ਬਾਲਪ੍ਰੀਤ ਰਸਾਲਾ ਦੇ 18ਵੇਂ ਵਿਸ਼ੇਸ਼ ਅੰਕ ਦੀ ਘੁੰਡ ਚੁਕਾਈ
ਅਗਲੇ ਅੰਕ ਵਿੱਚ ਵਿਸ਼ਾ ਰਹੇਗਾ ‘ ਪੰਛੀ ਸਾਰੇ ਮਿੱਤਰ ਪਿਆਰੇ ‘
ਪਟਿਆਲਾ 19 ਸਤੰਬਰ (ਮਧੂਸਾਰ ਬਿਊਰੋ)
ਮਿੰਨੀ ਸਕੱਤਰੇਤ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਬੱਚਿਆਂ ਦੇ ਪ੍ਰਸਿੱਧ ਪੰਜਾਬੀ ਤ੍ਰੈ-ਮਾਸਿਕ ਬਾਲ ਰਸਾਲੇ ‘ਬਾਲਪ੍ਰੀਤ’ ਦੇ 18ਵੇਂ ਵਿਸ਼ੇਸ਼ ਅੰਕ ਦੀ ਘੁੰਡ ਚੁਕਾਈ ਦੀ ਰਸ਼ਮ ਰਸਾਲੇ ਦੇ ਸੰਪਾਦਕੀ ਬੋਰਡ ਨਾਲ ਅਦਾ ਕੀਤੀ।
ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਕਿਹਾ ਕਿ ਬਾਲ ਰਸਾਲੇ ਬੱਚਿਆਂ ਵਿੱਚ ਮਿਆਰੀ ਸਾਹਿਤ ਪੜ੍ਹਨ ਅਤੇ ਸਿਰਜਣ ਦੀ ਰੁਚੀ ਪੈਦਾ ਕਰਦੇ ਹਨ। ਚੰਗਾ ਬਾਲ ਸਾਹਿਤ ਬੱਚਿਆਂ ਦੀ ਸੁਚੱਜੀ ਅਗਵਾਈ ਕਰਦਾ ਹੋਇਆ ਕੌਮ ਦੇ ਚੰਗੇ ਨਾਗਰਿਕ ਬਣਾਉਂਦਾ ਹੈ। ਉਹਨਾਂ ਨੇ ਇਸ ਵਿਸ਼ੇਸ਼ ਅੰਕ ਵਿੱਚ ਚਿੱਤਰਕਲਾ ਅਤੇ ਕਾਵਿ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਨਾਮ ਵਜੋਂ ਨਗਦ ਰਾਸ਼ੀ ਅਤੇ ਪ੍ਰਮਾਣ ਪੱਤਰ ਪ੍ਰਦਾਨ ਕੀਤੇ। ਉਹਨਾਂ ਦੱਸਿਆ ਕਿ ਬਾਲਪ੍ਰੀਤ ਦਾ ਅਗਲਾ ਵਿਸ਼ੇਸ਼ ਅੰਕ ‘ਪੰਛੀ ਸਾਡੇ ਮਿੱਤਰ ਪਿਆਰੇ’ ਹੋਵੇਗਾ ਜਿਸ ਲਈ ਆਪਣੀਆਂ ਰਚਨਾਵਾਂ ਅਤੇ ਚਿੱਤਰ ਭੇਜਣ ਦੀ ਆਖ਼ਰੀ ਮਿਤੀ 5 ਅਕਤੂਬਰ 2016 ਨਿਰਧਾਰਤ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੋਹਿੰਦਰਪਾਲ ਨੇ ਵੀ ਬਾਲਪ੍ਰੀਤ ਦੇ ਪਾਠਕਾਂ ਪ੍ਰਤੀ ਆਪਣੀਆਂ ਸ਼ੁਭ ਕਾਮਨਾਵਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਸ਼੍ਰੀਮਤੀ ਜੋਤੀ ਸਿੰਘ, ਬਾਲ ਭਲਾਈ ਕੌਂਸਲ ਦੇ ਵਧੀਕ ਸਕੱਤਰ ਸ਼੍ਰੀ ਪ੍ਰਿਤਪਾਲ ਸਿੰਘ ਸਿੱਧੂ, ਡਾ. ਹਰਸ਼ਿੰਦਰ ਕੌਰ, ਬਾਲ ਰਸਾਲੇ ‘ਬਾਲਪ੍ਰੀਤ’ ਦੇ ਆਨਰੇਰੀ ਸੰਪਾਦਕ ਡਾ: ਦਰਸ਼ਨ ਸਿੰਘ ਆਸ਼ਟ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀ ਵੀ ਹਾਜਰ ਸਨ।

