ਵਾਲਮੀਕਿ ਸਮਾਜ ਦੀ ਦਸਵੀਂ ਦੀ ਟਾਪਰ ਬੱਚੀ ਨੂੰ ਸਕੂਲ ਵਿਚ ਜ਼ਲੀਲ ਕੀਤੇ ਜਾਣ ਦਾ ਮਾਮਲਾ ਭਖਿਆ
ਸ਼ਿਕਾਇਤ ਕਰਨ ‘ਤੇ ਪਰਿਵਾਰ ਦਾ ਪਾਣੀ ਤੱਕ ਕੀਤਾ ਬੰਦ, ਭਰਾ ਦਾ ਨਾਮ ਵੀ ਸਕੂਲੋਂ ਕੱਟਿਆ
ਪਰਿਵਾਰ ਨੂੰ ਜੇ ਨਾ ਮਿਲਿਆ ਇਨਸਾਫ ਤਾਂ ਕਰਾਂਗੇ ਸੰਘਰਸ਼ : ਡਾ. ਜਤਿੰਦਰ ਸਿੰਘ ਮੱਟੂ
ਪਟਿਆਲਾ 3 ਜਨਵਰੀ (ਮਧੂਸਾਰ ਬਿਊਰੋ) ਦਸਵੀਂ ਜਮਾਤ ਵਿਚੋਂ 81 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕਰਨ ਵਾਲੀ ਪਿੰਡ ਰਾਮਪੁਰ ਸਾਹੀਵਾਲ ਦੀ ਵਾਲਮੀਕਿ ਸਮਾਜ ਦੀ 17 ਸਾਲਾ ਵੀਰਪਾਲ ਕੌਰ ਨੂੰ ਉਸਦੇ ਆਪਣੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਵਿਚ ਜ਼ਲੀਲ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ।
ਵੀਰਪਾਲ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਨੂੰ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਦੱਸਿਆ। ਪੀੜਿਤ ਪਰਿਵਾਰ ਨੇ ਐਸ.ਸੀ ਕਮਿਸ਼ਨ ਪੰਜਾਬ ਕੋਲ ਇਨਸਾਫ ਲਈ ਗੁਹਾਰ ਲਗਾਈ ਹੈ। ਜਿਸ ਤਹਿਤ ਜਾਂਚ ਪੜਤਾਲ ਲਈ ਕਮਿਸ਼ਨ ਨੇ ਪਟਿਆਲਾ ਦੇ ਡੀ.ਐਸ.ਪੀ ਟਰੈਫਿਕ ਜਸਕੀਰਤ ਸਿੰਘ ਕੋਲ ਫਾਈਲ ਭੇਜੀ ਹੈ। ਅੱਜ ਪੀੜਿਤ ਲੜਕੀ ਦੇ ਬਿਆਨ ਦਰਜ ਕਰਵਾਉਣ ਅਤੇ ਉਸ ਪਰਿਵਾਰ ਨਾਲ ਹੋਈ ਧੱਕੇਸ਼ਾਹੀ ਖਿਲਾਫ ਡਾ. ਜਤਿੰਦਰ ਸਿੰਘ ਮੱਟੂ ਨੇ ਡੀ.ਐਸ.ਪੀ ਟਰੈਫਿਕ ਪਟਿਆਲਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨਾਂ ਨਾਲ ਆਦਿ ਧਰਮ ਸਮਾਜ (ਆਧਸ) ਭਾਰਤ, ਦੇ ਰਾਸ਼ਟਰੀ ਮਹਾਂਮੰਤਰੀ ਵੀਰ ਲਵਲੀ ਅਛੂਤ ਅਤੇ ਸਮਾਜ ਸੇਵੀ ਸੁਰਿੰਦਰ ਸਿੰਘ ਵੀ ਹਾਜਰ ਸਨ। ਪੀੜਿਤ ਲੜਕੀ ਨੇ ਦੱਸਿਆ ਕਿ ਮਾਰਚ 2017 ਵਿਚ ਦਸਵੀਂ ਜਮਾਤ ਦੇ ਇਮਤਿਹਾਨਾਂ ਵਿਚ ਸਕੂਲ ਦੇ ਕਲਰਕ ਜਸਵੀਰ ਸਿੰਘ ਨੇ ਵੀਰਪਾਲ ਕੌਰ ਨੂੰ ਆਪਣੇ ਰਿਸ਼ਤੇਦਾਰ ਲੜਕਿਆਂ ਨੂੰ ਨਕਲ ਕਰਵਾਉਣ ਲਈ ਕਿਹਾ ਸੀ ਅਤੇ ਵੀਰਪਾਲ ਕੌਰ ਨੇ ਉਨਾਂ ਨੂੰ ਨਕਲ ਨਹੀਂ ਕਰਵਾਈ। ਜਿਸ ਕਾਰਣ ਕਲਰਕ ਦਾ ਰਿਸ਼ਤੇਦਾਰ ਲੜਕਾ ਇਮਤਿਹਾਨਾਂ ਵਿਚੋਂ ਫੇਲ ਹੋ ਗਿਆ। ਉਸਦੇ ਨਾਲ ਕਈ ਹੋਰ ਲੜਕੇ ਵਿਚ ਵੱਖ ਵੱਖ ਵਿਸ਼ਿਆਂ ਵਿਚ ਫੇਲ ਹੋ ਗਏ। ਇਸੇ ਗੱਲ ਦੀ ਰੰਜਿਸ਼ ਕੱਢਣ ਲਈ ਸਕੂਲ ਦੇ ਕਲਰਕ ਨੇ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਭਾਟੀਆ ਨਾਲ ਮਿਲ ਕੇ ਵੀਰਪਾਲ ਨੂੰ ਬਦਨਾਮ ਕਰਨ ਲਈ ਸਾਜਿਸ਼ਾਂ ਸ਼ੁਰੂ ਕਰ ਦਿੱਤੀਆਂ। ਸਕੂਲ ਕਲਰਕ ਨੇ ਫੇਲ ਹੋਏ ਵਿਦਿਆਰਥੀਆਂ ਨਾਲ ਮਿਲ ਕੇ ਵੀਰਪਾਲ ਨੂੰ ਬਦਨਾਮ ਕਰਨ ਲਈ ਕੁਝ ਵਿਦਿਆਰਥੀਆਂ ਦੇ ਦਸਤਖਤ ਕਰਵਾ ਕੇ ਇਕ ਚਿੱਠੀ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ। ਜਿਸ ਵਿਚ ਲਿਖਿਆ ਸੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਨਕਲ ਮਾਰ ਕੇ 81 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕੀਤੇ ਹਨ।ਵੀਰਪਾਲ ਕੌਰ ਨੇ ਜਦੋਂ 26 ਮਈ 2017 ਨੂੰ ਇਸਦੀ ਸ਼ਿਕਾਇਤ ਸਕੂਲ ਪ੍ਰਿੰਸੀਪਲ ਨੂੰ ਕੀਤੀ ਤਾਂ ਉਸੇ ਦਿਨ ਸਕੂਲ ਵਿਚ ਵੀਰਪਾਲ ਕੌਰ ਅਤੇ ਉਸਦੇ ਪਰਿਵਾਰ ‘ਤੇ ਕਲਰਕ ਨੇ ਪਰਦੀਪ ਸਿੰਘ ਨਾਮਕ ਨੌਜਵਾਨ ਨਾਲ ਮਿਲ ਕੇ ਹਮਲਾ ਕਰਵਾ ਦਿੱਤਾ ਅਤੇ ਵੀਰਪਾਲ ਦਾ ਸਕੂਲ ਵਿਚ ਹੀ ਬੁਰੀ ਤਰਾਂ ਕੁਟਾਪਾ ਕੀਤਾ।ਵੀਰਪਾਲ ਕੌਰ ਨੂੰ ਬੁਰੀ ਤਰਾਂ ਕੁੱਟੇ ਜਾਣ ਦੀ ਵੀਡੀਓ ਵੀ ਇੰਟਰਨੈਟ ‘ਤੇ ਮੌਜੂਦ ਹੈ। ਵੀਰਪਾਲ ਨੇ ਦੱਸਿਆ ਕਿ ਪੁਲਸ ਥਾਣਾ ਭਾਦਸੋਂ ਨੇ ਵੀ ਸਕੂਲ ਦੇ ਪ੍ਰਿੰਸੀਪਲ ਨਾਲ ਮਿਲ ਕੇ ਉਸ ਉੱਪਰ ਸਮਝੇਤਾ ਕਰਨ ਲਈ ਹੀ ਕਿਹਾ। ਹੁਣ 11ਵੀਂ ਜਮਾਤ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਕਿਹਾ ਕਿ ਇੱਥੋਂ ਤੱਕ ਕਿ ਸਕੂਲ ਦੇ ਬਾਕੀ ਅਧਿਆਪਕ ਵੀ ਉਸਨੂੰ ਕਲਾਸ ਵਿਚ ਮੂਹਰਲੇ ਬੈਂਚ ‘ਤੇ ਬੈਠਣ ਤੋਂ ਰੋਕ ਦਿੰਦੇ ਹਨ ਅਤੇ ਉਸਦੀ ਜਾਤੀ ਵਾਲਮੀਕਿ ਪ੍ਰਤੀ ਬਹੁਤ ਮਾੜੇ ਅਪਸ਼ਬਦ ਬੋਲਦੇ ਹਨ। ਵੀਰਪਾਲ ਕੌਰ ਨਾਲ ਰੰਜਿਸ਼ ਕੱਢਣ ਲਈ ਵੀਰਪਾਲ ਕੌਰ ਦਾ 10ਵੀਂ ਜਮਾਤ ਵਿਚ ਉਸੇ ਸਕੂਲ ਵਿਚ ਪੜਦਾ ਭਰਾ ਜਸਵਿੰਦਰ ਸਿੰਘ ਦਾ ਨਾਮ ਵੀ ਸਕੂਲ ਵਿਚੋਂ ਕੱਟ ਦਿੱਤਾ ਗਿਆ। ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਵੀਰਪਾਲ ਕੌਰ ਦੇ ਪਰਿਵਾਰ ਨੇ ਉਨਾਂ ਨੂੰ ਦੱਸਿਆ ਕਿ ਪਿੰਡ ਵਿਚ ਜਿਸ ਘਰ ਤੋਂ ਉਹ ਪਾਣੀ ਭਰ ਕੇ ਲੈ ਆਉਂਦੇ ਸਨ, ਉਨਾਂ ਨੂੰ ਵੀ ਵੀਰਪਾਲ ਦੇ ਪਰਿਵਾਰ ਦਾ ਪਾਣੀ ਬੰਦ ਕਰਵਾ ਦਿੱਤਾ ਗਿਆ। ਕਿਸੇ ਦਾਨੀ ਸੱਜਣ ਨੇ ਉਨਾਂ ਦੇ ਘਰ ਪਾਣੀ ਦਾ ਪ੍ਰਬੰਧ ਕਰਵਾਇਆ।ਦਲਿਤ ਸਮਾਜ ਦੇ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਿੱਖਿਆ ਦੇ ਮੰਦਿਰ ਵਿਚ ਜੇਕਰ ਇਕ ਸਾਜਿਸ਼ ਦੇ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਇਸ ਤੋਂ ਵੱਡਾ ਘਿਨਾਉਣਾ ਜੁਰਮ ਕੋਈ ਨਹੀਂ। ਸਮਾਜ ਨੂੰ ਜਾਤੀ ਵਿਤਕਰੇ ਤੋਂ ਦੂਰ ਕਰਨ ਵਾਲੇ ਅਧਿਆਪਕ ਹੀ ਜੇਕਰ ਜਾਤੀ ਵਿਤਕਰਾ ਕਰਨਗੇ ਤਾਂ ਉਸ ਸਮਾਜ ਦਾ ਕੀ ਹਸ਼ਰ ਹੋਵੇਗਾ। ਡਾ. ਜਤਿੰਦਰ ਸਿੰਘ ਮੱਟੂ ਅਤੇ ਵੀਰ ਲਵਲੀ ਅਛੂਤ ਨੇ ਪੁਲਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਵੀਰਪਾਲ ਕੌਰ ਅਤੇ ਉਸਦੇ ਪਰਿਵਾਰ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ ਇਹ ਬਹੁਤ ਸੰਗੀਨ ਜ਼ੁਰਮ ਹੈ, ਜਲਦ ਤੋਂ ਜਲਦ ਦੋਸ਼ੀ ਪਾਏ ਜਾਣ ਵਾਲੇ ਸਕੂਲੀ ਸਟਾਫ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਪੀੜਿਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਵਾਲਮੀਕਿ ਸਮਾਜ ਇਨਸਾਫ ਲੈਣ ਲਈ ਵੱਡੇ ਪੱਧਰ ‘ਤੇ ਸੰਘਰਸ਼ ਵਿੱਢੇਗਾ।

