ਪਟਿਆਲਾ

ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਪੰਜਾਬੀ ਯੂਨੀਵਰਸਿਟੀ ਕੈਲੰਡਰ ਜਾਰੀ

ਪਟਿਆਲਾ 1 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਅੱਜ ਇਥੇ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਯੂਨੀਵਰਸਿਟੀ ਦੇ ਵਾਲ ਕੈਲੰਡਰ ਨੂੰ ਜਾਰੀ ਕਰਨ ਦੀ ਰਸਮ ਅਦਾ ਕੀਤੀ।
1962 ਵਿਚ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਅਜਿਹਾ ਇਹ ਪਹਿਲੀ ਵਾਰ ਹੋਇਆ ਹੈ ਕਿ ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਵਾਲ ਕੈਲੰਡਰ ਤਿਆਰ ਕਰ ਲਿਆ ਗਿਆ ਹੋਵੇ ਨਹੀਂ ਤਾਂ ਹਰ ਸਾਲ ਕੈਲੰਡਰ ਦੀ ਛਪਾਈ ਵਿੱਚ ਇੱਕ ਜਾਂ ਦੋ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਸੀ।

ਡਾ. ਘੁੰਮਣ ਨੇ ਇਹ ਕੈਲੰਡਰ ਮੁਖੀ, ਡਾ. ਸਰਬਜਿੰਦਰ ਸਿੰਘ ਦੀ ਅਗਵਾਈ ਵਾਲੀ ਪਬਲੀਕੇਸ਼ਨ ਬਿਊਰੋ ਟੀਮ ਨੂੰ ਸਮਰਪਿਤ ਕੀਤਾ ਜਿਨ੍ਹਾਂ ਨੇ ਯੂਨੀਵਰਸਿਟੀ ਤੇ ਬਿਨਾਂ ਕੋਈ ਵਿਤੀ ਬੋਝ ਪਾਇਆਂ ਇਸ ਕੈਲੰਡਰ ਨੂੰ ਛਪਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਨਾਲ ਪਬਲੀਕੇਸ਼ਨ ਬਿਊਰੋ ਵਲੋਂ ਹਰ ਸਾਲ ਮਾਰਕੀਟ ਤੋਂ ਕੈਲੰਡਰ ਦੀ ਛਪਾਈ ਤੇ ਕੀਤੇ ਜਾਂਦੇ ਬਹੁਤ ਸਾਰੇ ਖਰਚੇ ਦੀ ਬੱਚਤ ਹੋਈ। ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ. ਬੱਤਰਾ ਅਤੇ ਰਜਿਸਟਰਾਰ, ਡਾ. ਮਨਜੀਤ ਸਿੰਘ ਨਿੱਜਰ ਨੇ ਇਸ ਘਟਨਾ ਨੂੰ ਇਕ ਨਤੀਜਾ-ਮੁਖੀ ਟੀਮ ਦਾ ਕੰਮ ਦੱਸਿਆ ਜਿਸ ਨੇ ਮਹੱਤਵਪੂਰਣ ਤਾਰੀਖਾਂ, ਦਿਨ ਅਤੇ ਛੁੱਟੀਆਂ ਦੀ ਸਮਾਂ-ਸਾਰਣੀ ਵਾਲੇ ਇਸ ਕੈਲੰਡਰ ਰਾਹੀਂ ਇਕ ਨਵੇਂ ਸੱਭਿਆਚਾਰ ਦੀ ਸ਼ੁਰੂਆਤ ਕੀਤੀ ਹੈ। ਬਾਅਦ ਵਿਚ ਡਾ. ਘੁੰਮਣ ਨੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਹੋਏ ਇੱਕ ਸਮਾਰੋਹ ਵਿੱਚ ਨਵੇਂ ਸਾਲ ਦੇ ਤੋਹਫ਼ੇ ਵਜੋਂ ਇਹ ਕੈਲੰਡਰ ਭੇਂਟ ਕੀਤਾ।
ਇਸ ਮੌਕੇ ਤੇ ਡੀਨ ਰਿਸਰਚ ਡਾ. ਜਸਪਾਲ ਕੌਰ; ਡੀਨ ਵਿਦਿਆਰਥੀ ਭਲਾਈ, ਡਾ. ਤਾਰਾ ਸਿੰਘ; ਐਡੀਸ਼ਨਲ ਡੀਨ ਵਿਦਿਆਰਥੀ ਡਾ. ਅੰਮ੍ਰਿਤਪਾਲ ਕੌਰ; ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ; ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ ਅਤੇ ਡਾਇਰੈਕਟਰ ਪਲਾਨਿੰਗ ਐਂਡ ਮੋਨੀਟਰਿੰਗ ਡਾ ਬੀ.ਐਸ. ਟਿਵਾਣਾ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

Leave a Reply

Your email address will not be published. Required fields are marked *