਮਾ ਅਤੇ ਬਲਵਿੰਦਰ ਸਿੰਘ ਰੋਪੜ ਆਦਿ ਨੇ ਸਾਂਝੇ ਬਿਆਨ ‘ਚ ਕਿਹਾ ਕਿ ਅਧਿਆਪਕ ਅਮਨਦੀਪ ਸਿੰਘ ਨੂੰ ਬਗੈਰ ਕਿਸੇ ਠੋਸ ਇਲਜ਼ਾਮ ਤੋਂ ਡਿਊਟੀ ਤੋਂ ਮੁਅੱਤਲ ਕੀਤਾ ਗਿਆ ਹੈ, ਜਿਸ ਝੂਠੇ ਇਲਜ਼ਾਮ ਦਾ ਆਧਾਰ ਬਣਾਕੇ ਕਮੇਟੀ ਨੇ ਅਮਨਦੀਪ ਸਿੰਘ ਨੂੰ ਮੁਅੱਤਲ ਕੀਤਾ ਸੀ ਉਸ ਕੇਸ ਬਾਰੇ ਸਮਾਣੇ ਦੇ ਪੁਲਿਸ ਵਿਭਾਗ ਨੇ ਅਮਨਦੀਪ ਸਿੰਘ ਨੂੰ ਬਾ-ਇਜ਼ਤ ਬਰੀ ਕਰ ਦਿੱਤਾ ਸੀ, ਪਰ ਫਿਰ ਵੀ ਕਮੇਟੀ ਦੇ ਕੰਨਾਂ ਤੇ ਜੂੰ ਨਹੀਂ ਸਰਕੀ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਬਕਾਇਦਾ ਕਮੇਟੀ ਦੇ ਕਾਰਸਪਾਡੇਂਟ ਮੋਹਨ ਗੋਗੀਆ ਨਾਲ ਗੱਲਬਾਤ ਕੀਤੀ ਸੀ ਪ੍ਰੰਤੂ ਉਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ। ਅਸਲ ‘ਚ ਕਮੇਟੀ ਪਿਛਲੀ ਸਰਕਾਰ ਦੀ ਰਾਜਸੀ ਆੜ ਹੇਠ ਇਸ ਸਕੂਲ ਨੂੰ ਬੰਦ ਕਰਵਾਕੇ ਕਰੋੜਾਂ ਦੀ ਜਾਇਦਾਦ ਨੂੰ ਹੜੱਪਣਾ ਚਾਹੁੰਦੀ ਹੈ। ਹੁਣ ਕਮੇਟੀ, ਸਕੂਲ ਮੁਲਾਜ਼ਮਾਂ ਨੂੰ ਬੱਚਿਆਂ ਤੋਂ ਜਬਰਨ ਫੀਸ ਵਸੂਲਣ ਲਈ ਵੀ ਬਾਰ-ਬਾਰ ਦਬਾਅ ਪਾ ਰਹੀ ਸੀ। ਅਮਨਦੀਪ ਸਿੰਘ ਨੂੰ ਅਜੇ ਤੱਕ ਪ੍ਰਬੰਧਕ ਕਮੇਟੀ ਨੇ ਬਣਦਾ ਮੁਅਤੱਲੀ ਭੱਤਾ ਵੀ ਨਹੀਂ ਦਿੱਤਾ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਹਰਭਗਵਾਨ ਮਿਡਲ ਸਕੂਲ ਸਮਾਣਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਅਮਨਦੀਪ ਸਿੰਘ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ ਫਰੰਟ ਦਾ ਵਫ਼ਦ ਜਲਦ ਮਹਾਰਾਣੀ ਪ੍ਰਨੀਤ ਕੌਰ ਐੱਮ. ਐੱਲ. ਏ. ਰਾਜਿੰਦਰ ਸਿੰਘ ਅਤੇ ਲਾਲ ਸਿੰਘ ਨੂੰ ਮਿਲਕੇ ਸਾਰੇ ਘਟਨਾਕ੍ਰਮ ਬਾਰੇ ਜਾਣੂੰ ਕਰਵਾਏਗਾ।

Leave a Reply

Your email address will not be published. Required fields are marked *